ਰਹੱਸ ਭਰਪੂਰ ਫ਼ਿਲਮ ਹੈ ਸ਼ਾਤਿਰ

ਬੌਲੀਵੁਡ ਵਾਂਗ ਹੁਣ ਪੰਜਾਬੀ ਸਿਨਮਾ ‘ਚ ਵੀ ਰਹੱਸ ਭਰਪੂਰ ਫ਼ਿਲਮਾਂ ਦਾ ਬੋਲਬਾਲਾ ਹੋਣ ਲੱਗਾ ਹੈ। ਪਿਛਲੇ ਸਮਿਆਂ ‘ਚ ਚਰਚਿਤ ਰਹੀਆਂ ਕ੍ਰਿਮੀਨਲ, ਜ਼ਿਲ੍ਹਾ ਸੰਗਰੂਰ ਅਤੇ ਵਾਰਨਿੰਗ ਤੋਂ ਬਾਅਦ ਹੁਣ ਇੱਕ ਹੋਰ ਔਰਤ ਦੀਆਂ ਭਾਵਨਾਵਾਂ ਨਾਲ ਜੁੜੀ ਫ਼ਿਲਮ ਸ਼ਾਤਿਰ ਰਿਲੀਜ਼ ਹੋਈ ਹੈ। ਨਿਰਮਾਤਾ ਨਿਰਦੇਸ਼ਕ ਕੇ. ਐੱਸ. ਮਲਹੋਤਰਾ ਦੀ ਇਸ ਫ਼ਿਲਮ ਦਾ ਵਿਸ਼ਾ ਦਰਸ਼ਕਾਂ ਨੂੰ ਡਰ ਅਤੇ ਖ਼ੌਫ਼ ਭਰੇ ਮਨੋਰੰਜਨ ਨਾਲ ਜੋੜਦਾ ਹੈ। ਇਹ ਫ਼ਿਲਮ ਸਾਡੇ ਆਸ-ਪਾਸ ਵਾਪਰਦੀਆਂ ਖ਼ੌਫ਼ਨਾਕ ਘਟਨਾਵਾਂ ਤੋਂ ਪ੍ਰੇਰਿਤ ਔਰਤ ਦੀਆਂ ਭਾਵਨਾਵਾਂ ਨਾਲ ਜੁੜੀ ਇੱਕ ਰਹੱਸ ਭਰਪੂਰ ਕਹਾਣੀ ਹੈ ਜਿਸ ‘ਚ ਰੋਮੈਂਸ ਅਤੇ ਐਕਸ਼ਨ ਵੀ ਮੌਜੂਦ ਹੈ।
ਫ਼ਿਲਮ ਦੀ ਨਾਇਕਾ ਦਿਵਿਆ ਦੱਤਾ ਹੈ। ਇਸ ਦੀ ਕਹਾਣੀ ਮੁਕਲ ਦੇਵ ਅਤੇ ਦਿਵਿਆ ਦੱਤਾ ਦੇ ਇਰਦ ਗਿਰਦ ਘੁੰਮਦੀ ਹੈ। ਮਾਨਸਿਕ ਰੋਗੀ ਤੋਂ ਇੱਕ ਸੀਰੀਅਲ ਕਿਲਰ ਬਣਿਆ ਰਣਜੀਤ ਜਦ ਜੇਲ੍ਹ ਤੋਂ ਫ਼ਰਾਰ ਹੋ ਜਾਂਦਾ ਹੈ ਤਾਂ ਉਹ ਪੁਲੀਸ ਤੋਂ ਬਚਦਾ ਹੋਇਆ ਆਪਣੀ ਮਾਸੂਮ ਬੱਚੀ ਖ਼ੁਸ਼ੀ ਨਾਲ ਰਹਿ ਰਹੀ ਦਿਵਿਆ ਦੱਤਾ ਦੇ ਘਰ ਪਨਾਹ ਲੈ ਲੈਂਦਾ ਹੈ ਜਿੱਥੋਂ ਫ਼ਿਲਮ ਦੀ ਕਹਾਣੀ ਕਈ ਖ਼ਤਰਨਾਕ ਮੋੜ ਲੈਂਦੀ ਹੈ। ਇਸ ‘ਚ ਦਿਵਿਆ ਦੱਤਾ ਅਤੇ ਮੁਕਲ ਦੇਵ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ।
ਹੋਲੀ ਬੇਸਿਲ ਫ਼ਿਲਮ ਦੇ ਬੈਨਰ ਹੇਠ ਡਾ. ਮਨਬੀਰ ਸਿੰਘ ਦੀ ਪੇਸ਼ਕਸ਼ ਇਸ ਫ਼ਿਲਮ ‘ਚ ਦਿਵਿਆ ਦੱਤਾ, ਮੁਕਲ ਦੇਵ, ਦੇਵ ਸ਼ਰਮਾ, ਸ਼ਮੀਕਸ਼ਾ ਭਟਨਾਗਰ, ਦੀਪ ਰਾਜ ਰਾਣਾ ਅਤੇ ਅਮਨ ਧਾਲੀਵਾਲ ਨੇ ਅਹਿਮ ਕਿਰਦਾਰ ਨਿਭਾਏ ਹਨ। ਨਿਰਦੇਸ਼ਕ ਕੇ. ਐੱਸ. ਮਲਹੋਤਰਾ ਦਾ ਪਿਛੋਕੜ ਬੌਲੀਵੁਡ ਦੇ ਇੱਕ ਸੰਗੀਤਕ ਘਰਾਣੇ ਨਾਲ ਹੈ। ਉਸ ਦੇ ਪਿਤਾ ਹਰੀ ਅਰਜਨ ਆਪਣੇ ਸਮੇਂ ਦੇ ਨਾਮੀਂ ਸੰਗੀਤ ਨਿਰਦੇਸ਼ਕ ਰਹੇ ਹਨ। ਅਨੇਕਾਂ ਧਾਰਮਿਕ ਐਲਬਮਾਂ ਕਰਨ ਦੇ ਇਲਾਵਾ ਉਸ ਨੇ ਪੰਜਾਬੀ ਫ਼ਿਲਮਾਂ ਖ਼ਾਲਸਾ ਮੇਰੋ ਰੂਪ ਹੈ ਖ਼ਾਸ ਅਤੇ ਮਿੱਟੀ ਦਾ ਬਾਵਾ ਦਾ ਵੀ ਨਿਰਮਾਣ ਕੀਤਾ। ਇਹ ਉਸ ਦੀ ਤੀਸਰੀ ਪੰਜਾਬੀ ਫ਼ਿਲਮ ਹੈ। ਫ਼ਿਲਮ ‘ਚ ਸਿਰਫ਼ ਦੋ ਗੀਤ ਹਨ। ਇੱਕ ਗੀਤ ਨਾਮੀਂ ਗਾਇਕ ਮਾਸਟਰ ਸਲੀਮ ਨੇ ਗਾਇਆ ਹੈ, ਅਤੇ ਦੂਸਰਾ ਨੀਰਜ ਸ਼੍ਰੀਧਰ ਅਤੇ ਪ੍ਰੀਆ ਮਲਿਕ ਨੇ ਗਾਇਆ ਹੈ। ਸੰਗੀਤ ਵਿਨੈ ਵਿਨਾਅਕ ਵਲੋਂ ਤਿਆਰ ਕੀਤਾ ਗਿਆ ਹੈ।