ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
9417421700
ਦੇਸੀ ਟਿੰਡਿਆਂ ਦੇ ਦਿਨ ਹਨ। ਜਿੰਨੇ ਦੇਸੀ ਟਿੰਡੇ ਸਾਡੇ ਇਲਾਕੇ ਦੇ ਪਿੰਡਾਂ ‘ਚ ਏਸ ਵਾਰੀ ਹੋਏ ਨੇ, ਐਨੇ ਤਾਂ ਓਦੋਂ ਹੋਇਆ ਕਰਦੇ ਸਨ ਜਦ ਅਸੀਂ ਜਵਾਂ ਈ ਨਿਆਣੇ ਸਾਂ।
ਖੱਖੜੀਆਂ। ਖ਼ਰਬੂਜ਼ੇ। ਮਤੀਰੇ। ਚਿੱਭੜ। ਗ਼ੁਬਾਰੇ ਦੀਆਂ ਫ਼ਲੀਆਂ। ਕੱਦੂ। ਅੱਲਾਂ। ਖੀਰੇ। ਭਿੰਡੀਆਂ, ਤੋਰੀਆਂ ਅਤੇ ਟਮਾਟੇ। ਮੇਰੇ ਪਿੰਡ ਦੇ ਲੋਕਾਂ ਖ਼ੂਬ ਉਗਾਏ। ਆਪ ਵੀ ਖਾਧੇ ਅਤੇ ਲੋਕਾਂ ਨੂੰ ਵੀ ਖੁਵਾਏ। ਵੰਗੇ ਤਾਂ ਹਰ ਵਾਰ ਵਾਂਗ ਸਾਡੇ ਨੇੜੇ ਗੁਰੂ ਹਰਸਹਾਏ ਤੋਂ ਆ ਜਾਂਦੇ ਨੇ। ਫ਼ਰਿੱਜ ‘ਚ ਰੱਖੋ। ਆਥਣੇ ਚੀਰੋ ਠੰਢੇ ਵੰਗੇ।
ਜਦ ਸਾਡੇ ਫ਼ਰਿੱਜ ਨਹੀਂ ਸੀ ਤਾਂ ਤਾਏ ਨੇ ਖੂਹੀ ਚੋਂ ਪਾਣੀ ਦੀ ਠੰਢੀ ਠਾਰ ਬਾਲਟੀ ਕੱਢਣੀ ਅਤੇ ਉਹਦੇ ‘ਚ ਰੱਖ ਦੇਣਾ, ਇਹੋ ਜਿਹਾ ਨਿੱਕ ਸੁੱਕ।
***
ਗਰਮੀ ਦੀਆਂ ਹਰੀਆਂ ਭਰੀਆਂ ਸਬਜ਼ੀਆਂ ਦੀ ਰੁੱਤ ਹੈ, ਪਰ ਸਬਜ਼ੀਆਂ ਉਗਾਉਣ ਵਾਲਿਆਂ ਨੂੰ ਪੁੱਛੋ ਤਾਂ ਉਨ੍ਹਾਂ ਦੇ ਮਨ ਮਸੋਸੇ ਪਏ ਨੇ। ਮੰਡੀ ਭਾਅ ਨਹੀਂ ਦੇਂਦੀ। ਕੌਡੀਆਂ ਦੇ ਭਾਅ ਲੈਂਦੀ ਹੈ ਅਤੇ ਅਗਾਂਹ ਸੋਨੇ ਦੇ ਭਾਅ ਵੇਚਦੀ ਹੈ। ਅਸੀਂ ਉਗਾਈਏ, ਪਾਲੀਏ ਅਤੇ ਸਾਂਭੀਏ। ਭਾਰ ਢੋਈਏ, ਮੰਡੀ ਲਿਆਈਏ ਅਤੇ ਮੂੰਹ ਮੰਗਵਾਂ ਮੁੱਲ ਕਦੀ ਵੀ ਨਾ ਪਾਈਏ! ਕਿੰਨਾ ਕੁ ਚਿਰ ਚਲਦਾ ਰਹੂ ਏਹ ਸਿਲਸਿਲਾ?
***
ਚੇਤੇ ਆਇਆ ਦੇਸੀ ਟਿੰਡਿਆਂ ਤੋਂ। ਅਸੀਂ ਨਿੱਕੇ ਨਿਆਣੇ ਸਾਂ। ੳਨ੍ਹੀਂ ਦਿਨੀ ਖੂਹ ਵਾਲੇ ਖੇਤ ਟਿੱਬੇ ‘ਤੇ ਸਾਡੇ ਇਹ ਸਭ ਕੁਛ ਆਮ ਹੁੰਦਾ ਅਤੇ ਲਿਆ ਲਿਆ ਥੱਕ ਜਾਂਦੇ। ਦੇਸੀ ਟਿੰਡੇ, ਕੂਲੇ ਕੂਲੇ, ਲਵੇ ਲਵੇ, ਅਲੂੰਏ ਅਲੂੰਏ, ਤਾਇਆ ਰਾਮ ਤੋੜਦਾ ਅਤੇ ਆਪਣੇ ਸਾਫ਼ੇ ‘ਚ ਪਾਈ ਜਾਂਦਾ। ਮੈਂ ਕੋਲ ਖਲੋਤਾ ਤਾਏ ਤੋਂ ਟਿੰਡੇ ਤੋੜਨ ਦਾ ਵੱਲ ਮਨੋ ਮਨੀਂ ਹੀ ਸਿੱਖੀ ਜਾਂਦਾ। ਪੱਕੇ ਟਿੰਡੇ ਵੰਨੀਂ ਤਾਇਆ ਝਾਕਦਾ ਈ ਨਾ ਤੇ ਛੱਡ ਛੱਡ ਕੇ ਅਗਾਂਹ ਨੂੰ ਲੰਘੀ ਜਾਂਦਾ।
ਆਥਣੇ ਦਾਦੀ ਚੁੱਲੇ ਉਤੇ ਟਿੰਡੇ ਬਣਾਉਂਦੀ ਦੇਸੀ ਘਿਓ ਪਾਕੇ। ਖ਼ੁਸ਼ਬੂ ਸਾਰੇ ਵਿਹੜੇ ‘ਚ ਫ਼ੈਲਰਦੀ। ਮੂੰਹ ‘ਚ ਪਾਣੀ ਆ ਜਾਣਾ ਤੇ ਆਖਣਾ, ”ਮਾਂ, ਛੇਤੀ ਰੋਟੀ ਪਕਾਓ, ਭੁੱਖ ਲੱਗੀ ਐ।” ਗੁਰਦੁਆਰਿਓਂ ਬਾਬਾ ਜੀ ਨੇ ਰਹਿਰਾਸ ਸਾਹਬ ਦਾ ਪਾਠ ਛੋਹ ਲੈਣਾ: ਸੈਲ ਪਥਰ ਮੇਂ ਜੰਤ ਉਪਾਏ ਤਾ ਕਾ ਰਿਜਕ ਆਗੈ ਕਰ ਧਰਿਆ॥ ਬਾਣੀ ਸੁਣਦਿਆਂ ਅਤੇ ਦਾਦੀ ਦੀਆਂ ਲੱਥੀਆਂ ਪੱਕੀਆਂ ਖਾਂਦਿਆਂ ਜੋ ਆਲੌਕਿਕ ਅਨੰਦ ਮਾਣਿਆ ਹੈ, ਉਹ ਬਿਆਨੋਂ ਬਾਹਰਾ ਹੈ।
***
ਕੱਲ੍ਹ ਸਾਡੇ ਸਿਵਿਆ ਵਾਲੇ ਖੇਤ ਵੱਲ ਗੇੜਾ ਕੱਢਣ ਗਿਆ ਤਾਂ ਬਚਪਨ ਦੀਆਂ ਬਾਤਾਂ ਚੇਤੇ ਆਈਆਂ। ਦੀਵਾਲੀ ਦੀ ਆਥਣ ਵੇਲੇ, ਮੇਰੀ ਦਾਦੀ ਪਿੱਤਲ ਦੇ ਥਾਲ ‘ਚ ਕਈ ਦੀਵੇ ਧਰ ਦਿੰਦੀ ਸੀ। ਬੱਤੀਆਂ ਰੱਖਦੀ ਅਤੇ ਸਰੋਂ ਦੇ ਤੇਲ ਦੀ ਬਾਟੀ ਰਖ ਕੇ ਮੇਰੇ ਤਾਏ ਰਾਮ ਨੂੰ ਆਖਦੀ, ”ਜਾਹ ਵੇ ਰਾਮ, ਪਹਿਲਾਂ ਖੂਹ ਵਾਲੇ ਖੇਤ ਜਾਵੀਂ, ਫ਼ੇਰ ਛੱਪੜ ਕਿਨਾਰੇ ਜਾਵੀਂ ਤੇ ਫ਼ੇਰ ਸਿਵਿਆਂ ‘ਚ ਜਾਕੇ ਤੇ ਫ਼ੇਰ ਬਾਬੇ ਦੀ ਖ਼ਾਨਗਾਹ ਉਤੇ ਦੀਵੇ ਰੱਖਣੇ ਆ, ਵੱਡੇ ਵਡੇਰਿਆਂ ਦੀ ਯਾਦਗਾਰ ਹੁੰਦੀ ਐ ਪੁੱਤ।”
ਮੈਂ ਤਾਏ ਦੇ ਨਾਲ ਈ ਤੁਰ ਪੈਂਦਾ। ਅਸੀਂ ਕੱਚੇ ਰਾਹਾਂ ਉਤੇ ਤੁਰਦੇ ਦੂਰ ਖੇਤ ਤੀਕ ਨਿਕਲ ਜਾਂਦੇ ਤਾਂ ਪਿਛੋਂ ਪਿੰਡੋ ਪਟਾਕੇ ਚੱਲਣ ਦੀ ਆਵਾਜ ਤੇ ਰਹਿਰਾਸ ਪੜ੍ਹਦੇ ਬਾਬੇ ਦੀ ਮਧਮ ਜਿਹੀ ਧੁਨੀ ਸੁਣਦੀ ਰਹਿੰਦੀ। ਪਟਾਕੇ ਚਲਦੇ ਸੁਣ ਮੇਰਾ ਦਿਲ ਵੀ ਪਟਾਕੇ ਚਲਾਉਣ ਨੂੰ ਕਰਦਾ, ਅਤੇ ਮੈਂ ਪਿੱਛੇ ਰਹਿ ਗਏ ਦੀਵਿਆਂ ਭਰੇ ਪਿੰਡ ਨੂੰ ਨਿਹਾਰਦਾ, ਧੌਣ ਮੋੜ ਮੋੜ ਦੇਖਦਾ। ਤਾਇਆ ਆਪਣੀ ਲੈਅ ‘ਚ ਤੁਰਿਆ ਜਾਂਦਾ। ਮੇਰਾ ਦਿਲ ਕਰਦਾ ਕਿ ਮੈਂ ਆਪਣੀ ਅੱਖ ਦੀ ਇੱਕ ਝਪਕਣ ਨਾਲ ਹੀ ਜਗਮਗਾਉਂਦੇ ਸਾਰੇ ਦੇ ਸਾਰੇ ਪਿੰਡ ਦੀ ਫ਼ੋਟੋ ਖਿੱਚ ਲਵਾਂ। ਤਾਇਆ ਸਿਵਿਆਂ ‘ਚ ਜਾ ਕੇ ਉਸ ਥਾਂ ਦਾ ਜਾਇਜ਼ਾ ਲੈਂਦਾ ਜਿਥੇ ਮੇਰਾ ਦਾਦਾ ਫ਼ੂਕਿਆ ਗਿਆ ਸੀ। ਮੈਨੂੰ ਉਹ ਜਗ੍ਹਾ ਦੀ ਸ਼ਨਾਖ਼ਤ ਅੱਜ ਵੀ ਇਸ ਕਰ ਕੇ ਰਹਿ ਗਈ ਹੈ ਕਿਉਂਕਿ ਸਸਕਾਰ ‘ਤੇ ਤਾਂ ਸਾਨੂੰ ਨਿਆਣਿਆਂ ਨੂੰ ਜਾਣ ਈ ਨਹੀਂ ਸੀ ਦਿੱਤਾ ਗਿਆ। ਜਿੱਦਣ ਫੁੱਲ ਚੁਗਣ ਗਏ ਸਾਂ ਤਾਂ ਮੈਂ ਜ਼ਿਦ ਕਰ ਕੇ ਭੂਆ ਉਸ਼ਾ ਦੇ ਨਾਲ ਉਹਦੇ ਕੁਰਤੇ ਦੀ ਕੰਨੀਂ ਫ਼ੜੀ ਚਲਿਆ ਗਿਆ ਸਾਂ।
ਨਾ ਤਾਇਆ ਰਿਹਾ ਹੈ। ਨਾ ਦਾਦੀ ਹੈ। ਨਾ ਪਿਤਾ ਰਿਹਾ ਹੈ। ਭੁੱਲ ਭੁਲਾ ਗਏ ਨੇ ਦੀਵੇ ਰੱਖਣੇ ਰਖਾਉਣੇ। ਮੇਰਾ ਭਰਾ ਸਾਡੇ ਡੂਢ ਵਾਲੇ ਖੇਤ ਜਾਂਦਾ ਹੈ ਦੀਵਾ ਰੱਖਣ ਅਤੇ ਹੁਣ ਉਹ ਵੀ ਘੇਸਲ ਮਾਰ ਗਿਆ। ਮਾਂ ਗੁਰਦਵਾਰੇ ਅਤੇ ਖ਼ਾਨਗਾਹ ‘ਤੇ ਦੀਵੇ ਜਗਾ ਆਈ। ਅੱਜ ਜਦ ਮੇਰਾ ਭਤੀਜਾ ਮਨੀਸ਼ ਖੇਤਾਂ ਵੱਲ ਦੀਵੇ ਰੱਖਣ ਤੁਰਿਆ ਤਾਂ ਮੇਰਾ ਬਾਲਪਨ ਵੀ ਜਾਗ ਪਿਆ। ਮੈਂ ਵੀ ਲਿਫ਼ਾਫ਼ੇ ‘ਚ ਦੀਵੇ ਪਾਏ ਤੇ ਉਹਦੇ ਨਾਲ ਸਕੂਟਰੀ ‘ਤੇ ਬੈਠ ਗਿਆ। ਆਪਣੇ ਖੇਤ ਦੀਵਾ ਜਗਾਉਂਦਿਆਂ ਮੈਨੂੰ ਸ਼ਹੀਦ ਹੋਏ ਦੇਸ਼ ਦੇ ਕਿਸਾਨਾਂ ਦੀ ਯਾਦ ਆਉਣੀ ਸੁਭਾਵਿਕ ਸੀ ਕਿਉਂਕਿ ਹਰ ਸਾਲ ਖੇਤ ਦੀਵਾ ਜਗਾਉਣ ਵਾਲੇ ਮੇਰੇ ਤਾਇਆ ਅਤੇ ਪਿਓ ਵੀ ਕਿਸਾਨ ਸਨ ਤੇ ਖੇਤਾਂ ਨਾਲ ਘੁਲਦੇ ਰਹੇ ਸਨ ਸਾਰੀ ਉਮਰ। ਸੋਚਦਾ ਜਾ ਰਿਹਾਂ ਕੱਚੇ ਪਹੇ ‘ਤੇ ਤੁਰਦਾ। ਸਿਵਿਆਂ ‘ਚੋਂ ਭੌਕੇ ਕੁੱਤੇ ਨੇ ਧਿਆਨ ਖੁੰਡਾ ਦਿੱਤਾ। ਪਹੀ ਤੋਂ ਪਿਛਾਂਹ ਮੁੜ ਗਏ ਆਪਣੇ ਆਪ ਪੈਰ!















