ਜਾਨ੍ਹਵੀ ਕਪੂਰ ਨੇ ਪਿਛਲੇ ਸਾਲ ਫ਼ਿਲਮ ਧੜਕ ਤੋਂ ਬੌਲੀਵੁਡ ‘ਚ ਡੈਬਿਊ ਕੀਤਾ ਸੀ। ਇਸ ਵਕਤ ਉਹ ਭਾਰਤੀ ਹਵਾਈ ਫ਼ੌਜ ਦੀ ਪਹਿਲੀ ਲੜਾਕੂ ਪਾਇਲਟ ਗੁੰਜਨ ਸਕਸੈਨਾ ਦੀ ਬਾਇਓਪਿਕ ‘ਚ ਰੁੱਝੀ ਹੋਈ ਹੈ। ਇਸ ਫ਼ਿਲਮ ਲਈ ਉਹ ਇਨ੍ਹੀਂ ਦਿਨੀਂ ਜਹਾਜ਼ ਉਡਾਉਣ ਦੀ ਟ੍ਰੇਨਿੰਗ ਵੀ ਲੈ ਰਹੀ ਹੈ। ਇਸ ਫ਼ਿਲਮ ਤੋਂ ਬਾਅਦ ਉਹ ਕਰਨ ਜੌਹਰ ਦੀ ਵੱਡੇ ਬਜਟ ਵਾਲੀ ਫ਼ਿਲਮ ਤਖ਼ਤ ‘ਚ ਅਹਿਮ ਰੋਲ ਨਿਭਾਉਂਦੀ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ ਉਹ ਇੱਕ ਤੋਂ ਬਾਅਦ ਇੱਕ ਫ਼ਿਲਮ ਸਾਈਨ ਕਰ ਰਹੀ ਹੈ।
ਹਾਲ ਹੀ ‘ਚ ਜਾਨ੍ਹਵੀ ਨੇ ਰਾਜਕੁਮਾਰ ਰਾਓ ਨਾਲ ਰੂਹਅਫ਼ਜ਼ਾ ਵਰਗੀ ਹੌਰਰ ਕੌਮੇਡੀ ਫ਼ਿਲਮ ਵੀ ਸਾਇਨ ਕੀਤੀ ਹੈ ਜਿਸ ‘ਚ ਉਸ ਦਾ ਡਬਲ ਰੋਲ ਹੋਵੇਗਾ। ਹੁਣ ਜਾਨ੍ਹਵੀ ਨੂੰ ਅਜੇ ਦੇਵਗਨ ਦੀ ਅਗਲੀ ਫ਼ਿਲਮ ਸੱਯਦ ਅਬਦੁਲ ਰਹੀਮ ਦੀ ਪੇਸ਼ਕਸ਼ ਹੋਈ ਹੈ। ਇਸ ਫ਼ਿਲਮ ਨੂੰ ਜਾਨ੍ਹਵੀ ਦਾ ਪਿਤਾ ਬੋਨੀ ਕਪੂਰ ਪ੍ਰੋਡਿਊਸ ਕਰੇਗਾ। ਕਿਹਾ ਜਾ ਰਿਹਾ ਹੈ ਕਿ ਬੋਨੀ ਕਪੂਰ ਖ਼ੁਦ ਚਾਹੁੰਦਾ ਹੈ ਕਿ ਜਾਨ੍ਹਵੀ ਇਸ ‘ਚ ਇੱਕ ਕੈਮਿਊ ਰੋਲ ਕਰੇ। ਬੋਨੀ ਅਨੁਸਾਰ ਫ਼ਿਲਮ ਦਾ ਇੱਕ ਅਹਿਮ ਕਿਰਦਾਰ ਜਾਨ੍ਹਵੀ ਕਪੂਰ ਲਈ ਬਿਲਕੁਲ ਫ਼ਿੱਟ ਬੈਠਦਾ ਹੈ। ਹਾਲਾਂਕਿ ਅਜੇ ਇਸ ਗੱਲ ‘ਤੇ ਪੱਕੀ ਮੋਹਰ ਨਹੀਂ ਲੱਗੀ ਕਿ ਜਾਨ੍ਹਵੀ ਇਹ ਕਿਰਦਾਰ ਨਿਭਾਉਣ ਲਈ ਤਿਆਰ ਹੋ ਗਈ ਹੈ ਜਾਂ ਨਹੀਂ। ਇਸ ਦੇ ਐਲਾਨ ਲਈ ਬੋਨੀ ਅਤੇ ਦਰਸ਼ਕਾਂ ਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਏਗਾ।











