ਸ਼ਿਮਲਾ- ਇਕ ਹਾਦਸੇ ‘ਚ ਮਾਰੇ ਗਏ ਦਿੱਲੀ ਦੇ 19 ਸਾਲਾ ਇਕ ਟਰੱਕ ਚਾਲਕ ਦੀ ਜਾਂਚ ‘ਚ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਕ ਸੀਨੀਅਰ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਸ਼ਹਿਰ ‘ਚ ਸਾਮਾਨ ਉਤਾਰਨ ਦੌਰਾਨ ਇਹ ਵਿਅਕਤੀ ਜ਼ਖਮੀ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈ.ਜੀ.ਐੱਮ.ਸੀ.) ਲਿਜਾਇਆ ਗਿਆ, ਜਿੱਥੇ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ।
ਮੁੱਖ ਸਕੱਤਰ (ਸਿਹਤ) ਆਰ.ਡੀ. ਧੀਮਾਨ ਨੇ ਦੱਸਿਆ ਕਿ ਵਿਅਕਤੀ ਦੀ ਮੌਤ ਤੋਂ ਬਾਅਦ ਕੀਤੀ ਗਈ ਜਾਂਚ ‘ਚ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ। ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਸੰਪਰਕ ‘ਚ ਆਏ ਡਾਕਟਰਾਂ, ਪੈਰਾ-ਮੈਡੀਕਲ ਕਾਮਿਆਂ ਅਤੇ ਹੋਰ ਵਿਅਕਤੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਅਕਤੀ ਦੀ ਐਮਰਜੈਂਸੀ ਵਾਰਡ ‘ਚ ਮੌਤ ਹੋਈ ਸੀ ਅਤੇ ਪ੍ਰੋਟੋਕਾਲ ਅਨੁਸਾਰ ਵਾਰਡ ਨੂੰ ਇਨਫੈਕਸ਼ਨ ਮੁਕਤ ਕੀਤਾ ਜਾ ਰਿਹਾ ਹੈ।















