ਹਿਮਾਚਲ ਪ੍ਰਦੇਸ਼ ਦੇ ਆਫ਼ਤ ਪੀੜਤਾਂ ਨੂੰ ਛੱਤੀਸਗੜ੍ਹ ਵਲੋਂ 11 ਕਰੋੜ ਰੁਪਏ ਦੀ ਮਦਦ ਦਾ ਐਲਾਨ

ਰਾਏਪੁਰ- ਛੱਤੀਸਗੜ੍ਹ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਆਫ਼ਤ ਪੀੜਤਾਂ ਲਈ 11 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਜਨਸੰਪਰਕ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਨਾਲ ਮਚੀ ਤਬਾਹੀ ਦਰਮਿਆਨ ਲੋਕਾਂ ਦੀ ਮਦਦ ਲਈ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਛੱਤੀਸਗੜ੍ਹ ਵਾਸੀਆਂ ਵਲੋਂ 11 ਕਰੋੜ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਬਘੇਲ ਨੇ ਕਿਹਾ ਕਿ ਹਿਮਾਚਲ ‘ਚ ਭਿਆਨਕ ਕੁਦਰਤੀ ਆਫ਼ਤ ਆਈ ਹੈ, ਅਜਿਹੇ ‘ਚ ਸਾਰੇ ਛੱਤੀਸਗੜ੍ਹ ਵਾਸੀ ਹਿਮਾਚਲ ਦੇ ਲੋਕਾਂ ਨਾਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਘੇਲ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਸੀ ਅਤੇ ਹਿਮਾਚਲ ਪ੍ਰਦੇਸ਼ ਦੇ ਹਾਲਾਤ ਦੀ ਜਾਣਕਾਰੀ ਲਈ ਸੀ। ਮੁੱਖ ਮੰਤਰੀ ਬਘੇਲ ਨੇ ਕਿਹਾ,”ਪੂਰਾ ਦੇਸ਼ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨਾਲ ਹੈ। ਅਸੀਂ ਸਾਰੇ ਸਮੂਹਿਕ ਇਕਜੁਟਤਾ ਨਾਲ ਆਫ਼ਤ ਦਾ ਸਾਹਮਣਾ ਕਰਾਂਗੇ ਅਤੇ ਆਮ ਸਥਿਤੀ ਬਹਾਲ ਕਰਨ ਲਈ ਕੰਮ ਕਰਾਂਗੇ।”