ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਾਂਗਰਸ ਦੇ ਆਗੂ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਵੱਲੋਂ ‘ਲਾਇ ਡਿਟੈਕਟਰ ਟੈਸਟ’ ਦੇਣ ਤੋਂ ਇਨਕਾਰ ਕਰਨ ਅਤੇ ਉਸਦੀ ਨਵੇਂ ਘੁਟਾਲਾ ਕੇਸਾਂ ਵਿਚ ਸ਼ਮੂਲੀਅਤ ਸਾਹਮਣੇ ਆਉਣ ਮਗਰੋਂ ਉਸਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਜਿਵੇਂ ਜਿਵੇਂ ਟਾਈਟਲਰ ਦੇ ਖਿਲਾਫ ਨਵੇਂ ਸਬੂਤ ਸਾਹਮਣੇ ਆ ਰਹੇ ਹਨ, ਉਸਨੇ ਮਹਿਸੂਸ ਕਰ ਲਿਆ ਹੈ ਕਿ ਉਸਦੀ ਖੇਡ ਹੁਣ ਖਤਮ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ‘ਲਾਇ ਡਿਟੈਕਟਰ ਟੈਸਟ’ ਦੇਣ ਤੋਂ ਇਨਕਾਰ ਕਰਨ ਨੇ ਹੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਸ਼ਮੂਲੀਅਤ ਤੋਂ ਭਲੀ ਭਾਂਤ ਜਾਣੂ ਹੈ ਤੇ ਇਸ ਲਈ ਉਹ ਡਰ ਰਿਹਾ ਹੈ ਕਿ ਇਹ ਟੈਸਟ ਦੇਣ ਨਾਲ ਉਸਦਾ ਸੱਚ ਜਗ ਜਾਹਰ ਹੋ ਜਾਵੇਗਾ। ਉਹਨਾਂ ਕਿਹਾ ਕਿ ਟਾਈਟਲਰ ਇਹ ਭੁੱਲ ਰਿਹਾ ਹੈ ਕਿ ਸਿੱਖ ਕਤਲੇਆਮ ਵਿਚ ਉਸਦੀ ਸ਼ਮੂਲੀਅਤ ਸਭ ਨੂੰ ਪਤਾ ਹੈ ਤੇ ਹੁਣ ਸਿਰਫ ਨਿਆਂਪਾਲਿਕਾ ਸਾਹਮਣੇ ਇਹ ਸਾਬਤ ਕਰਨੀ ਬਾਕੀ ਰਹਿ ਗਈ ਹੈ। ਉਹਨਾਂ ਕਿਹਾ ਕਿ ਭਾਵੇਂ ਲੰਬੇ ਸਮੇਂ ਤੱਕ ਆਪਣੀ ਤਾਕਤ ਦੇ ਬਲਬੂਤੇ ਉਹ ਸੀ ਬੀ ਆਈ ਤੋਂ ਆਪਣੇ ਖਿਲਾਫ ਕੇਸ ਬੰਦ ਕਰਵਾਉਣ ਦੀ ਸਿਫਾਰਸ਼ ਕਰਵਾਉਂਦਾ ਰਿਹਾ ਹੈ ਪਰ ਇਹ ਪਰਮਾਤਮਾ ਹੈ ਜੋ ਸਿੱਖ ਭਾਈਚਾਰੇ ਨੂੰ ਇਹਨਾਂ ਦੰਗਿਆਂ ਦੇ 33 ਵਰਿਆਂ ਬਾਅਦ ਵੀ ਨਿਆਂ ਦੇਣਾ ਚਾਹੁੰਦਾ ਹੈ ਤੇ ਇਸੇ ਲਈ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਕੇਂਦਰ ਵਿਚ ਸਥਾਪਿਤ ਹੋਣ ਮਗਰੋਂ ਇਹ ਕੇਸ ਫਿਰ ਖੁਲ ਗਏ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਟਾਈਟਲਰ ਤੇ ਹੋਰ ਮੁਲਜ਼ਮ ਜੋ ਇਹਨਾਂ ਦੰਗਿਆਂ ਵਿਚ ਸ਼ਾਮਲ ਸਨ, ਨੂੰ ਆਪਣੇ ਗੁਨਾਹਾਂ ਤੇ ਸਿੱਖਾਂ ਖਿਲਾਫ ਲੋਕਾਂ ਦੀ ਭੀਡ਼ ਭਡ਼ਕਾਉਣ ਦੇ ਕੀਤੇ ਬਜਰ ਪਾਪ ਤੇ ਆਪਣੀ ਸਿੱਧੀ ਸ਼ਮੂਲੀਅਤ ਲਈ ਸਜ਼ਾ ਭੁਗਤਣੀ ਪਵੇਗੀ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਇਹ ਗੁਨਾਹਗਾਰ ਲੋਕ ਜਲਦ ਹੀ ਅਦਾਲਤਾਂ ਸਾਹਮਣੇ ਦੋਸ਼ੀ ਸਾਬਤ ਹੋਣਗੇ ਤੇ ਆਪਣਾ ਬਾਕੀ ਦਾ ਜੀਵਨ ਜੇਲਾਂ ਵਿਚ ਗੁਜਾਰਨਗੇ।
ਕਾਂਗਰਸ ਆਗੂ ਵੱਲੋਂ ਨਵੇਂ ਘੁਟਾਲੇ ਰਾਹੀਂ ਪਾਸਪੋਰਟ ਹਾਸਲ ਕਰਨ ਜਿਸਨੂੰ ਅਦਾਲਤ ਨੇ ਜ਼ਬਤ ਕਰ ਲਿਆ, ਦੀ ਨਿਖੇਧੀ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਖੁਦ ਨਿਆਂਪਾਲਿਕਾ ਨੇ ਹੀ ਇਸਨੂੰ ਝੂਠੇ ਹਲਫੀਆ ਬਿਆਨ ਦੇ ਸਿਰ ‘ਤੇ ਜਾਅਲਸਾਜ਼ੀ ਕਰ ਕੇ ਪਾਸਪੋਰਟ ਹਾਸਲ ਕਰਨ ਦਾ ਦੋਸ਼ੀ ਪਾਇਆ ਹੈ। ਉਹਨਾਂ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ। ਉਹਨਾਂ ਮੰਗ ਕੀਤੀ ਕਿ ਟਾਈਟਲਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਦੰਗਿਆਂ ਤੇ ਘੁਟਾਲਿਆਂ ਦੇ ਕੇਸਾਂ ਦੀ ਡੂੰਘਾਈ ਨਾਲ ਪੁੱਛ ਗਿੱਛ ਕਰਨ ਦੀ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੂੰ ਹਦਾਇਤ ਕੀਤੀ ਜਾਵੇ ਤਾਂ ਹੋਰ ਪਤਾ ਨਹੀਂ ਕਿੰਨੇ ਲੁਕਵੇਂ ਸੱਚ ਸਾਹਮਣੇ ਆਉਣਗੇ ਅਤੇ ਪੁੱਛ ਗਿੱਛ ਦੀ ਬਦੌਲਤ ਇਸ ਮੁਲਜ਼ਮ ਦਾ ਘਿਨੌਣਾ ਚੇਹਰਾ ਨਿਆਂਪਾਲਿਕਾ ਸਾਹਮਣੇ ਨੰਗਾ ਹੋ ਜਾਵੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਸਿੱਖ ਭਾਈਚਾਰਾ ਟਾਈਟਲਰ ਖਿਲਾਫ ਕੇਸਾਂ ਨੂੰ ਇਹਨਾਂ ਦੇ ਅੰਤ ਤੱਕ ਲਿਜਾਣ ਲਈ ਦ੍ਰਿਡ਼ ਸੰਕਲਪ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਇਸ ਉਦੇਸ਼ ਦੀ ਪੂਰਤੀ ਵਾਸਤੇ ਜੋ ਵੀ ਸਹਾਇਤਾ ਦੀ ਜ਼ਰੂਰਤ ਪਵੇਗੀ, ਜ਼ਰੂਰ ਕਰਨਗੀਆਂ।















