ਹੋਟਲ ਦੀ ਲਿਫਟ ‘ਚ ਫਸੇ ਸ਼ਸ਼ੀ ਥਰੂਰ, ਰੈਸਕਿਊ ਟੀਮ ਨੇ ਹਾਈਡ੍ਰੌਲਿਕ ਸਪ੍ਰੈਡਰ ਨਾਲ ਦਰਵਾਜ਼ਾ ਤੋੜ ਕੇ ਕੱਢਿਆ ਬਾਹਰ

ਨੈਸ਼ਨਲ ਡੈਸਕ : ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਸ਼ੁੱਕਰਵਾਰ ਸ਼ਾਮ ਨੂੰ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਇੱਕ ਨਿੱਜੀ ਹੋਟਲ ਦੀ ਲਿਫਟ ਵਿੱਚ ਕਰੀਬ 15 ਮਿੰਟ ਤੱਕ ਫਸੇ ਰਹੇ। ਇਸ ਘਟਨਾ ਨਾਲ ਹੋਟਲ ਕੰਪਲੈਕਸ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਹੜਕੰਪ ਮਚ ਗਿਆ। ਹਾਲਾਂਕਿ, ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਤਕਨੀਕੀ ਖਰਾਬੀ ਕਾਰਨ ਲਾਕ ਹੋਇਆ ਦਰਵਾਜ਼ਾ
ਜਾਣਕਾਰੀ ਅਨੁਸਾਰ ਸ਼ਸ਼ੀ ਥਰੂਰ ‘ਰੋਟਰੀ ਕਲੱਬ ਆਫ ਤ੍ਰਿਵੇਂਦਰਮ ਈਸਟ’ ਦੇ ਇੱਕ ਸਥਾਪਨਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਹੋਟਲ ਪਹੁੰਚੇ ਸਨ। ਤਕਨੀਕੀ ਖਰਾਬੀ ਕਾਰਨ ਲਿਫਟ ਤੈਅ ਮੰਜ਼ਿਲ ‘ਤੇ ਪੂਰੀ ਤਰ੍ਹਾਂ ਨਹੀਂ ਪਹੁੰਚ ਸਕੀ, ਜਿਸ ਕਾਰਨ ਉਸਦਾ ਆਟੋਮੈਟਿਕ ਡੋਰ ਲਾਕ ਹੋ ਗਿਆ। ਹੋਟਲ ਸਟਾਫ ਅਤੇ ਮਕੈਨਿਕਾਂ ਨੇ ਲੋਹੇ ਦੀਆਂ ਰਾਡਾਂ ਨਾਲ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।
ਹਾਈਡ੍ਰੌਲਿਕ ਸਪ੍ਰੈਡਰ ਦੀ ਮਦਦ ਨਾਲ ਕੀਤਾ ਰੈਸਕਿਊ
ਫਾਇਰ ਐਂਡ ਰੈਸਕਿਊ ਸਰਵਿਸਿਜ਼ ਨੂੰ ਸ਼ਾਮ 7:37 ਵਜੇ ਸੂਚਨਾ ਮਿਲੀ, ਜਿਸ ਤੋਂ ਤੁਰੰਤ ਬਾਅਦ ਬਚਾਅ ਟੀਮ ਮੌਕੇ ‘ਤੇ ਭੇਜੀ ਗਈ। ਅਧਿਕਾਰੀਆਂ ਨੇ ਆਧੁਨਿਕ ‘ਹਾਈਡ੍ਰੌਲਿਕ ਸਪ੍ਰੈਡਰ’ ਟੂਲ ਦੀ ਵਰਤੋਂ ਕੀਤੀ ਅਤੇ ਮਹਿਜ਼ ਕੁਝ ਹੀ ਮਿੰਟਾਂ ਵਿੱਚ ਸ਼ਾਮ 7:51 ਵਜੇ ਲਿਫਟ ਦੇ ਭਾਰੀ ਦਰਵਾਜ਼ਿਆਂ ਨੂੰ ਖੋਲ੍ਹ ਦਿੱਤਾ।
ਮੁਸਕਰਾਉਂਦੇ ਹੋਏ ਬਾਹਰ ਆਏ ਸ਼ਸ਼ੀ ਥਰੂਰ
ਜਿਵੇਂ ਹੀ ਲਿਫਟ ਦਾ ਦਰਵਾਜ਼ਾ ਖੁੱਲ੍ਹਿਆ, ਸ਼ਸ਼ੀ ਥਰੂਰ ਚਿਹਰੇ ‘ਤੇ ਮੁਸਕਾਨ ਲੈ ਕੇ ਬਾਹਰ ਆਏ। ਉਨ੍ਹਾਂ ਨੇ ਰਾਹਤ ਦਾ ਸਾਹ ਲੈਂਦਿਆਂ ਬਚਾਅ ਟੀਮ ਦੇ ਜਵਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ, “ਵੇਲ ਡਨ! ਤੁਸੀਂ ਬਹੁਤ ਸ਼ਾਨਦਾਰ ਕੰਮ ਕੀਤਾ ਹੈ”। ਥਰੂਰ ਨੇ ਅਧਿਕਾਰੀਆਂ ਦੀ ਫੁਰਤੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਚਾਹ ਪੀਣ ਦਾ ਸੱਦਾ ਵੀ ਦਿੱਤਾ, ਪਰ ਅਧਿਕਾਰੀਆਂ ਨੇ ਆਪਣੀ ਡਿਊਟੀ ਦਾ ਹਵਾਲਾ ਦਿੰਦੇ ਹੋਏ ਨਿਮਰਤਾ ਨਾਲ ਮਨ੍ਹਾ ਕਰ ਦਿੱਤਾ। ਬਾਅਦ ਵਿੱਚ ਥਰੂਰ ਨੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।