ਕਾਰਤਿਕ-ਜਾਨ੍ਹਵੀ ਦਾ ਟੁੱਟਿਆ ਦੋਸਤਾਨਾ

ਬੌਲੀਵੁਡ ਅਦਾਕਾਰ ਕਾਰਤਿਕ ਆਰੀਅਨ ਬੀਤੇ ਸਾਲ ਅਦਾਕਾਰਾ ਸਾਰ੍ਹਾ ਅਲੀ ਖ਼ਾਨ ਨਾਲ ਰਿਲੇਸ਼ਨਸ਼ਿਪ ‘ਚ ਰਹਿਣ ਕਾਰਨ ਸੁਰਖ਼ੀਆਂ ‘ਚ ਸੀ। ਇਸ ਸਾਲ ਦੀ ਗੱਲ ਕਰੀਏ ਤਾਂ ਕਾਰਤਿਕ ਅਤੇ ਜਾਨ੍ਹਵੀ ਕਪੂਰ ਦੇ ਰਿਲੇਸ਼ਨਸ਼ਿਪ ‘ਚ ਹੋਣ ਦੀਆਂ ਖ਼ਬਰਾਂ ਕਾਫ਼ੀ ਵਾਇਰਲ ਹੋਈਆਂ ਹਨ। ਇਹ ਖ਼ਬਰਾਂ ਓਦੋਂ ਆਉਣੀਆਂ ਸ਼ੁਰੂ ਹੋਈਆਂ ਜਦੋਂ ਕਾਰਤਿਕ ਅਤੇ ਜਾਨ੍ਹਵੀ ਇਕੱਠੇ ਗੋਆ ‘ਚ ਛੁੱਟੀਆਂ ਮਨਾਉਣ ਗਏ। ਹਾਲਾਂਕਿ ਦੋਵਾਂ ਦੀਆਂ ਇਕੱਠਿਆਂ ਤਸਵੀਰਾਂ ਖ਼ੂਬ ਵਾਇਰਲ ਹੋਈਆਂ, ਪਰ ਇਹ ਸਾਫ਼ ਨਹੀਂ ਹੋ ਸਕਿਆ ਕਿ ਦੋਵੇਂ ਕੰਮ ਦੇ ਸਿਲਸਿਲੇ ‘ਚ ਗੋਆ ਗਏ ਸਨ ਜਾਂ ਫ਼ਿਰ ਵਾਕਈ ਉਹ ਇੱਕ ਰੋਮੈਂਟਿਕ ਟ੍ਰਿੱਪ ਸੀ।
ਦੋਵਾਂ ਵਿਚਾਲੇ ਕੁੱਝ ਸੀ ਜਾਂ ਨਹੀਂ, ਇਹ ਸਮੇਂ ਦੇ ਨਾਲ ਸਾਫ਼ ਹੋ ਜਾਵੇਗਾ, ਪਰ ਫ਼ਿਲਹਾਲ ਪ੍ਰਸ਼ੰਸਕਾਂ ਲਈ ਇੱਕ ਹੈਰਾਨ ਕਰਨ ਵਾਲੀ ਖ਼ਬਰ ਹੈ ਕਿ ਕਾਰਤਿਕ ਆਰੀਅਨ ਅਤੇ ਜਾਨ੍ਹਵੀ ਕਪੂਰ ਨੇ ਇੱਕ-ਦੂਜੇ ਨੂੰ ਇਨਸਟਾਗ੍ਰੈਮ ‘ਤੇ ਅਨਫ਼ੌਲੋ ਕਰ ਦਿੱਤਾ ਹੈ। ਇਹ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਜਾਂ ਤਾਂ ਕਿਸੇ ਤਰ੍ਹਾਂ ਦੀ ਅਣਬਣ ਚੱਲ ਰਹੀ ਹੈ ਜਾਂ ਫ਼ਿਰ ਦੋਵਾਂ ਨੇ ਆਪਣੇ ਰਸਤੇ ਅਲੱਗ ਕਰਨ ਦਾ ਫੈਸਲਾ ਕਰ ਲਿਆ ਹੈ।
ਸੋਸ਼ਲ ਮੀਡੀਆ ‘ਤੇ ਕੁੱਝ ਫ਼ੈਨ ਪੇਜਾਂ ਨੇ ਤਾਂ ਇਥੋਂ ਤਕ ਲਿਖ ਦਿੱਤਾ ਹੈ ਕਿ ਜਾਨ੍ਹਵੀ ਕਪੂਰ ਨੇ ਕਾਰਤਿਕ ਆਰੀਅਨ ਨੂੰ ਬਲੌਕ ਕਰ ਦਿੱਤਾ ਹੈ ਜਦਕਿ ਕੁੱਝ ਦਾ ਮੰਨਣਾ ਹੈ ਕਿ ਇਹ ਸਿਰਫ਼ ਅਫ਼ਵਾਹਾਂ ਹਨ।
ਦੱਸਣਯੋਗ ਹੈ ਕਿ ਕਾਰਤਿਕ ਆਰੀਅਨ ਅਤੇ ਜਾਨ੍ਹਵੀ ਕਪੂਰ ਨੇ ਫ਼ਿਲਮ ਦੋਸਤਾਨਾ 2 ਦੀ ਸ਼ੂਟਿੰਗ ਲੌਕਡਾਊਨ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ, ਪਰ ਮੁੜ ਦੇਸ਼ ਭਰ ‘ਚ ਤਾਲਾਬੰਦੀ ਦੇ ਚਲਦਿਆਂ ਇਹ ਫ਼ਿਲਮ ਰੁਕ ਗਈ। ਹੁਣ ਜਦੋਂ ਹਾਲਾਤ ਵਾਪਿਸ ਹੌਲੀ-ਹੌਲੀ ਆਮ ਵਰਗੇ ਹੋ ਰਹੇ ਹਨ ਤਾਂ ਮੇਕਰਜ਼ ਨੇ ਮੁੜ ਇਸ ਫ਼ਿਲਮ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।