ਹੈਡਿੰਗ ਮਿਸਿੰਗ ਸੀ

ਬੌਲੀਵੁਡ ‘ਚ ਹਮੇਸ਼ਾ ਹੀ ਐਕਸ਼ਨ ਫ਼ਿਲਮਾਂ ਸਫ਼ਲ ਸਿੱਧ ਹੋਈਆਂ ਹਨ। ਇਨ੍ਹਾਂ ਫ਼ਿਲਮਾਂ ਨੇ ਸਮੇਂ-ਸਮੇਂ ਕਈ ਐਕਸ਼ਨ ਹੀਰੋ ਵੀ ਫ਼ਿਲਮ ਇੰਡਸਟਰੀ ਨੂੰ ਦਿੱਤੇ। ਪਿਛਲੇ ਕੁੱਝ ਸਮੇਂ ਤੋਂ ਭਾਵੇਂ ਅਜਿਹੀਆਂ ਫ਼ਿਲਮਾਂ ਬਣਨੀਆਂ ਘਟ ਗਈਆਂ ਹਨ, ਪਰ ਫ਼ਿਰ ਵੀ ਕੁੱਝ ਕੁ ਬੌਲੀਵੁਡ ਨਾਇਕਾਂ ਦੀਆਂ ਐਕਸ਼ਨ ਫ਼ਿਲਮਾਂ ਅੱਜ ਵੀ ਸੁਪਰਹਿੱਟ ਹੀ ਸਾਬਿਤ ਹੁੰਦੀਆਂ ਹਨ …

ਬੌਲੀਵੁਡ ‘ਚ ਐਕਸ਼ਨ ਸ਼ੁਰੂ ਤੋਂ ਚੱਲਦਾ ਆਇਆ ਹੈ, ਅਤੇ ਐਕਸ਼ਨ ਫ਼ਿਲਮਾਂ ਨੂੰ ਫ਼ਿਲਮਸਾਜ਼ ਵੀ ਪੈਸਾ ਕਮਾਉਣ ਦੇ ਮਾਮਲੇ ‘ਚ ਚੰਗੀਆਂ ਮੰਨਦੇ ਹਨ। ਭਾਰਤੀ ਸਿਨੇਮਾ ਦੇ ਸ਼ੁਰੂਆਤੀ ਦੌਰ ‘ਚ ਐਕਸ਼ਨ ਫ਼ਿਲਮਾਂ ਨਾਂਹ ਦੇ ਬਰਾਬਰ ਬਣਦੀਆਂ ਸਨ, ਅਤੇ ਜੇ ਕਿਤੇ ਕੋਈ ਐਕਸ਼ਨ ਫ਼ਿਲਮ ਬਣਦੀ ਵੀ ਸੀ ਤਾਂ ਉਸ ਨੂੰ ਸਿਨੇਮਾ ਪ੍ਰੇਮੀਆਂ ਵਲੋਂ ਚੰਗਾ ਹੁੰਗਾਰਾ ਨਹੀਂ ਸੀ ਮਿਲਦਾ। ਇਨ੍ਹਾਂ ਫ਼ਿਲਮਾਂ ਨੂੰ ਉਸ ਵਕਤ ਸੀ-ਗ੍ਰੇਡ ਫ਼ਿਲਮਾਂ ਮੰਨਿਆ ਜਾਂਦਾ ਸੀ। 1970 ਦੇ ਦਹਾਕੇ ਵਿੱਚ ਐਕਸ਼ਨ ਫ਼ਿਲਮਾਂ ਨੇ ਸਾਰੇ ਵਿਸ਼ਿਆਂ ਨੂੰ ਪਿੱਛੇ ਛੱਡ ਦਿੱਤਾ ਅਤੇ ਲਗਾਤਾਰ 30 ਸਾਲ 90 ਫ਼ੀਸਦੀ ਫ਼ਿਲਮਾਂ ਐਕਸ਼ਨ ਦੇ ਆਲੇ-ਦੁਆਲੇ ਹੀ ਘੁੰਮਦੀਆਂ ਰਹੀਆਂ। ਨਿਰਮਾਤਾ-ਨਿਰਦੇਸ਼ਕ ਬਿਨਾਂ ਲੋੜ ਤੋਂ ਕਈ ਐਕਸ਼ਨ ਸੀਨ ਫ਼ਿਲਮਾਂ ‘ਚ ਪਾ ਦਿੰਦੇ ਸਨ। ਜਦੋਂ ਦਰਸ਼ਕ ਇਸ ਤੋਂ ਜਾਣੂ ਹੋ ਗਏ ਤਾਂ ਫ਼ਿਰ ਤਬਦੀਲੀ ਦੇਖਣ ਨੂੰ ਮਿਲੀ। ਅੱਜ ਫ਼ਿਲਮਾਂ ‘ਚ ਐਕਸ਼ਨ ਘੱਟ ਗਿਆ ਹੈ, ਪਰ ਫ਼ਿਰ ਵੀ ਇਸ ਦਾ ਦਬਦਬਾ ਬਣਿਆ ਹੋਇਆ ਹੈ। ਹੁਣ ਫ਼ਿਲਮਾਂ ‘ਚ ਐਕਸ਼ਨ ਸੀਨ ਨੂੰ ਇੱਕ ਚੰਗੀ ਕਹਾਣੀ ਨਾਲ ਪੇਸ਼ ਕੀਤਾ ਜਾਣ ਲੱਗਾ ਹੈ। ਇਨ੍ਹਾਂ ਫ਼ਿਲਮਾਂ ਦੀ ਸਫ਼ਲਤਾ ਕਾਰਨ ਕਈ ਅਦਾਕਾਰ ਐਕਸ਼ਨ ਹੀਰੋ ਵਜੋਂ ਇੰਡਸਟਰੀ ‘ਚ ਸਥਾਪਿਤ ਵੀ ਹੋਏ। ਹਰ ਸਾਲ ਅਜਿਹੀਆਂ ਕੁੱਝ ਐਕਸ਼ਨ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਜਿਨ੍ਹਾਂ ‘ਚ ਦਮਦਾਰ ਐਕਸ਼ਨ ਸੀਨ ਦੇਖਣ ਨੂੰ ਮਿਲਦੇ ਹਨ। ਹੁਣ ਤਾਂ ਕੁੱਝ ਅਭਿਨੇਤਰੀਆਂ ਵੀ ਫ਼ਿਲਮਾਂ ‘ਚ ਦਮਦਾਰ ਐਕਸ਼ਨ ਦਿਖਾਉਣ ਲੱਗੀਆਂ ਹਨ। ਅੱਜ ਅਸੀਂ ਬੌਲੀਵੁੱਡ ਦੇ ਅਜਿਹੇ ਹੀ 10 ਦਮਦਾਰ ਐਕਸ਼ਨ ਹੀਰੋਜ਼ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਕਈ ਹਿੱਟ ਐਕਸ਼ਨ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ।
ਧਰਮਿੰਦਰ
ਬੌਲੀਵੁਡ ‘ਚ ਹੀਮੈਨ ਵਜੋਂ ਜਾਣੇ ਜਾਂਦੇ ਧਰਮਿੰਦਰ ਨੂੰ ਭਾਰਤ ਦਾ ਪਹਿਲਾਂ ਐਕਸ਼ਨ ਹੀਰੋ ਮੰਨਿਆ ਜਾਂਦਾ ਹੈ। ਸੋਹਣਾ ਚਿਹਰਾ, ਕੱਦ-ਕਾਠ ਵਲੋਂ ਵੀ ਠੀਕ-ਠਾਕ ਅਤੇ ਫ਼ਿੱਟ ਬੌਡੀ ਵਾਲਾ ਧਰਮਿੰਦਰ ਜਦੋਂ ਫ਼ਿਲਮਾਂ ‘ਚ ਗੁੰਡਿਆਂ ਨਾਲ ਲੜਦਾ ਤਾਂ ਉਸ ਦੀ ਐਕਟਿੰਗ ਅਤੇ ਐਕਸ਼ਨ ਦੇਖਣ ਵਾਲੇ ਹੁੰਦੇ ਸਨ। ਫ਼ਿਲਮ ਫੂਲ ਔਰ ਪੱਥਰ ‘ਚ ਉਸ ਨੇ ਕਮੀਜ਼ ਉਤਾਰ ਕੇ ਆਪਣਾ ਸ਼ਰੀਰ ਦਿਖਾ ਕੇ ਹੰਗਾਮਾ ਮਚਾ ਦਿੱਤਾ। ਧਰਮਿੰਦਰ ਦਾ ਐਕਸ਼ਨ ਹਮੇਸ਼ਾ ਦਰਸ਼ਕਾਂ ਨੂੰ ਪਸੰਦ ਆਇਆ ਹੈ। ਐਕਸ਼ਨ ਦੇ ਨਾਲ-ਨਾਲ ਉਸ ਦੇ ਡਾਇਲਾਗ ਬੋਲਣ ਦਾ ਅੰਦਾਜ਼ ਵੀ ਦਮਦਾਰ ਸੀ। ਦਰਸ਼ਕ ਐਕਸ਼ਨ ਦੇ ਨਾਲ-ਨਾਲ ਉਸ ਦੀ ਆਵਾਜ਼ ਦੇ ਵੀ ਦੀਵਾਨੇ ਸਨ। ਉਸ ਨੇ ਹਰ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ, ਜਿਵੇਂ ਕੌਮੇਡੀ, ਰੁਮੈਂਟਿਕ ਅਤੇ ਸੰਜੀਦਾ, ਪਰ ਐਕਸ਼ਨ ਫ਼ਿਲਮਾਂ ‘ਚ ਪੰਜਾਬ ਦੇ ਇਸ ਪੁੱਤਰ ਦਾ ਕੋਈ ਜਵਾਬ ਨਹੀਂ ਸੀ। ਅੱਜ ਵੀ ਦਰਸ਼ਕ ਉਸ ਦੀਆਂ ਪੁਰਾਣੀਆਂ ਐਕਸ਼ਨ ਫ਼ਿਲਮਾਂ ਦੇਖਣੀਆਂ ਪਸੰਦ ਕਰਦੇ ਹਨ।
ਵਿਨੋਦ ਖੰਨਾ
ਅਦਾਕਾਰ ਵਿਨੋਦ ਖੰਨਾ ਨੇ ਜੇ ਸ਼ੁਰੂਆਤੀ ਦੌਰ ‘ਚ ਖ਼ਤਰਨਾਕ ਵਿਲੇਨ ਬਣ ਕੇ ਦਰਸ਼ਕਾਂ ਨੂੰ ਡਰਾਇਆ ਤਾਂ ਬਾਅਦ ਵਿੱਚ ਹੀਰੋ ਵਜੋਂ ਉਨ੍ਹਾਂ ਦਾ ਦਿਲ ਜਿੱਤਣ ‘ਚ ਵੀ ਸਫ਼ਲਤਾ ਹਾਸਿਲ ਕੀਤੀ। ਦੋਹਾਂ ਤਰ੍ਹਾਂ ਦੀਆਂ ਭੂਮਿਕਾਵਾਂ ‘ਚ ਉਸ ਨੇ ਬਰਾਬਰ ਦੀ ਕਾਮਯਾਬੀ ਹਾਸਲ ਕੀਤੀ। ਸ਼ਰੀਰਕ ਤੌਰ ‘ਤੇ ਵੀ ਉਹ ਐਕਸ਼ਨ ਹੀਰੋ ਦੇ ਰੂਪ ‘ਚ ਪੂਰਾ ਫ਼ਿੱਟ ਨਜ਼ਰ ਆਉਾਂਦਾ ਸੀ। ਅਮਿਤਾਭ ਬੱਚਨ ਦੇ ਸੁਨਹਿਰੀ ਦੌਰ ‘ਚ ਵਿਨੋਦ ਖੰਨਾ ਨੇ ਉਸ ਨੂੰ ਐਕਸ਼ਨ ਫ਼ਿਲਮਾਂ ‘ਚ ਬਰਾਬਰ ਦੀ ਟੱਕਰ ਦਿੱਤੀ। ਡਾਕੂ ਦੇ ਰੋਲ ‘ਚ ਉਹ ਖ਼ਾਸ ਪ੍ਰਭਾਵ ਛੱਡਦਾ ਸੀ। ਪੇਂਡੂ ਹੋਵੇ ਜਾਂ ਸ਼ਹਿਰੀ, ਵਿਨੋਦ ਨੇ ਆਪਣੇ ਐਕਸ਼ਨ ਦੇ ਸਹਾਰੇ ਹਰ ਭੂਮਿਕਾ ਨੂੰ ਭਰੋਸੇਯੋਗ ਬਣਾਇਆ। ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਉਸ ਨੇ ਪੁਲੀਸ ਅਧਿਕਾਰੀ ਦੀਆਂ ਯਾਦਗਾਰੀ ਭੂਮਿਕਾਵਾਂ ਵੀ ਨਿਭਾਈਆਂ ਜੋ ਉਸ ਦੇ ਐਕਸ਼ਨ ਦਾ ਹੀ ਸਿੱਟਾ ਸੀ। ਰੇਸ਼ਮਾ ਔਰ ਸ਼ੇਰਾ, ਮੇਰਾ ਗਾਓਂ ਮੇਰਾ ਦੇਸ, ਕੱਚੇ ਧਾਗੇ, ਪਰਵਰਿਸ਼, ਖ਼ੂਨ ਪਸੀਨਾ, ਕੁਰਬਾਨੀ, ਇਨਸਾਫ਼, ਜੁਰਮ, ਮਹਾਸੰਗ੍ਰਾਮ, ਆਦਿ ਉਸ ਦੀਆਂ ਪ੍ਰਮੁੱਖ ਐਕਸ਼ਨ ਫ਼ਿਲਮਾਂ ਸਨ।
ਸਨੀ ਦਿਓਲ
ਧਰਮਿੰਦਰ ਦਾ ਵੱਡਾ ਬੇਟਾ ਸਨੀ ਦਿਓਲ ਤਾਂ ਜਿਵੇਂ ਬਣਿਆ ਹੀ ਐਕਸ਼ਨ ਫ਼ਿਲਮਾਂ ਲਈ ਹੋਵੇ। ਜਦੋਂ ਉਹ ਬੁਲੰਦ ਆਵਾਜ਼ ‘ਚ ਦਹਾੜਦਾ ਹੈ ਤਾਂ ਸਿਨੇਮਾ ਹਾਲ ‘ਚ ਖ਼ਾਮੋਸ਼ੀ ਜਿਹੀ ਛਾ ਜਾਂਦੀ ਹੈ। ਕਈ ਵਾਰ ਤਾਂ ਉਸ ਦੀਆਂ ਫ਼ਿਲਮਾਂ ਦੇਖ ਕੇ ਦਰਸ਼ਕ ਵੀ ਉਤਸ਼ਾਹ ‘ਚ ਆ ਜਾਂਦੇ ਹਨ। ਇਹੀ ਹੈ ਸੰਨੀ ਦੇ ਐਕਸ਼ਨ ਅਤੇ ਅੰਦਾਜ਼ ਦਾ ਸਭ ਤੋਂ ਵੱਡਾ ਜਾਦੂ। ਜ਼ਿਆਦਾਤਰ ਫ਼ਿਲਮਾਂ ‘ਚ ਉਸ ਦਾ ਕਿਰਦਾਰ ਦੁਸ਼ਮਣਾਂ ਦੇ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹੁੰਦਾ ਹੈ। ਫ਼ਿਲਮ ਗ਼ਦਰ ‘ਚ ਉਹ ਇਕੱਲਾ ਹੀ ਪਾਕਿਸਤਾਨੀ ਫ਼ੌਜ ਨੂੰ ਪਿਛਾੜਦਾ ਨਜ਼ਰ ਆਇਆ। ਇਸ ਫ਼ਿਲਮ ‘ਚ ਉਸ ਦੁਆਰਾ ਨਲਕਾ ਪੁੱਟਣ ਵਾਲਾ ਸੀਨ ਕਾਫ਼ੀ ਚਰਚਿਤ ਹੋਇਆ। ਉਸ ਦੀ ਖ਼ਾਸੀਅਤ ਇਹੀ ਹੈ ਕਿ ਉਹ ਕਾਲਪਨਿਕ ਕਿਰਦਾਰਾਂ ਨੂੰ ਵੀ ਸਜੀਵ ਕਰਨ ਦਾ ਦਮ ਰੱਖਦਾ ਹੈ। ਉਹ ਹੁਣ ਤਕ ਆਪਣੀਆਂ ਸਾਰੀਆਂ ਫ਼ਿਲਮਾਂ ‘ਚ ਹਮੇਸ਼ਾ ਚੰਗਿਆਈ ਵਾਲੇ ਪਾਸੇ ਖੜ੍ਹਾ ਨਜ਼ਰ ਆਇਆ ਹੈ। ਇਸੇ ਕਾਰਨ ਸਨੀ ਨੇ ਹੀਰੋ ਦੇ ਰੂਪ ‘ਚ ਲੰਬੀ ਪਾਰੀ ਖੇਡੀ ਅਤੇ ਧਮਾਕੇਦਾਰ ਐਕਸ਼ਨ ਨਾਲ ਹਰ ਵਿਲੇਨ ਨੂੰ ਮਾਤ ਦਿੱਤੀ।
ਸਲਮਾਨ ਖ਼ਾਨ
ਬੌਲੀਵੁਡ ‘ਚ ਸਲਮਾਨ ਖ਼ਾਨ ਦਾ ਇੱਕ ਵੱਖਰਾ ਹੀ ਮੁਕਾਮ ਹੈ। ਉਸ ਨੂੰ ਰੁਮੈਂਟਿਕ ਅਤੇ ਐਕਸ਼ਨ ਦੋਹੇਂ ਤਰ੍ਹਾਂ ਦੀਆਂ ਫ਼ਿਲਮਾਂ ‘ਚ ਦੇਖਣਾ ਦਰਸ਼ਕ ਪਸੰਦ ਕਰਦੇ ਹਨ। ਰੁਮੈਂਟਿਕ ਫ਼ਿਲਮਾਂ ਦੇ ਦੌਰ ‘ਚ ਵੀ ਉਹ ਬਾਗ਼ੀ, ਕਰਨ ਅਰਜੁਨ, ਜੀਤ, ਔਜ਼ਾਰ ਵਰਗੀਆਂ ਐਕਸ਼ਨ ਫ਼ਿਲਮਾਂ ਕਰਦਾ ਰਿਹਾ। ਫ਼ਿਰ ਇੱਕ ਦੌਰ ਅਜਿਹਾ ਆਇਆ ਜਦੋਂ ਸਲਮਾਨ ਦੇ ਡੁੱਬਦੇ ਕਰੀਅਰ ਨੂੰ ਐਕਸ਼ਨ ਫ਼ਿਲਮਾਂ ਨੇ ਮੁੜ ਸਥਾਪਿਤ ਕੀਤਾ। ਵੌਂਟੇਡ, ਦਬੰਗ, ਬੌਡੀਗਾਰਡ, ਏਕ ਥਾ ਟਾਈਗਰ, ਅਤੇ ਟਾਈਗਰ ਜ਼ਿੰਦਾ ਹੈ ਵਰਗੀਆਂ ਫ਼ਿਲਮਾਂ ਕਾਰਨ ਉਸ ਦਾ ਕਰੀਅਰ ਮੁੜ ਸਿਖਰ ‘ਤੇ ਪਹੁੰਚ ਗਿਆ। ਅੱਜ-ਕੱਲ੍ਹ ਦਰਸ਼ਕ ਉਸ ਨੂੰ ਐਕਸ਼ਨ ਫ਼ਿਲਮਾਂ ‘ਚ ਦੇਖਣਾ ਜ਼ਿਆਦਾ ਪਸੰਦ ਕਰ ਰਹੇ ਹਨ।
ਸੰਜੇ ਦੱਤ
ਸੰਜੇ ਦੱਤ ਦੀ ਸ਼ਖ਼ਸੀਅਤ ਦੇਖ ਕੇ ਅਸੀਂ ਆਖ ਸਕਦੇ ਹਾਂ ਕਿ ਇਹ ਬੰਦਾ ਤਾਂ ਬਣਿਆ ਹੀ ਐਕਸ਼ਨ ਫ਼ਿਲਮਾਂ ਲਈ ਹੈ। ਐਕਸ਼ਨ ਸੀਨ ਨੂੰ ਉਹ ਬਾਖ਼ੂਬੀ ਨਿਭਾ ਲੈਂਦਾ ਹੈ। ਉਸ ਦੇ ਸ਼ਰੀਰ ਦੀ ਬਣਤਰ ਵੀ ਅਜਿਹੇ ਕਿਰਦਾਰਾਂ ਲਈ ਬਿਲਕੁਲ ਢੁਕਵੀਂ ਹੈ। ਹੱਥ ‘ਚ ਪਿਸਤੌਲ ਲੈ ਕੇ ਜਦੋਂ ਉਹ ਨਿਸ਼ਾਨਾ ਲਗਾਉਾਂਦਾਹੈ ਤਾਂ ਉਸ ਦੀਆਂ ਅੱਖਾਂ ਦੀ ਚਮਕ ਦੇਖਣ ਵਾਲੀ ਹੁੰਦੀ ਹੈ। ਗੈਂਗਸਟਰ ਦਾ ਰੋਲ ਹੋਵੇ ਤਾਂ ਅਜਿਹਾ ਲਗਦਾ ਹੀ ਨਹੀਂ ਕਿ ਸੰਜੇ ਅਭਿਨੈ ਕਰ ਰਿਹਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਸਾਡੇ ਸਾਹਮਣੇ ਸੱਚਮੁੱਚ ਕੋਈ ਗੈਂਗਸਟਰ ਹੀ ਹੈ। ਸੰਜੇ ਦੇ ਐਕਸ਼ਨ ‘ਚ ਇੱਕ ਵੱਖਰਾ ਹੀ ਅੰਦਾਜ਼ ਹੈ ਜੋ ਉਸ ਨੂੰ ਦੂਜੇ ਐਕਸ਼ਨ ਹੀਰੋਜ਼ ਤੋਂ ਵੱਖਰੀ ਕਤਾਰ ਵਿੱਚ ਖੜ੍ਹਾ ਕਰਦਾ ਹੈ। ਆਪਣੇ ਲੰਬੇ ਕਰੀਅਰ ਦੌਰਾਨ ਸੰਜੇ ਦੱਤ ਨੇ ਜ਼ਿਆਦਾਤਰ ਐਕਸ਼ਨ ਫ਼ਿਲਮਾਂ ਹੀ ਕੀਤੀਆਂ ਹਨ। ਇਸ ਵਕਤ ਵੀ ਉਹ ਅਜਿਹੀਆਂ ਹੀ ਫ਼ਿਲਮਾਂ ਨੂੰ ਪਹਿਲ ਦੇ ਰਿਹਾ ਹੈ। ਬਹੁਤ ਜਲਦੀ ਉਹ ਕਈ ਹੋਰ ਅਜਿਹੀਆਂ ਫ਼ਿਲਮਾਂ ‘ਚ ਨਜ਼ਰ ਆਵੇਗਾ।
ਟਾਈਗਰ ਸ਼ਰੌਫ਼
ਫ਼ਿਲਮ ਬਾਗ਼ੀ ਅਤੇ ਬਾਗ਼ੀ 2 ਦਾ ਅਦਾਕਾਰ ਟਾਈਗਰ ਸ਼ਰੌਫ਼ ਅੱਜ ਬੌਲੀਵੁਡ ਦਾ ਨਵਾਂ ਐਕਸ਼ਨ ਹੀਰੋ ਹੈ। ਫ਼ਿਲਮ ਬਾਗ਼ੀ 2 ਨੇ 200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ। ਇਸ ਕਮਾਈ ਪਿੱਛੇ ਵੱਡੀ ਵਜ੍ਹਾ ਟਾਈਗਰ ਦੇ ਐਕਸ਼ਨ ਸੀਨ ਹੀ ਸਨ। ਟਾਈਗਰ ਆਪਣੀ ਅਦਾਕਾਰੀ ਅਤੇ ਐਕਸ਼ਨ ਦੇ ਦਮ ‘ਤੇ ਇੰਡਸਟਰੀ ਦੇ ਮੰਨੇ-ਪ੍ਰਮੰਨੇ ਸਿਤਾਰਿਆਂ ਨੂੰ ਵੱਡੀ ਟੱਕਰ ਦੇ ਰਿਹਾ ਹੈ। ਉਹ ਆਪਣੀ ਫ਼ਿਲਮਾਂ ‘ਚ ਸਾਰੇ ਖ਼ਤਰਨਾਕ ਸਟੰਟ ਖ਼ੁਦ ਕਰਦਾ ਹੈ। ਟਾਈਗਰ ਦੇ ਫ਼ੈਨਜ਼ ਦੀ ਗਿਣਤੀ ਵੀ ਦਿਨੋਂ-ਦਿਨ ਵੱਧ ਰਹੀ ਹੈ। ਸਲਮਾਨ ਤੋਂ ਬਾਅਦ ਟਾਈਗਰ ਦਾ ਹੀ ਨਾਂ ਆਉਂਦਾਹੈ ਜੋ ਅਦਾਕਾਰੀ ਨਾਲੋਂ ਜ਼ਿਆਦਾ ਐਕਸ਼ਨ ਦੇ ਸਿਰ ‘ਤੇ ਕਾਮਯਾਬ ਹੋਇਆ।
ਵਿਦੁਤ ਜਾਮਵਾਲ
ਅੱਜ ਵਿਦੁਤ ਜਾਮਵਾਲ ਵੀ ਬੌਲੀਵੁਡ ਦੇ ਸਭ ਤੋਂ ਮਸ਼ਹੂਰ ਐਕਸ਼ਨ ਹੀਰੋਜ਼ ਵਿੱਚੋਂ ਇੱਕ ਹੈ। ਉਸ ਨੂੰ ਸਕ੍ਰੀਨ ‘ਤੇ ਐਕਸ਼ਨ ਕਰਦੇ ਦੇਖ ਕੇ ਅਜਿਹਾ ਲਗਦਾ ਹੈ ਕਿ ਉਸ ਵਰਗੇ ਚੰਗੇ ਸਟੰਟ ਸ਼ਾਇਦ ਹੀ ਕੋਈ ਕਰ ਸਕਦਾ ਹੋਵੇ। ਉਹ ਖ਼ੁਦ ਕਹਿੰਦਾ ਹੈ ਕਿ ਅੱਜ ਤਕ ਉਸ ਦੀ ਕੋਈ ਵੀ ਫ਼ਿਲਮ 100 ਕਰੋੜ ਦੀ ਕਮਾਈ ਨਹੀਂ ਕਰ ਸਕੀ, ਪਰ ਫ਼ਿਰ ਵੀ ਲੋਕ ਉਸ ਨੂੰ ਕੰਮ ਦਿੰਦੇ ਹਨ ਕਿਉਂਕਿ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ। ਜਾਮਵਾਲ ਨੇ ਫ਼ਿਲਮਾਂ ‘ਚ ਸਿਰਫ਼ ਐਕਸ਼ਨ ਰੋਲ ਹੀ ਨਹੀਂ ਕੀਤੇ ਸਗੋਂ ਉਸ ਨੇ ਫ਼ਿਲਮਾਂ ਜ਼ਰੀਏ ਸਮਾਜ ਨੂੰ ਚੰਗਾ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਹਾਲ ਹੀ ‘ਚ ਉਸ ਦੀ ਫ਼ਿਲਮ ਜੰਗਲੀ ਰਿਲੀਜ਼ ਹੋਈ। ਵਿਦੁਤ ਨੂੰ ਦੁਨੀਆ ਦੇ ਸਭ ਤੋਂ ਚੰਗੇ ਮਾਰਸ਼ਲ ਆਰਟਿਸਟ ਦੇ ਖ਼ਿਤਾਬ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ ਜੋ ਉਸ ਲਈ ਬਹੁਤ ਮਾਣ ਵਾਲੀ ਗੱਲ ਹੈ।
ਅਜੈ ਦੇਵਗਨ
ਸਾਲ 1991 ‘ਚ ਰਿਲੀਜ਼ ਹੋਈ ਫ਼ਿਲਮ ਫੂਲ ਔਰ ਕਾਂਟੇ ਤੋਂ ਜਦੋਂ ਅਜੇ ਦੇਵਗਨ ਨੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਓਦੋਂ ਐਕਸ਼ਨ ਫ਼ਿਲਮਾਂ ਦਾ ਬੋਲਬਾਲਾ ਸੀ। ਇਸ ਲਈ ਉਸ ਨੇ ਵੀ ਅਜਿਹੀ ਹੀ ਫ਼ਿਲਮ ਤੋਂ ਸ਼ੁਰੂਆਤ ਕਰਨ ਨੂੰ ਠੀਕ ਸਮਝਿਆ। ਫ਼ਿਲਮ ਸਫ਼ਲ ਰਹੀ ਅਤੇ ਅਜੇ ਵੀ ਲੰਬੇ ਸਮੇਂ ਤਕ ਫ਼ਿਲਮਾਂ ‘ਚ ਕੁੱਟ-ਮਾਰ ਕਰਦਾ ਰਿਹਾ। ਫ਼ਿਰ ਜਦੋਂ ਦੇਖਿਆ ਕਿ ਐਕਸ਼ਨ ਫ਼ਿਲਮਾਂ ਦੇਖਣ ਦਾ ਰੁਝਾਨ ਘੱਟ ਗਿਆ ਹੈ ਤਾਂ ਉਸ ਨੇ ਜ਼ਖ਼ਮ ਅਤੇ ਹਮ ਦਿਲ ਦੇ ਚੁਕੇ ਸਨਮ ਵਰਗੀਆਂ ਫ਼ਿਲਮਾਂ ਨਾਲ ਆਪਣਾ ਰਸਤਾ ਬਦਲ ਲਿਆ। ਫ਼ਿਰ ਵੀ ਵਿੱਚ-ਵਿਚਾਲੇ ਉਹ ਐਕਸ਼ਨ ਫ਼ਿਲਮਾਂ ਦਰਸ਼ਕਾਂ ਨੂੰ ਦਿੰਦਾ ਰਿਹਾ। ਪਿਛਲੇ ਕੁੱਝ ਸਮੇਂ ਦੌਰਾਨ ਉਸ ਨੇ ਇੱਕ ਵਾਰ ਫ਼ਿਰ ਦਰਸ਼ਕਾਂ ਨੂੰ ਚੰਗੀਆਂ ਐਕਸ਼ਨ ਭਰਪੂਰ ਫ਼ਿਲਮਾਂ ਦੇਖਣ ਲਈ ਦਿੱਤੀਆਂ ਹਨ। ਐਕਸ਼ਨ ਦੇ ਨਾਲ-ਨਾਲ ਅਜੇ ਦੀਆਂ ਅੱਖਾਂ ਵੀ ਬੋਲਦੀਆਂ ਹਨ। ਉਸ ਦੀ ਇਹੀ ਖ਼ੂਬੀ ਦਰਸ਼ਕ ਸਭ ਤੋਂ ਵੱਧ ਪਸੰਦ ਕਰਦੇ ਹਨ।
ਅਮਿਤਾਭ ਬੱਚਨ
ਬੌਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਕਈ ਦਮਦਾਰ ਐਕਸ਼ਨ ਫ਼ਿਲਮਾਂ ਕੀਤੀਆਂ। ਇੱਕ ਦੌਰ ‘ਚ ਤਾਂ ਉਸ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਐਕਸ਼ਨ ਫ਼ਿਲਮਾਂ ਕੀਤੀਆਂ। 1980 ਦੇ ਦਹਾਕੇ ਵਿੱਚ ਅਮਿਤਾਭ ਨੂੰ ਇੱਕ ਐਕਸ਼ਨ ਹੀਰੋ ਵਜੋਂ ਚੰਗੀ ਕਾਮਯਾਬੀ ਮਿਲੀ। ਪਤਲੇ ਅਤੇ ਲੰਬੀ ਕੱਦ-ਕਾਠ ਵਾਲੇ ਅਮਿਤਾਭ ਨੂੰ ਦੇਖ ਕੇ ਇੰਝ ਨਹੀਂ ਲਗਦਾ ਸੀ ਕਿ ਉਹ ਇਕੱਲਾ ਬੰਦਾ ਇਕੱਠੇ ਦੋ ਦਰਜਨ ਹੱਟੇ-ਕੱਟੇ ਗੁੰਡਿਆਂ ਨੂੰ ਕੁੱਟ ਸਕਦਾ ਹੈ, ਪਰ ਉਸ ਦੇ ਅਭਿਨੈ ਦਾ ਜਾਦੂ ਸੀ ਕਿ ਉਸ ਨੇ ਆਪਣੇ ਪਤਲੇ ਸ਼ਰੀਰ ਨੂੰ ਕਦੇ ਇਸ ‘ਚ ਮੁਸ਼ਕਿਲ ਨਹੀਂ ਬਣਨ ਦਿੱਤਾ। ਐਕਸ਼ਨ ਦ੍ਰਿਸ਼ ‘ਚ ਉਸ ਦੇ ਚਿਹਰੇ ‘ਤੇ ਆਈ ਗੁੱਸੇ ਦੀ ਅੱਗ ਨੂੰ ਦਰਸ਼ਕ ਸਿਨੇਮਾਘਰ ‘ਚ ਬੈਠ ਕੇ ਚੰਗੀ ਤਰ੍ਹਾਂ ਮਹਿਸੂਸ ਕਰਦੇ ਸਨ।
ਅਮਿਤਾਭ ਨੇ ਐਕਸ਼ਨ ਫ਼ਿਲਮਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਸ ਤੋਂ ਬਾਅਦ ਬੌਲੀਵੁਡ ‘ਚ ਅਜਿਹੀਆਂ ਫ਼ਿਲਮਾਂ ਦਾ ਕਾਫ਼ੀ ਬੋਲਬਾਲਾ ਰਿਹਾ।
ਅਕਸ਼ੇ ਕੁਮਾਰ
ਐਕਸ਼ਨ ਫ਼ਿਲਮਾਂ ਉਨ੍ਹਾਂ ਕਲਾਕਾਰਾਂ ਦੇ ਜ਼ਿਆਦਾ ਕੰਮ ਆਉਂਦੀਆਂ ਹਨ ਜੋ ਅਦਾਕਾਰੀ ਦੇ ਮਾਮਲੇ ‘ਚ ਥੋੜ੍ਹੇ ਕੱਚੇ ਹੁੰਦੇ ਹਨ। ਲੱਤਾਂ ਅਤੇ ਘਸੁੰਨ ਚਲਾ ਕੇ ਉਹ ਆਪਣੇ ਚਿਹਰੇ ਦੀ ਕਮਜ਼ੋਰੀ ਨੂੰ ਵੀ ਲੁਕੋ ਲੈਂਦੇ ਹਨ। ਅਕਸ਼ੇ ਕੁਮਾਰ ਵੀ ਸ਼ੁਰੂਆਤੀ ਦੌਰ ‘ਚ ਅਭਿਨੇ ‘ਚ ਥੋੜ੍ਹਾ ਕਮਜ਼ੋਰ ਸੀ। ਇਸ ਲਈ ਉਸ ਨੇ ਐਕਸ਼ਨ ਫ਼ਿਲਮਾਂ ਦਾ ਸਹਾਰਾ ਲਿਆ।
ਜਦੋਂ ਉਹ ਅਭਿਨੈ ‘ਚ ਵੀ ਪਰਪੱਕ ਹੋ ਗਿਆ ਤਾਂ ਉਸ ਨੇ ਕੌਮੇਡੀ ਫ਼ਿਲਮਾਂ ‘ਚ ਵੀ ਆਪਣੀ ਪਛਾਣ ਬਣਾਈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਸਟੰਟ ਕਰਨ ‘ਚ ਉਸ ਦਾ ਕੋਈ ਸਾਨੀ ਨਹੀਂ। ਨਵੇਂ-ਨਵੇਂ ਸਟੰਟ ਕਰਨਾ ਉਸ ਨੂੰ ਪਸੰਦ ਹੈ। ਉਹ ਫ਼ੁਰਤੀਲਾ ਵੀ ਕਾਫ਼ੀ ਹੈ ਅਤੇ ਆਪਣੇ ਸਟੰਟ ਖ਼ੁਦ ਕਰਦੈ। ਖਿਲਾੜੀ ਸੀਰੀਜ਼ ਰਾਹੀਂ ਉਸ ਨੇ ਕਈ ਹਿੱਟ ਐਕਸ਼ਨ ਫ਼ਿਲਮਾਂ ਦਰਸ਼ਕਾਂ ਨੂੰ ਦਿੱਤੀਆਂ। ਇਸੇ ਕਰ ਕੇ ਉਸ ਨੂੰ ਖਿਲਾੜੀ ਕੁਮਾਰ ਵੀ ਕਿਹਾ ਜਾਂਦਾ ਹੈ। ਮਾਰਸ਼ਲ ਆਰਟਸ ‘ਚ ਉਹ ਬਲੈਕ ਬੈੱਲਟ ਹੈ। ਅੱਜ-ਕੱਲ੍ਹ ਅਕਸ਼ੈ ਹਰ ਤਰ੍ਹਾਂ ਦੀ ਫ਼ਿਲਮਾਂ ਕਰਨੀਆਂ ਚਾਹੁੰਦਾ ਹੈ ਜਿਸ ਕਾਰਨ ਉਸ ਨੇ ਹਾਲ ਹੀ ਵਿੱਚ ਕੌਮੇਡੀ, ਰੁਮੈਂਟਿਕ, ਸੰਜੀਦਾ, ਮੁੱਦਾ ਆਧਾਰਿਤ ਅਤੇ ਐਕਸ਼ਨ ਫ਼ਿਲਮਾਂ ਵੀ ਕੀਤੀਆਂ।