ਬੌਲੀਵੁਡ ਇੰਡਸਟਰੀ ਪਹਿਲਾਂ ਵੀ ਕਈ ਵਾਰ ਰਾਮਾਇਣ ‘ਤੇ ਆਧਾਰਿਤ ਫ਼ਿਲਮਾਂ ਬਣਾ ਚੁੱਕੀਆਂ ਹਨ। ਫ਼ਿਲਮ ਨਿਰਦੇਸ਼ਕਾਂ ਨੇ ਆਪੋ-ਆਪਣੇ ਤਰੀਕਿਆਂ ਨਾਲ ਇਸ ਕਹਾਣੀ ਨੂੰ ਦਰਸ਼ਕਾਂ ਸਾਹਮਣੇ ਰੱਖਿਆ, ਪਰ ਹੁਣ ਜੋ ਖ਼ਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਫ਼ਿਲਮ ਨਿਰਮਾਤਾ ਮਧੂ ਮੇਨਟਾਨਾ ਰਾਮਾਇਣ ‘ਤੇ ਇੱਕ ਬਹੁਤ ਵੱਡੀ ਫ਼ਿਲਮ ਬਣਾਉਣ ਜਾ ਰਹੇ ਹਨ।
ਬੌਲੀਵੁਡ ਸੂਤਰਾਂ ਮੁਤਾਬਿਕ, ਮਧੂ ਮੇਨਟਾਨਾ ਨੇ ਇਸ ਫ਼ਿਲਮ ‘ਤੇ 300 ਕਰੋੜ ਰੁਪਏ ਲਗਾਉਣ ਦਾ ਫ਼ੈਸਲਾ ਲਿਆ ਹੈ। ਉਥੇ ਹੁਣ ਪਤਾ ਲੱਗਾ ਹੈ ਕਿ ਫ਼ਿਲਮ ‘ਚ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੁਕੋਣ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਮਧੂ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਨਿਤੀਸ਼ ਤਿਵਾਰੀ ਕਰਨ ਜਾ ਰਹੇ ਹਨ। ਨਿਤੀਸ਼ ਤਿਵਾਰੀ ਦੰਗਲ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਖ਼ਬਰਾਂ ਮੁਤਾਬਿਕ, ਮਧੂ ਮੇਨਟਾਨਾ ਲਈ ਫ਼ਿਲਮ ਰਾਮਾਇਣ ਉਸ ਦਾ ਇੱਕ ਡ੍ਰੀਮ ਪ੍ਰੌਜੈਕਟ ਹੈ। ਜਾਣਕਾਰੀ ਮੁਤਾਬਿਕ ਇਸ ਫ਼ਿਲਮ ਨੂੰ 3-D ‘ਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ‘ਤੇ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਮਧੂ ਮੇਨਟਾਨਾ ਨੇ ਕੁੱਝ ਰੀਸਰਚ ਸਕੌਲਰਜ਼ ਨੂੰ ਰਾਮਾਇਣ ‘ਤੇ ਰੀਸਰਚ ਅਤੇ ਤੱਥ ਇਕੱਠੇ ਕਰਨ ਦਾ ਕੰਮ ਸੌਂਪ ਦਿੱਤਾ ਹੈ।
ਕਿਉਂਕਿ ਰਾਮਾਇਣ ਇੱਕ ਬਹੁਤ ਵੱਡਾ ਮਹਾ ਕਾਵਿ ਹੈ ਜਿਸ ਨੂੰ ਤਿੰਨ ਘੰਟਿਆਂ ਦੀ ਫ਼ਿਲਮ ‘ਚ ਸਮੇਟਣਾ ਸੌਖਾ ਨਹੀਂ, ਇਸ ਲਈ ਮਧੂ ਮੇਨਟਾਨਾ ਨੇ ਇਸ ਫ਼ਿਲਮ ਨੂੰ ਦੋ ਭਾਗਾਂ ‘ਚ ਪਰਦੇ ‘ਤੇ ਉਤਾਰਨ ਦਾ ਫ਼ੈਸਲਾ ਕੀਤਾ ਹੈ।











