ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸਾਲ 2023 ‘ਚ ਹਿਮਾਚਲ ਪ੍ਰਦੇਸ਼ ‘ਚ ਹੜ੍ਹ, ਜ਼ਮੀਨ ਖਿਸਕਣ, ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ 2 ਹਜ਼ਾਰ ਕਰੋੜ ਰੁਪਏ ਦੀ ਮਦਦ ਰਾਸ਼ੀ ਮਨਜ਼ੂਰ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ‘ਚ ਇਕ ਉੱਚ ਪੱਧਰੀ ਕਮੇਟੀ ਨੇ ਬੁੱਧਵਾਰ ਨੂੰ ਇਹ ਮਨਜ਼ੂਰੀ ਦਿੱਤੀ। ਵਿੱਤ ਮੰਤਰੀ, ਖੇਤੀਬਾੜੀ ਮੰਤਰੀ ਅਤੇ ਨੀਤੀ ਆਯੋਗ ਦੇ ਡਿਪਟੀ ਚੇਅਰਮੈਨ ਦੀ ਮੈਂਬਰਤਾ ਵਾਲੀ ਕਮੇਟੀ ਨੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਨਡੀਆਰਐੱਫ) ਦੇ ਅਧੀਨ ਰਿਕਵਰੀ ਅਤੇ ਪੁਨਰ ਨਿਰਮਾਣ ਯੋਜਨਾ ਤੋਂ ਰਾਜ ਨੂੰ ਵਿੱਤੀ ਮਦਦ ਦੇ ਪ੍ਰਸਤਾਵ ‘ਤੇ ਵਿਚਾਰ ਕੀਤਾ।
ਇਸ ਨਾਲ ਰਾਜ ਨੂੰ ਸਾਲ 2023 ਦੌਰਾਨ ਹੜ੍ਹ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਹੋਣ ਵਾਲੇ ਨੁਕਸਾਨ ਅਤੇ ਵਿਨਾਸ਼ ਕਾਰਨ ਰਿਕਵਰੀ ਅਤੇ ਪੁਨਰ ਨਿਰਮਾਣ ਗਤੀਵਿਧੀਆਂ ‘ਚ ਮਦਦ ਮਿਲੇਗੀ। ਇਸ ‘ਚ 1504.80 ਕਰੋੜ ਰੁਪਏ ਐੱਨਡੀਆਰਐੱਫ ਦੇ ਅਧੀਨ ਰਿਕਵਰੀ ਅਤੇ ਪੁਨਰ ਨਿਰਮਾਣ ਫੰਡਿੰਗ ਵਿੰਡੋ ਤੋਂ ਕੇਂਦਰ ਦਾ ਹਿੱਸਾ ਹੋਵੇਗਾ। ਇਸ ਤੋਂ ਪਹਿਲੇ ਗ੍ਰਹਿ ਮੰਤਰਾਲਾ ਨੇ ਇਸ ਆਫ਼ਤ ਤੋਂ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਨੂੰ ਰਾਹਤ ਕੰਮਾਂ ਲਈ, 12 ਦਸੰਬਰ 2023 ਨੂੰ ਹੀ 633.73 ਕਰੋੜ ਰੁਪਏ ਦੀ ਵਾਧੂ ਵਿੱਤੀ ਮਦਦ ਦੀ ਮਨਜ਼ੂਰੀ ਦਿੱਤੀ ਸੀ। ਗ੍ਰਹਿ ਮੰਤਰਾਲਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕੁਦਰਤੀ ਅਤੇ ਹੋਰ ਆਫ਼ਤਾਂ ਦੌਰਾਨ ਸੂਬਾ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ।















