ਫ਼ੇਲ੍ਹ ਹੋ ਗਏ ਰੈਨਾ ਅਤੇ ਮਿਸ਼ਰਾ, ਹੁਣ

ਭਾਰਤੀ ਟੀਮ ‘ਚ ਵਾਪਸੀ ਮੁਸ਼ਕਲ
ਨਵੀਂ ਦਿੱਲੀ: ਭਾਰਤੀ ਏ ਟੀਮ ਵਿੱਚ ਜਗ੍ਹਾ ਪਾਉਣ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਧਮਾਕੇਦਾਰ ਬੱਲੇਬਾਜ਼ ਸੁਰੇਸ਼ ਰੈਨਾ ਅਤੇ ਲੈੱਗ ਸਪਿਨਰ ਅਮਿਤ ਮਿਸ਼ਰਾ ਫ਼ਿਟਨੈੱਸ ਟੈਸਟ ਵਿੱਚ ਫ਼ੇਲ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਭਾਰਤੀ ਟੀਮ ਅਤੇ ਇੰਡੀਆ ਏ ਵਿੱਚ ਜਗ੍ਹਾ ਹਾਸਲ ਕਰਨ ਲਈ ਫ਼ਿਰ ਤੋਂ ਮਿਹਨਤ ਕਰਨੀ ਪਵੇਗੀ। ਤਾਮਿਲਨਾਡੂ ਦੇ ਆਲਰਾਊਂਡਰ ਵਾਸ਼ੀਂਗਟਨ ਸੁੰਦਰ ਦੀ ਵੀ ਫ਼ਿਟਨੈੱਸ ਸਬੰਧੀ ਕੁਝ ਪਰੇਸ਼ਾਨੀਆਂ ਹਨ ਅਤੇ ਇਸ ਲਈ ਉਨ੍ਹਾਂ ਦੇ ਟੈਸਟ ਨੂੰ ਲੈ ਕੇ ਅਸਪੱਸ਼ਟਤਾ ਬਣੀ ਹੋਈ ਹੈ।
ਰੈਨਾ ਅਤੇ ਮਿਸ਼ਰਾ ਨੂੰ ਖ਼ਰਾਬ ਫ਼ਾਰਮ ਅਤੇ ਫ਼ਿਟਨੈਸ ਦੀ ਵਜ੍ਹਾ ਕਰਕੇ ਭਾਰਤੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਕੌਮੀ ਟੀਮ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣਾ ਪੱਧਰ ਚੁੱਕ ਕੇ ਫ਼ਿਟਨੈੱਸ ਨੂੰ ਸਭ ਤੋਂ ਵੱਡਾ ਪੈਮਾਨਾ ਬਣਾ ਕੇ ਰੱਖਿਆ ਹੈ। ਚੋਣਕਰਤਾ ਇਸ ਗੱਲ ਉੱਤੇ ਵੀ ਧਿਆਨ ਦਿੰਦੇ ਹਨ ਕਿ ਬੈਂਚ ਸਟਰੈਂਥ ਵੀ ਫ਼ਿਟ ਹੋਵੇ ਅਤੇ ਉਹ ਭਾਰਤੀ ਖਿਡਾਰੀਆਂ ਲਈ ਉੱਚ-ਪੱਧਰ ਸਥਾਪਤ ਕਰੇ।
ਇਕ ਰਿਪੋਰਟ ਮੁਤਾਬਕ ਚੋਣਕਰਤਾ ਤਿਆਰ ਸਨ ਕਿ ਨਿਊਜ਼ੀਲੈਂਡ ਏ ਖਿਲਾਫ਼ ਹੋਣ ਵਾਲੇ ਮੁਕਾਬਲਿਆਂ ਲਈ ਸੁਰੇਸ਼ ਰੈਨਾ ਅਤੇ ਅਮਿਤ ਮਿਸ਼ਰਾ ਨੂੰ ਇੰਡੀਆ ਏ ਵਿੱਚ ਸ਼ਾਮਲ ਕੀਤਾ ਜਾਵੇ। ਹਾਲਾਂਕਿ, ਦੋਨੋਂ ਫ਼ਿਟਨੈੱਸ ਟੈਸਟ ਵਿੱਚ ਫ਼ੇਲ ਹੋ ਗਏ ਜਦੋਂ ਕਿ ਕੌਮੀ ਕ੍ਰਿਕਟ ਅਕੈਡਮੀ ਦੇ ਕੋਚਿੰਗ ਸਟਾਫ਼ ਦੀ ਨਿਗਰਾਨੀ ਵਿੱਚ ਦੋਨਾਂ ਨੇ ਫ਼ਿਟਨੈਸ ਉੱਤੇ ਕੰਮ ਕੀਤਾ ਸੀ।
ਬੋਰਡ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮਿਸ਼ਰਾ ਪਿਛਲੇ ਚਾਰ ਮਹੀਨਿਆਂ ਤੋਂ ਐਨ.ਸੀ.ਏ. ਵਿੱਚ ਟ੍ਰੇਨਿੰਗ ਕਰ ਰਹੇ ਹਨ, ਪਰ ਫ਼ਿਰ ਵੀ ਟੈਸਟ ਵਿੱਚ ਪਾਸ ਨਹੀਂ ਹੋ ਸਕੇ। ਯੁਜਵੇਂਦਰ ਚਹਿਲ ਦੀ ਸਫ਼ਲਤਾ ਨੂੰ ਵੇਖ ਦੇ ਹੋਏ ਚੋਣਕਰਤਾਵਾਂ ਦਾ ਧਿਆਨ ਮਿਸ਼ਰਾ ਨੂੰ ਬਤੌਰ ਬੈਕਅੱਪ ਇਸਤੇਮਾਲ ਕਰਨ ਦਾ ਸੀ। ਪਰ ਉਨ੍ਹਾਂ ਦੀ ਫ਼ਿਟਨੈਸ ਚੰਗੀ ਨਾ ਹੋਣ ਕਾਰਨ ਚੋਣਕਰਤਾ ਨੂੰ ਇੰਡੀਆ ਏ ਵਿੱਚ ਉਨ੍ਹਾਂ ਨੂੰ ਚੁਣਨ ਵਿੱਚ ਪਰੇਸ਼ਾਨੀ ਹੋਈ।
ਇਹੀ ਹਾਲ ਸੁਰੇਸ਼ ਰੈਨਾ ਦਾ ਵੀ ਰਿਹਾ ਜੋ ਇੰਡੀਆ ਏ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਵਿੱਚ ਵਾਪਸੀ ਉੱਤੇ ਨਜ਼ਰਾਂ ਜਮਾਏ ਹੋਏ ਸਨ। ਹੁਣ ਜਦੋਂ ਰੈਨਾ ਵੀ ਫ਼ਿਟਨੈਸ ਟੈਸਟ ਵਿੱਚ ਫ਼ੇਲ ਹੋ ਗਏ ਹਨ, ਅਜਿਹੇ ਵਿੱਚ ਰਾਸ਼ਟਰੀ ਟੀਮ ਵਿੱਚ ਉਨ੍ਹਾਂ ਦੀ ਵਾਪਸੀ ਮੁਸ਼ਕਲ ਹੋ ਗਈ ਹੈ॥