ਤੁਹਾਨੂੰ ਬਾਬਾ ਜੀ ਯਾਦ ਕਰਦੇ ਨੇ ਹੰਸਾਲੀ ਵਾਲੇ। ਮੈਨੂੰ ਇਕ ਸੁਰੱਖਿਆ ਗਾਰਡ ਨੇ ਆ ਕੇ ਕਿਹਾ। ਇਹ ਸੁਰੱਖਿਆ ਗਾਰਡ ਆਪਣੀ ਬੇਟੀ ਦੇ ਦਾਖਲੇ ਦੇ ਸਿਲਸਿਲੇ ਵਿਚ ਆਇਆ ਸੀ। ਉਹ ਕੁਝ ਮਾਫ਼ੀ ਚਾਹੁੰਦਾ ਸੀ ਪਰ ਮੈਂ ਉਸਨੂੰ ਸਮਝਾਇਆ ਕਿ ਮੈਂ ਯੂਨੀਵਰਸਿਟੀ ਦੇ ਕਾਨੂੰਨ ਬਦਲ ਨਹੀਂ ਸਕਦਾ ਅਤੇ ਫ਼ੀਸ ਮਾਫ਼ ਕਰਨਾ ਮੇਰੇ ਹੱਥ ਵਿਚ ਨਹੀਂ। ਨਾ ਹੀ ਕੇਂਦਰੀ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਨੂੰ ਫ਼ੀਸ ਦੇਣ ਵਾਲੀ ਗਰਾਂਟ ਆਈ ਹੈ।
ਹਾਂ, ਹੰਸਾਲੀ ਵਾਲੇ ਸੰਤਾਂ ਵੱਲੋਂ ਦਿੱਤੀ ਮਾਇਆ ਵਿਚੋਂ ਤੁਹਾਡੀ ਬੇਟੀ ਦੀ ਅੱਧੀ ਫ਼ੀਸ ਮਾਫ਼ ਕਰ ਦੇਵਾਂਗੇ। ਪਰ ਇਕ ਵਾਰ ਤੁਹਾਨੂੰ ਪੂਰੀ ਫ਼ੀਸ ਭਰਨੀ ਪਵੇਗੀ। ਮੈਂ ਉਸਨੂੰ ਸਮਝਾਉਂਦਾ ਹਾਂ।
ਮੇਰੀ ਗੱਲ ਸੁਣ ਕੇ ਉਹ ਹੰਸਾਲੀ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਹੋਰਾਂ ਕੋਲ ਪਹੁੰਚ ਕਰਦਾ ਹੈ ਅਤੇ ਬਾਬਾ ਪਰਮਜੀਤ ਸਿੰਘ ਦਾ ਸੁਨੇਹਾ ਲੈ ਕੇ ਮੇਰੇ ਕੋਲ ਆਉਂਦਾ ਹੈ। ਇਸ ਤੋਂ ਪਹਿਲਾਂ ਮੈਂ ਬਾਬਾ ਪਰਮਜੀਤ ਸਿੰਘ ਨੂੰ ਉਦੋਂ ਮਿਲਿਆ ਸੀ, ਜਦੋਂ ਅਕਾਲੀ ਨੇਤਾ ਸ. ਜਸਦੇਵ ਸਿੰਘ ਸੰਧੂ ਦੀ ਬਰਸੀ ਦੇ ਸਮਾਗਮ ਵਿਚ ਆਏ ਸਨ। ਮੈਂ ਸਟੇਜ ਦੀ ਕਾਰਵਾਈ ਚਲਾ ਰਿਹਾ ਸੀ ਅਤੇ ਜਸਦੇਵ ਸਿੰਘ ਸੰਧੂ ਦੇ ਸਪੁੱਤਰ ਤੇਜਿੰਦਰਪਾਲ ਸਿੰਘ ਸੰਧੂ ਦੇ ਕਹਿਣ ‘ਤੇ ਬਾਬਾ ਪਰਮਜੀਤ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੱਥੋਂ ਸਨਮਾਨਿਤ ਕਰਵਾਇਆ ਸੀ। ਉਹ ਸੰਤ ਬਾਬਾ ਅਜੀਤ ਸਿੰਘ ਹੋਰਾਂ ਦੇ ਸਵਰਗ ਸਿਧਾਰਨ ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਦੇ ਸਮਾਗਮ ਵਿਚ ਆਏ ਸਨ। ਉਸ ਵੇਲੇ ਜਾਣ ਲੱਗੇ ਮੈਨੂੰ ਹੰਸਾਲੀ ਸਾਹਿਬ ਆਉਣ ਦਾ ਸੱਦਾ ਦੇ ਕੇ ਗਏ ਸਨ। ਉਂਝ ਮੈਂ ਬਾਬਾ ਪਰਮਜੀਤ ਸਿੰਘ ਨੂੰ ਪਹਿਲੀ ਵਾਰ ਚਾਰ ਕੁ ਵਰ੍ਹੇ ਸੰਤਾਂ ਦੇ ਕਾਲਜ ਸ੍ਰੀ ਗੁਰੂ ਹਰਗੋਬਿੰਦ ਸਿੰਘ ਗਰਲਜ਼ ਦੇ ਮੁਆਇਨੇ ‘ਤੇ ਗਿਆ ਸੀ। ਜਿਸ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਸੰਤਾਂ ਨੇ ਮੈਨੂੰ ਸਿਰੋਪਾਓ ਅਤੇ ਇਕ ਲਿਫ਼ਾਫ਼ਾ ਦਿੱਤਾ ਸੀ ਜਿਸ ਵਿਚੋਂ ਢਾਈ ਲੱਖ ਰੁਪਏ ਨਿਕਲੇ ਸਨ। ਇਹਨਾਂ ਪੈਸਿਆਂ ਵਿਚੋਂ ਸਿਵਲ ਸਰਵਿਸ ਅਤੇ ਹੋਰ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨ ਪਰ ਆਰਥਿਕ ਪੱਖੋਂ ਕਮਜ਼ੋਰ ਅਤੇ ਜ਼ਰੂਰਤਮੰਦ ਬੱਚਿਆਂ ਦੀ ਫ਼ੀਸ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ।
ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਦੇ ਇਸ ਫ਼ਾਨੀ ਸੰਸਾ ਤੋਂ ਕੂਚ ਕਰਨ ਤੋਂ ਬਾਅਦ ਡੇਰਾ ਹੰਸਾਲੀ ਸਾਹਿਬ ਦੀ ਸੇਵਾ ਦੀ ਜ਼ਿੰਮੇਵਾਰੀ ਬਾਬਾ ਪਰਮਜੀਤ ਸਿੰਘ ‘ਤੇ ਆ ਪਈ ਸੀ। ਉਂਝ ਵੀ ਬਾਬਾ ਪਰਮਜੀਤ ਸਿੰਘ ਦੋ ਢਾਈ ਦਹਾਕਿਆਂ ਤੋਂ ਸੰਤਾਂ ਦੀ ਸੇਵਾ ਵਿਚ ਲੱਗੇ ਹੋਏ ਸਨ। ਕਿਰਤ ਕਮਾਈ, ਨਾਮ ਬਾਣੀ, ਸਿਮਰਨ ਅਤੇ ਉਪਕਾਰਤਾ ਦੇ ਸੁਮੇਲ ਬਾਬਾ ਪਰਮਜੀਤ ਸਿੰਘ ਨਿਮਰਤਾ ਦੇ ਪੁੰਜ ਹਨ। ਨਿਰਮਲ ਵਜੂਦ ਦੇ ਮਾਲਕ ਬਾਬਾ ਪਰਮਜੀਤ ਸਿੰਘ ਵਿਚ ਸੇਵਾ ਦੇ ਬੇਪਨਾਹ ਸ਼ਕਤੀ ਹੈ। ਬ੍ਰਹਮ ਗਿਆਨੀ, ਮਹਾਂਪੁਰਖ ਸੰਤ ਅਜੀਤ ਸਿੰਘ ਹੋਰਾਂ ਦੀ ਬਾਬਾ ਪਰਮਜੀਤ ਸਿੰਘ ਤੇ ਵੱਡੀ ਕਿਰਪਾ ਹੈ। ਬਾਬਾ ਪਰਮਜੀਤ ਸਿੰਘ ਹੋਰਾਂ ਨੇ ਮੈਨੂੰ ਇਕ ਨਹੀਂ, ਦੋ ਨਹੀਂ ਸਗੋਂ ਕਈ ਸੁਨੇਹੇ ਘੱਲੇ ਕਿ ਮੈਂ ਉਨ੍ਹਾਂ ਨੂੰ ਮਿਲਾਂ। ਕਿਸਮਤ ਦਾ ਗੇੜ ਵੇਖੋ ਜਾਂ ਮੇਰਾ ਸੁਭਾਅ ਕਿ ਮੈਂ ਹੰਸਾਲੀ ਵਰਗੀ ਪਾਵਨ ਅਤੇ ਪਾਕੀਜ਼ ਧਰਤੀ ‘ਤੇ ਚਾਹੁੰਦਾ ਹੋਇਆ ਵੀ ਲੰਮਾ ਸਮਾਂ ਨਾ ਜਾ ਸਕਿਆ। ਫ਼ਿਰ ਇਕ ਦਿਨ ਉਸੇ ਇਲਾਕੇ ਨਾਲ ਸਬੰਧਤ ਮੇਰਾ ਇਕ ਵਿਦਿਆਰਥੀ ਕਰਤਾਰ ਸਿੰਘ ਮਾਨ ਬਾਬਾ ਜੀ ਦਾ ਸੁਨੇਹਾ ਲੈ ਕੇ ਆਇਆ।
22 ਫ਼ਰਵਰੀ ਨੂੰ ਹੰਸਾਲੀ ਕਾਲਜ ਦਾ ਸਾਲਾਨਾ ਫ਼ੰਕਸ਼ਨ ਹੈ। ਤੁਹਾਨੂੰ ਬੁਲਾਇਆ ਹੈ। ਤੁਸੀਂ ਜ਼ਰੂਰ ਪਹੁੰਚਣਾ ਹੈ। ਇਸ ਵਾਰ ਤਾਕੀਦ ਪੱਕੀ ਸੀ। ਮੈਂ ਹਾਂ ਕਰ ਦਿੱਤੀ। ਉਂਝ ਵੀ ਉਸ ਦਿਨ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਪੁਰਬ ਹੋਣ ਕਰਕੇ ਛੁੱਟੀ ਸੀ। ਮੈਨੂੰ ਪੱਕਾ ਕਰਨ ਲਈ ਬਾਬਾ ਪਰਮਜੀਤ ਸਿੰਘ ਨੇ ਖੁਦ ਟੈਲੀਫ਼ੋਨ ਵੀ ਕਰ ਦਿੱਤਾ। ਮੈਂ ਨਿਸਚਿਤ ਦਿਨ ਨਿਸਚਿਤ ਵਕਤ ‘ਤੇ ਪਹੁੰਚ ਗਿਆ। ਕਾਲਜ ਦਾ ਸਟਾਫ਼, ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਇਲਾਕੇ ਦੀ ਸੰਗਤ ਜੁਟੀ ਹੋਈ ਸੀ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਰਣਜੀਤ ਸਿੰਘ ਲਿਬੜਾ ਅਤੇ ਪੰਜਾਬ ਸਕੂਲ ਬੋਰਡ ਦੀ ਡਿਪਟੀ ਸੈਕਟਰੀ ਬੀਬੀ ਜਸਵੰਤ ਕੌਰ ਨੂੰ ਵੀ ਬੁਲਾਇਆ ਹੋਇਆ ਸੀ। ਸ੍ਰੀ ਗੁਰੂ ਹਰਗੋਬਿੰਦ ਸਿੰਘ ਗਰਲਜ਼ ਕਾਲਜ ਹੰਸਾਲੀ ਦੀਆਂ ਹੋਣਹਾਰ ਬੱਚੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਬਾਬਾ ਪਰਮਜੀਤ ਸਿੰਘ ਨੇ ਮਾਇਕ ‘ਤੇ ਆ ਕੇ ਕਿਹਾ:”ਮੈਨੂੰ ਬਾਬਾ ਜੀ ਇਕ ਲਿਫ਼ਾਫ਼ਾ ਦੇ ਕੇ ਗਏ ਹਨ, ਮੈਂ ਉਸਨੂੰ ਖੋਲ੍ਹ ਕੇ ਨਹੀਂ ਦੇਖਿਆ। ਉਨ੍ਹਾਂ ਮੈਨੂੰ ਹੁਕਮ ਕੀਤਾ ਸੀ ਕਿ ਇਹ ਡਾਇਰੈਕਟਰ ਸਾਹਿਬ ਨੂੰ ਦੇਣਾ ਹੈ। ਮੈਂ ਇਹ ਸੰਗਤ ਸਾਹਮਣੇ ਉਨ੍ਹਾਂ ਨੂੰ ਦੇ ਰਿਹਾ ਹਾਂ।” ਮੈਨੂੰ ਇਹ ਲਿਫ਼ਾਫ਼ਾ ਦੇ ਦਿੱਤਾ ਗਿਆ। ਮੈਂ ਹਾਜ਼ਰ ਬੱਚਿਆਂ ਨੂੰ ਪ੍ਰੇਰਿਤ ਕਰਨ ਹਿਤ ਇਕ ਭਾਸ਼ਣ ਦਿੱਤਾ ਅਤੇ ਬੱਚਿਆਂ ਦੇ ਮਾਪਿਆਂ ਅਤੇ ਕਾਲਜ ਸਟਾਫ਼ ਨੂੰ ਵੀ ਮੁਖਾਤਬ ਹੋਇਆ। ਚਾਹ ਉਤੇ ਰਣਜੀਤ ਸਿੰਘ ਲਿਬੜਾ ਨਾਲ ਅਕਾਲੀ ਸਿਆਸਤ ਅਤੇ ਆਮ ਆਦਮੀ ਪਾਰਟੀ ਦੀ ਸਿਆਸਤ ਬਾਰੇ ਗੱਲਾਂ ਹੋਈਆਂ। ਮੈਂ ਘਰ ਆ ਗਿਆ। ਮੈਨੂੰ ਅੰਦਾਜ਼ਾ ਵੀ ਸੀ ਕਿ ਲਿਫ਼ਾਫ਼ੇ ਵਿਚ ਕੀ ਹੋਵੇਗਾ। ਪਰ ਕੰਮਾਂ ਕਾਰਾਂ ਵਿਚ ਰੁੱਝੇ ਹੋਣ ਕਾਰਨ ਇਕ ਦੋ ਦਿਨ ਮੈਂ ਲਿਫ਼ਾਫ਼ਾ ਨਹੀਂ ਖੋਲ੍ਹਿਆ। ਜਦੋਂ ਮੈਂ ਖੋਲ੍ਹ ਕੇ ਪੈਸੇ ਗਿਣੇ ਤਾਂ ਇਸ ਵਿਚੋਂ 2 ਲੱਖ 12 ਹਜ਼ਾਰ ਨਿਕਲੇ। ਪੈਸੇ ਦੀ ਗੱਲ ਸ਼ਾਇਦ ਉਨੀ ਨਹੀਂ ਜਿੰਨੀ ਸੰਤਾਂ ਦੀ ਪ੍ਰਤੀਬੱਧਤਾ ਨੇ ਮੈਨੂੰ ਟੁੰਬਿਆ।ਉਪਕਾਰੀ ਨਜ਼ਰ ਅਤੇ ਮਾਨਵਤਾ ਦੇ ਭਲੇ ਲਈ ਹਰ ਵਕਤ ਤਿਆਰ-ਬਰ-ਤਿਆਰ ਉਸ ਰੂਹ ਅੱਗੇ ਸਿਜਦੇ ਵਿਚ ਮੇਰਾ ਸਿਰ ਆਪਣੇ ਆਪ ਝੁਕ ਗਿਆ। ਸੰਤਾਂ ਦੇ ਸਰੀਰ ਛੱਡਣ ਤੋਂ ਕਿੰਨੇ ਹੀ ਦਿਨਾਂ ਬਾਅਦ ਮਿਲੇ ਇਸ ਪ੍ਰਸ਼ਾਦ ਨੇ ਮੈਨੂੰ ਪਿੰਡ ਦੇ ਬੱਚਿਆਂ ਦੀ ਸਿੱਖਿਆ ਲਈ ਨਿਸ਼ਕਾਮ, ਮਿਸ਼ਨਰੀ ਅਤੇ ਲਗਾਤਾਰ ਮਿਹਨਤ ਲਈ ਪ੍ਰੇਰਿਆ। ਮੈਨੂੰ ਯਾਦ ਹਨ ਉਹਨਾਂ ਦੇ ਬਚਨ ‘ਜਾਓ ਪਿੰਡਾਂ ਦੀਆਂ ਕੁੜੀਆਂ ਨੂੰ ਡੀ. ਸੀ. ਬਣਾਓ।’ ਮੈਨੂੰ ਯਕੀਨ ਹੈ ਕਿ ਜੋ ਵੀ ਬੱਚਾ ਆਈ. ਏ. ਐਸ., ਪੀ. ਸੀ. ਐਸ. ਜਾਂ ਕੋਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨਾ ਚਾਹੇਗਾ, ਘੱਟੋ ਘੱਟ ਇਕ ਡੇਢ ਵਰ੍ਹੇ ਲਈ ਫ਼ੀਸ ਵੱਲੋਂ ਉਸਦਾ ਦਾਖਲਾ ਨਹੀਂ ਰੁਕੇਗਾ।
ਮੈਂ ਆਪਣੀ ਪੁਸਤਕ ‘ਜਿੱਤ ਦਾ ਮੰਤਰ’ ਬਾਬਾ ਪਰਮਜੀਤ ਸਿੰਘ ਨੂੰ ਭੇਟ ਕਰਦਾ ਹਾਂ ਅਤੇ ਜਾਣ ਦੀ ਆਗਿਅ ਮੰਗਦਾ ਹਾਂ। ਬਾਬਾ ਜੀ ਅਰਦਾਸ ਕਰਦੇ ਹਨ ਅਤੇ ਜ਼ਰੂਰਤਮੰਦ ਬੱਚਿਆਂ ਦੀ ਆਰਥਿਕ ਮਦਦ ਲਈ ਮੈਨੂੰ ਦਸ ਦਸ ਹਜ਼ਾਰ ਦੀਆਂ ਦੋ ਗੁੱਟੀਆਂ ਹੋਰ ਫ਼ੜਾ ਦਿੰਦੇ ਹਨ।
ਤੁਸੀਂ ਛੇਤੀ ਹੀ ਸਾਡੇ ਕਾਲਜ ਦੀਆਂ ਬੱਚੀਆਂ ਲਈ ਇਕ ਵਿਸ਼ੇਸ਼ ਲੈਕਚਰ ਦੇਣ ਲਈ ਆਉਣ ਦਾ ਵਾਅਦਾ ਕਰੋ। ਬਾਬਾ ਜੀ ਦਾ ਆਦੇਸ਼ ਹੈ। ਮੈਂ 7 ਮਾਰਚ ਦੀ ਤਾਰੀਖ ਦਿੰਦਾ ਹਾਂ ਅਤੇ ਵਾਪਸ ਆ ਜਾਂਦਾ ਹਾਂ।
7 ਮਾਰਚ ਸ਼ਿਵਰਾਤਰੀ ਵਾਲੇ ਦਿਨ ਮੈਨੂੰ ਯੂਨੀਵਰਸਿਟੀ ਵਿਚ ਛੁੱਟੀ ਹੈ। ਮੈਂ ਸਵੇਰੇ 11 ਵਜੇ ਹੰਸਾਲੀ ਖੇੜਾ ਪਹੁੰਚ ਜਾਂਦਾ ਹਾਂ। ਫ਼ੇਸਬੁੱਕ ਤੋਂ ਪਾਏ ਮੇਰੇ ਸੁਨੇਹੇ ਨੂੰ ਪੜ੍ਹ ਕੇ ਰਾਜਵੰਤ ਸਿੰਘ ਮੁਹਾਲੀ ਵੀ ਪਹੁੰਚ ਜਾਂਦਾ ਹੈ। ਉਹ ਵੀ ਮੇਰਾ ਲੈਕਚਰ ਸੁਣਨ ਦਾ ਚਾਹਵਾਨ ਹੈ। ਉਸਨੇ ਇਕ ਕਿਤਾਬ ਲਿਖੀ ਸੀ ‘ਜੇ ਠਾਣ ਲੋ ਤਾਂ ਜਿੱਤ’ ਅਤੇ ਮੈਂ ਉਸ ਪੁਸਤਕ ਦਾ ਮੁੱਖ ਬੰਦ ਲਿਖਿਆ ਸੀ। ਮੇਰੇ ਜਾਣ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਪ੍ਰੋ. ਦਵਿੰਦਰਜੀਤ ਕੌਰ ਭਾਸ਼ਣ ਦੇ ਰਹੇ ਸਨ। ਪ੍ਰੋ. ਦਵਿੰਦਰਜੀਤ ਦੇ ਪਤੀ ਪੰਜਾਬ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਸੁਖਦੇਵ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਪਰਮਜੀਤ ਸਿੰਘ ਸਰੋਤਿਆਂ ਵਿਚ ਸ਼ਾਮਲ ਸਨ। ਜਦੋਂ ਸਟੇਜ ਸਕੱਤਰ ਪ੍ਰੋ. ਤਰਲੋਚਨ ਸਿੰਘ ਨੇ ਮੈਨੂੰ ਲੈਕਚਰ ਲਈ ਸੱਦਿਆ ਤਾਂ ਮੈਂ ਦੇਖਿਆ ਹਾਲ ਪੂਰੀ ਤਰ੍ਹਾਂ ਭਰ ਚੁੱਕਾ ਸੀ। ਕਾਲਜ ਦੀਆਂ ਵਿਦਿਆਰਥਣਾਂ ਅਤੇ ਕਾਲਜ ਦੇ ਸਟਾਫ਼ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਲੋਕ ਵੀ ਹਾਜ਼ਰ ਸਨ। ਮੈਂ ਵੀ ਵਿਦਿਆਰਥਣਾਂ ਦੇ ਨਾਲ ਨਾਲ ਮਾਪਿਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਕਰਨ ਦਾ ਫ਼ੈਸਲਾ ਕੀਤਾ ਹੋਇਆ ਸੀ। ਮੇਰਾ ਖਿਆਲ ਹੈ ਕਿ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਗਲਤ ਕੰਮਾਂ ਤੋਂ ਬਚਾਉਣ ਲਈ ਸਰਕਾਰਾਂ ‘ਤੇ ਨਿਰਭਰ ਨਹੀਂ ਕਰਨਾ ਚਾਹੀਦਾ ਸਗੋਂ ਮਾਪਿਆਂ ਅਤੇ ਅਧਿਆਪਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸੇ ਕਾਰਨ ਜਿੱਥੇ ਵੀ ਮੈਂ ਭਾਸ਼ਣ ਕਰਨ ਜਾਂਦਾ ਹਾਂ, ਉਥੇ ਮੈਂ ਮਾਪਿਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਆਪਣੇ ਅਧੂਰੇ ਸੁਪਨੇ ਬੱਚਿਆਂ ‘ਤੇ ਨਾ ਠੋਸਣ। ਬੱਚਿਆਂ ਦੀ ਸਮਰੱਥਾ ਅਤੇ ਦਿਲਚਸਪੀ ਅਨੁਸਾਰ ਉਹਨਾਂ ਨੂੰ ਆਪਣੇ ਉਦੇਸ਼ ਮਿੱਥਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ।
ਦੂਜੇ ਪਾਸੇ ਮੇਰੀ ਅਧਿਆਪਕਾਂ ਨੂੰ ਸਲਾਹ ਹੁੰਦੀ ਹੈ ਕਿ ਉਹ ਰੋਜ਼ ਆਪਣੀ ਕਲਾਸ ਵਿਚ 15 ਮਿੰਟ ਨੈਤਿਕ ਸਿੱਖਿਆ, ਜਲੰਤ ਮਾਮਲਿਆਂ ਅਤੇ ਆਮ ਗਿਆਨ ਦੀ ਜਾਣਕਾਰੀ ਦੇਣ। ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਅਧਿਆਪਕਾਂ ਵਿਚ ਸਾਹਿਤ ਪੜ੍ਹਨ ਦੀ ਰੁਚੀ ਬਹੁਤ ਘੱਟ ਹੈ। ਮੈਂ ਉਹਨਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਖੁਦ ਵੀ ਸਾਹਿਤ ਪੜ੍ਹਨ ਅਤੇ ਬੱਚਿਆਂ ਨੂੰ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਨ। ਅਧਿਆਪਕ ਅਤੇ ਵਿਦਿਆਰਥੀ ਹਰ ਰੋਜ਼ ਇਕ ਤੋਂ ਵੱਧ ਅਖਬਾਰ ਪੜ੍ਹਨ ਅਤੇ ਟੀ. ਵੀ. ਦੀਆਂ ਖਬਰਾਂ ਸੁਣਨ।ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਮੈਂ ਜ਼ੋਰ ਦਿੱਤਾ ਕਿ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਇਕ ਵੱਡੇ ਸੁਪਨੇ ਜਾਂ ਟੀਚੇ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਤੁਸੀਂ ਇਕ ਮੰਜ਼ਿਲ ਮਿੱਥ ਲੈਂਦੇ ਹੋ ਅਤੇ ਉਸਨੂੰ ਪਾਉਣ ਲਈ ਮਿਹਨਤ ਕਰਦੇ ਹੋ ਤਾਂ ‘ਆਕਰਸ਼ਣ ਦੇ ਸਿਧਾਂਤ’ ਅਨੁਸਾਰ ਕੁਦਰਤ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਸਪਸ਼ਟ ਕਿਹਾ ਗਿਆ ਹੈ ਕਿ ‘ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇ’। ਮੈਂ ਕਿਹਾ ਕਿ ਦੁਨਿਆਵੀ ਤੌਰ ‘ਤੇ ‘ਜੋ ਮਾਂਗੈ ਠਾਕੁਰ ਅਪਨੇ ਸੇ ਸੋਈ ਸੋਈ ਦੇਵੇ’ ਦੀ ਵਿਆਖਿਆ ਵੀ ਇਸੇ ਨਜ਼ਰੀਏ ਤੋਂ ਕੀਤੀ ਜਾ ਸਕਦੀ ਹੈ। ਇਕ ਸਰਵੇਖਣ ਦੇ ਆਧਾਰ ‘ਤੇ ਮੈਂ ਦੱਸਿਆ ਕਿ ਸਾਡੇ 85 ਫ਼ੀਸਦੀ ਵਿਦਿਆਰਥੀ ਬਿਨਾਂ ਕਿਸੇ ਨਿਸਚਿਤ ਉਦੇਸ਼ ਤੋਂ ਪੜ੍ਹ ਰਹੇ ਹਨ। ਚਾਹੀਦਾ ਇਹ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਮੰਜ਼ਿਲ ਮਿੱਥਣ ਵਿਚ ਮਦਦ ਕਰਨੀ ਚਾਹੀਦੀ ਹੈ। ਇਉਂ ਹਾਜ਼ਰ ਵਿਦਿਆਰਥਣਾਂ ਨੂੰ ਪ੍ਰੇਰ ਕੇ ਮੈਂ ਇਕ ਉਦੇਸ਼ ਮਿੱਥਣ ਲਈ ਕਿਹਾ। ਭਾਸ਼ਣ ਦੇ ਦੂਜੇ ਹਿੱਸੇ ਵਿਚ ਮੈਂ ਬੱਚਿਆਂ ਨੂੰ ਆਈ. ਏ. ਐਸ. ਬਣਨ ਦੇ ਸੂਤਰ ਸਮਝਾਏ। ਮੇਰਾ ਖਿਆਲ ਹੈ ਕਿ ਸਾਡੇ ਪੰਜਾਬ ਦੇ ਪਿੰਡਾਂ ਦੇ ਬਹੁਤ ਵਿਦਿਆਰਥੀਆਂ ਨੂੰ ਸਿਵਲ ਸਰਵਿਸ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਬਹੁਤ ਘੱਟ ਹੈ।
ਇਸ ਭਾਸ਼ਣ ਤੋਂ ਬਾਅਦ ਬਾਬਾ ਪਰਮਜੀਤ ਸਿੰਘ, ਡਾ. ਪਰਮਜੀਤ ਸਿੰਘ ਅਤੇ ਹੋਰ ਹਾਜ਼ਰ ਸ਼ਖਸੀਅਤਾਂ ਨੇ ਮੈਨੂੰ ਸਨਮਾਨਿਤ ਕੀਤਾ। ਸਨਮਾਨਿਤ ਕਰਨ ਸਮੇਂ ਮੇਰੇ ਹੱਥ ਵਿਚ ਇਕ ਕੜਾ ਪਾਇਆ ਗਿਆ। ਜਿਸ ਉਪਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਉਕਰਿਆ ਹੋਇਆ ਹੈ ਅਤੇ ਦੂਜੇ ਸਿਰੇ ਤੇ 1704 ਵੀ ਉਕਰਿਆ ਹੋਇਆ ਹੈ। ਸੱਚ ਪੁੱਛੋ ਇਸਨੂੰ ਪਾਉਣ ਤੋਂ ਬਾਅਦ ਆਪਣੇ ਆਪ ਵਿਚ ਇਕ ਅਜੀਬ ਜਿਹੀ ਤਬਦੀਲੀ ਮਹਿਸੂਸ ਕਰ ਰਿਹਾ ਹਾਂ।ਇਸ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਮੈਂ ਕੁਝ ਲੋਕਾਂ ਨੂੰ ਮਿਲਿਆ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇੱਥੇ ਪੁਸਤਕ ‘ਜਿੱਤ ਦਾ ਮੰਤਰ’ ਦੀ ਬਹੁਤ ਮੰਗ ਹੈ। ਮੈਂ ਫ਼ੈਸਲਾ ਕੀਤਾ ਹੈ ਕਿ ਆਪਣੇ ਵਿਦਿਆਰਥੀ ਦੇ ਹੱਥ ਮੈਂ 50 ਕਾਪੀਆਂ ਜਲਦੀ ਹੀ ਪਹੁੰਚਾ ਦੇਵਾਂਗਾ। ਵਾਪਸ ਆਉਣ ਤੋਂ ਪਹਿਲਾਂ ਮੈਂ ਬਾਬਾ ਪਰਮਜੀਤ ਸਿੰਘ ਨੂੰ ਮਿਲ ਕੇ ਦੱਸਦਾ ਹਾਂ ਕਿ ਸੰਤਾਂ ਵੱਲੋਂ ਮਿਲੀ ਰਕਮ ‘ਗਲੋਬਲ ਪੰਜਾਬ ਫ਼ਾਊਂਡੇਸ਼ਨ’ ਦੇ ਖਾਤੇ ਵਿਚ ਜਮ੍ਹਾ ਕਰਵਾ ਦਿੱਤੀ ਜਾਵੇਗੀ ਅਤੇ ਜਿਹਨਾਂ ਵਿਦਿਆਰਥੀਆਂ ਦੀ ਫ਼ੀਸ ਭਰੀ ਜਾਵੇਗੀ, ਉਹਨਾਂ ਦੀ ਸੂਚੀ ਤੁਹਾਡੇ ਕੋਲ ਭੇਜ ਦਿੱਤੀ ਜਾਵੇਗੀ। ਬਾਬਾ ਜੀ ਕਹਿੰਦੇ ਹਨ, ਇਸ ਦੀ ਲੋੜ ਨਹੀਂ। ਬੱਸ ਸੇਵਾ ਕਰੋ। ਪੈਸੇ ਦੀ ਫ਼ਿਕਰ ਨਾ ਕਰੋ।















