3 ਦਿਨਾਂ ਬਾਅਦ ਵੀ BSF ਹੈੱਡਕੁਆਰਟਰ ਦੇ ਬਾਹਰ IED ਧਮਾਕਾ ਕਰਨ ਵਾਲਿਆਂ ਦਾ ਸੁਰਾਗ ਨਹੀਂ

ਜਲੰਧਰ-ਮੰਗਲਵਾਰ ਦੇਰ ਸ਼ਾਮ 8 ਵਜੇ ਬੀ. ਐੱਸ. ਐੱਫ਼. ਦੇ ਹੈੱਡਕੁਆਰਟਰ ਦੇ ਬਾਹਰ ਹੋਏ ਆਈ. ਈ. ਡੀ. ਧਮਾਕੇ ਦੇ ਮਾਮਲੇ ਵਿਚ 3 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ। ਪੁਲਸ ਨੂੰ ਕੋਈ ਵੀ ਲੀਡ ਨਹੀਂ ਮਿਲ ਸਕੀ ਹੈ ਅਤੇ ਨਾ ਹੀ ਅਜੇ ਕੋਈ ਅਜਿਹਾ ਸਬੂਤ ਹੱਥ ਲੱਗਾ ਹੈ ਕਿ ਮਾਮਲਾ ਟ੍ਰੇਸ ਹੋ ਸਕੇ। ਜਲੰਧਰ ਪੁਲਸ ਦੇ ਨਾਲ-ਨਾਲ ਕਈ ਜਾਂਚ ਏਜੰਸੀਆਂ ਇਸ ਕੇਸ ਨੂੰ ਟ੍ਰੇਸ ਕਰਨ ਵਿਚ ਜੁਟੀਆਂ ਹੋਈਆਂ ਹਨ।
ਜਾਂਚ ਕਰ ਰਹੀ ਪੁਲਸ ਟੀਮ ਹੁਣ ਤੱਕ ਕਈ ਲੋਕਾਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਚੁੱਕੀ ਹੈ। ਹਾਲਾਂਕਿ ਧਮਾਕੇ ਤੋਂ ਪਹਿਲਾਂ ਉੱਥੇ ਵੀਡੀਓ ਕਾਲ ਕਰ ਰਹੇ ਨੌਜਵਾਨ ਨੂੰ ਅਜੇ ਤੱਕ ਪੁਲਸ ਨੇ ਹਿਰਾਸਤ ਵਿਚ ਰੱਖਿਆ ਹੋਇਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨੌਜਵਾਨ ਦਾ ਇਹੀ ਕਹਿਣਾ ਹੈ ਕਿ ਉਹ ਉੱਥੇ ਵੀਡੀਓ ਕਾਲ ’ਤੇ ਸੀ ਪਰ ਪੁਲਸ ਇਸ ਗੱਲ ਨੂੰ ਪੁਖ਼ਤਾ ਕਰਨਾ ਚਾਹੁੰਦੀ ਹੈ।
ਇਸ ਤੋਂ ਇਲਾਵਾ ਪੁਲਸ ਨੇ ਕੁਝ ਪੁਆਇੰਟਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨੇ ਚਾਹੇ ਪਰ ਆਰਮੀ ਏਰੀਆ ਹੋਣ ਕਾਰਨ ਉੱਥੇ ਸਮਾਰਟ ਸਿਟੀ ਕੈਮਰੇ ਨਹੀਂ ਲਾਏ ਗਏ ਸਨ। ਕੁਝ ਥਾਵਾਂ ’ਤੇ ਸੰਘਣਾ ਹਨ੍ਹੇਰਾ ਹੋਣ ਕਾਰਨ ਕੁਝ ਸਾਫ਼ ਨਹੀਂ ਵਿਖਾਈ ਦਿੱਤਾ। ਤਿੰਨ ਦਿਨਾਂ ਵਿਚ ਪੁਲਸ ਨੇ 100 ਤੋਂ ਵੱਧ ਸੀ. ਸੀ. ਟੀ. ਵੀ. ਛਾਣ ਲਏ ਹਨ ਪਰ ਫਿਲਹਾਲ ਕੋਈ ਸਫ਼ਲਤਾ ਹੱਥ ਨਹੀਂ ਲੱਗੀ। ਹਾਲਾਂਕਿ ਵੱਖ-ਵੱਖ ਟੀਮਾਂ ਮਲਟੀਪਲ ਸੋਰਸਿਜ਼ ਤੋਂ ਜਾਂਚ ਵਿਚ ਜੁਟੀਆਂ ਹਨ।
ਦੱਸ ਦੇਈਏ ਕਿ ਮੰਗਲਵਾਰ ਦੇਰ ਸ਼ਾਮ 8 ਵਜੇ ਬੀ. ਐੱਸ. ਐੱਫ਼. ਦੇ ਹੈੱਡਕੁਆਰਟਰ ਦੇ ਬਾਹਰ ਐਕਟਿਵਾ ਵਿਚ ਧਮਾਕਾ ਹੋ ਗਿਆ ਸੀ। ਪਹਿਲਾਂ ਇਸ ਨੂੰ ਨਾਰਮਲ ਧਮਾਕਾ ਸਮਝਿਆ ਜਾ ਰਿਹਾ ਸੀ ਪਰ ਅਗਲੇ ਹੀ ਦਿਨ ਸੀ. ਪੀ. ਧਨਪ੍ਰੀਤ ਕੌਰ ਨੇ ਫੋਰੈਂਸਿਕ ਟੀਮ ਵੱਲੋਂ ਜੁਟਾਏ ਸਬੂਤਾਂ ਦੇ ਆਧਾਰ ’ਤੇ ਪੁਖ਼ਤਾ ਕੀਤਾ ਕਿ ਇਹ ਆਈ. ਈ. ਡੀ. ਧਮਾਕਾ ਸੀ।
ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਤੇ ਪਤਾ ਲੱਗਾ ਕਿ ਕੈਂਪਸ ਵਿਚ ਪਾਰਸਲ ਲਈ ਡਿਲੀਵਰੀ ਬੁਆਏ ਜਦੋਂ ਆਪਣੀ ਐਕਟਿਵਾ ਨੇੜੇ ਖੜ੍ਹਾ ਸੀ ਤਾਂ ਇਕ ਵਿਅਕਤੀ ਐਕਟਿਵਾ ’ਤੇ ਪੈਕੇਟ ਰੱਖ ਕੇ ਬੱਸ ਸਟੈਂਡ ਵੱਲ ਪੈਦਲ ਭੱਜਿਆ ਅਤੇ ਕੁਝ ਸੈਕਿੰਡ ਬਾਅਦ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਕ ਤੋਂ ਡੇਢ ਕਿਲੋਮੀਟਰ ਤੱਕ ਆਵਾਜ਼ ਸੁਣਾਈ ਦਿੱਤੀ ਅਤੇ ਐਕਟਿਵਾ ਦੇ ਪਰਖੱਚੇ ਉੱਡ ਗਏ ਅਤੇ ਅੱਗ ਲੱਗ ਗਈ। ਧਮਾਕੇ ਕਾਰਨ ਉੱਥੋਂ ਲੰਘ ਰਹੀਆਂ ਕਈ ਗੱਡੀਆਂ ਦੇ ਏਅਰ ਬੈਗ ਖੁੱਲ੍ਹ ਗਏ ਸਨ। ਪੁਲਸ ਨੇ ਕਈ ਘੰਟਿਆਂ ਤੱਕ ਡਿਲੀਵਰੀ ਬੁਆਏ ਗੁਰਪ੍ਰੀਤ ਨਿਵਾਸੀ ਗੜ੍ਹਾ ਨੂੰ ਪੁੱਛਗਿੱਛ ਤੋਂ ਬਾਅਦ ਕਲੀਨ ਚਿੱਟ ਦੇ ਦਿੱਤੀ ਸੀ। ਉਹ ਬੀ. ਐੱਸ. ਐੱਫ਼. ਦੇ ਸਾਬਕਾ ਜਵਾਨ ਦਾ ਬੇਟਾ ਸੀ। ਥਾਣਾ ਨਵੀਂ ਬਾਰਾਦਰੀ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਘਟਨਾ ਦੇ ਅਗਲੇ ਦਿਨ ਡੀ. ਜੀ. ਪੀ. ਗੌਰਵ ਯਾਦਵ ਤੋਂ ਇਲਾਵਾ ਕੇਂਦਰੀ ਫੋਰੈਂਸਿਕ ਟੀਮ, ਐੱਨ. ਆਈ. ਏ. ਸਮੇਤ ਕਈ ਜਾਂਚ ਏਜੰਸੀਆਂ ਜਾਂਚ ਕਰਨ ਲਈ ਮੌਕੇ ’ਤੇ ਆਈਆਂ ਸਨ।