ਜਲੰਧਰ— ਥਾਣਾ ਸਦਰ ਦੇ ਪਿੰਡ ਸਰਹਾਲੀ ‘ਚ 3 ਸਾਲਾ ਬੱਚੀ ਤੇ ਥਾਣਾ ਕੈਂਟ ਦੇ ਇਲਾਕੇ ‘ਚ 16 ਸਾਲਾ ਨਾਬਾਲਗ ਲੜਕੀਆਂ ਨਾਲ ਜਬਰ-ਜ਼ਨਾਹ ਕਰਨ ਦੇ ਮੁਲਜ਼ਮਾਂ ਨੂੰ ਅਜੇ ਤੱਕ ਪੁਲਸ ਫੜ ਨਹੀਂ ਸਕੀ ਹੈ, ਜਿਸ ਕਾਰਨ ਪੀੜਤ ਪਰਿਵਾਰ ਸਹਿਮੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਰਿੰਦਿਆਂ ਨੂੰ ਪੁਲਸ ਦਾ ਕੋਈ ਖੌਫ ਨਹੀਂ ਰਿਹਾ ਹੈ। ਇਹੀ ਕਾਰਨ ਹੈ ਕਿ ਜਬਰ-ਜ਼ਨਾਹ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।
ਉਕਤ ਦੋਵਾਂ ਮਾਮਲਿਆਂ ਨੂੰ ਲੈ ਕੇ ਥਾਣਾ ਸਦਰ ਤੇ ਥਾਣਾ ਕੈਂਟ ‘ਚ ਆਈ. ਪੀ. ਸੀ. ਦੀ ਧਾਰਾ 376 ਤੇ ਪੋਸਕੋ ਐਕਟ ਦਾ ਕੇਸ ਵੀ ਦਰਜ ਕੀਤਾ ਹੋਇਆ ਹੈ। 3 ਸਾਲਾ ਬੱਚੀ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਮੁਲਜ਼ਮ ਮੋਹਿੰਦਰ ਦੀ ਗ੍ਰਿਫਤਾਰੀ ਲਈ ਸਦਰ ਪੁਲਸ ਕਈ ਵਾਰ ਲਖਨਊ (ਯੂ.ਪੀ.) ‘ਚ ਰੇਡ ਕਰ ਚੁੱਕੀ ਹੈ ਪਰ ਉਥੋਂ ਬੇਰੰਗ ਹੀ ਪਰਤ ਆਈ।
ਇਸੇ ਤਰ੍ਹਾਂ ਕੈਂਟ ਦੀ 16 ਸਾਲਾ ਨਾਬਾਲਗਾ ਨੂੰ ਅਗਵਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਲਵ ਕੁਮਾਰ ਵਾਸੀ ਸੰਸਾਰਪੁਰ ਤੇ ਉਸ ਦੇ ਹੋਰ ਸਾਥੀ ਵੀ ਅਜੇ ਕਾਬੂ ਨਹੀਂ ਆ ਸਕੇ ਹਨ। ਉਨ੍ਹਾਂ ਨੂੰ ਫੜਨ ਲਈ ਕੈਂਟ ਪੁਲਸ ਵਲੋਂ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਫਿਲਹਾਲ ਪੁਲਸ ਨੂੰ ਆਪਣੇ ਮਿਸ਼ਨ ‘ਚ ਸਫਲਤਾ ਨਹੀਂ ਮਿਲੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਦੋਵਾਂ ਮਾਮਲਿਆਂ ਦੇ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।















