ਅਭਿਨੇਤਰੀ-ਡਿਜ਼ਾਈਨਰ ਮੰਦਿਰਾ ਬੇਦੀ ਨੂੰ ਅੱਜ ਵੀ ਕਈ ਲੋਕ 1990 ਦੇ ਦਹਾਕੇ ‘ਚ ਸੀਰੀਅਲ ‘ਸ਼ਾਂਤੀ’ ‘ਚ ਇਕ ਦਮਦਾਰ ਔਰਤ ਦੀ ਭੂਮਿਕਾ ਲਈ ਹੀ ਜਾਣਦੇ ਹਨ। ਪਿਛਲੇ ਸਾਲ ਹੀ ਛੋਟੇ ਪਰਦੇ ‘ਤੇ ਹਿਟ ਸੀਰੀਜ਼ ’24’ ‘ਚ ਦਿਖਾਈ ਦਿੱਤੀ ਮੰਦਿਰਾ ਦਾ ਕਹਿਣਾ ਹੈ ਕਿ ਹੁਣ ਉਹ ਮੁੜ ਤੋਂ ਕਿਸੇ ਵੀ ਸੀਰੀਅਲ ‘ਚ ਕੰਮ ਨਹੀਂ ਕਰੇਗੀ ਕਿਉਂਕਿ ਇਹ ਕਿਸੇ ਫ਼ੈਕਟਰੀ ਵਰਗੇ ਹੁੰਦੇ ਹਨ। ਇਸ ਦੇ ਲਈ ਮਹੀਨੇ ‘ਚ ਘੱਟੋ-ਘੱਟ 25 ਦਿਨ ਦੇਣੇ ਹੁੰਦੇ ਹਨ ਪਰ ਆਪਣੇ ਸਟੋਰ ਅਤੇ ਡਿਜ਼ਾਈਨਿੰਗ ਦੇ ਕੰਮ ‘ਚ ਬਿਜ਼ੀ ਹੋਣ ਕਰ ਕੇ ਉਸ ਕੋਲ ਸਮਾਂ ਨਹੀਂ ਹੈ।
ਜਿਥੋਂ ਤਕ ਫ਼ਿਲਮਾਂ ਦੀ ਗੱਲ ਹੈ, ਉਹ ਕਹਿੰਦੀ ਹੈ ਕਿ ਫ਼ਿਲਹਾਲ ਉਸ ਕੋਲ ਕੋਈ ਫ਼ਿਲਮ ਨਹੀਂ ਹੈ। ਕਾਰਨ ਦੱਸਦੀ ਹੈ, ”ਇਸ ਸਮੇਂ ਮੇਰੇ ਕੋਲ ਕੋਈ ਫ਼ਿਲਮ ਨਹੀਂ ਹੈ ਕਿਉਂਕਿ ਫ਼ਿਲਮ ਨਗਰੀ ਵਾਲਿਆਂ ਨੂੰ ਪਤਾ ਹੀ ਨਹੀਂ ਕਿ ਉਹ ਮੇਰਾ ਕੀ ਕਰਨ। ਕਿਸੇ ਦਿਨ ਮੇਰੇ ਕੋਲ ਆਈਟਮ ਨੰਬਰ ਦਾ ਆਫ਼ਰ ਆਉਂਦਾ ਹੈ ਤਾਂ ਕਦੇ ਭਾਬੀ, ਕਦੇ ਕਿਸੇ ਦੀ ਭੈਣ ਦਾ ਤਾਂ ਕਦੇ ਕਿਸੇ ਹੋਰ ਕਿਰਦਾਰ ਲਈ ਆਫ਼ਰ ਮਿਲਦੇ ਹਨ। ਇਸ ਤੋਂ ਸਾਫ਼ ਹੈ ਕਿ ਫ਼ਿਲਮ ਵਾਲੇ ਜਾਣਦੇ ਹੀ ਨਹੀਂ ਕਿ ਉਹ ਮੈਨੂੰ ਕਿਸ ਤਰ੍ਹਾਂ ਦੇ ਆਫ਼ਰ ਦੇ ਸਕਦੇ ਹਨ।” 43 ਸਾਲ ਦੀ ਉਮਰ ‘ਚ ਵੀ ਫ਼ਿਟ ਰਹਿਣ ਵਾਲੀ ਮੰਦਿਰਾ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਦੁਬਾਰਾ ਫ਼ਿਲਮੀ ਪਰਦੇ ‘ਤੇ ਦਿਖਾਈ ਨਹੀਂ ਦੇਵੇਗੀ ਜਦੋਂ ਤਕ ਉਸ ਨੂੰ ਕੋਈ ਮਨਪਸੰਦ ਜਾਂ ਦਮਦਾਰ ਕਿਰਦਾਰ ਨਹੀਂ ਮਿਲਦਾ। ਉਦੋਂ ਤਕ ਉਹ ਆਪਣੇ ਡਿਜ਼ਾਈਨਿੰਗ ਦੇ ਕੰਮ ‘ਚ ਬਿਜ਼ੀ ਰਹਿਣਾ ਪਸੰਦ ਕਰੇਗੀ। ਇਨ੍ਹੀਂ ਦਿਨੀਂ ਉਹ ਸਾੜ੍ਹੀਆਂ ਡਿਜ਼ਾਈਨ ਕਰ ਰਹੀ ਹੈ।









