ਹਾਰਦਿਕ ਨੂੰ ਫਰਜ਼ੀ ਮੁਕਾਬਲੇ ਦਾ ਖ਼ਤਰਾ

10ਉਦੇਪੁਰ: ਗੁਜਰਾਤ ਪਾਟੀਦਰ ਰਾਖਵਾਂਕਰਨ ਅੰਦੋਲਨ ਦੇ ਮੁਖੀ ਹਾਰਦਿਕ ਪਟੇਲ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਰਾਜਸਥਾਨ ਦੀ ਬੀਜੇਪੀ ਸਰਕਾਰ ਉਸ ਦਾ ਫ਼ਰਜ਼ੀ ਮੁਕਾਬਲਾ ਕਰ ਸਕਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਰਦਿਕ ਪਟੇਲ ਨੇ ਖ਼ਦਸ਼ਾ ਪ੍ਰਗਟਾਇਆ ਕਿ ਉਨ੍ਹਾਂ ਦਾ ਰਾਜਸਥਾਨ ਦੀ ਬੀਜੇਪੀ ਸਰਕਾਰ ਉਤੇ ਕੋਈ ਭਰੋਸਾ ਨਹੀਂ ਕਿਉਕਿ ਸਰਕਾਰ ਉਸ ਨੂੰ ਦਹਿਸ਼ਤਗਰਦ ਬਣਾ ਕੇ ਫ਼ਰਜ਼ੀ ਮੁਕਾਬਲਾ ਕਰ ਸਕਦੀ ਹੈ। ਉਨ੍ਹਾਂ ਆਖਿਆ ਕਿ ਜਿਸ ਤਰੀਕੇ ਨਾਲ ਉਸ ਦੇ ਘਰ ਦੇ ਬਾਹਰ ਪੁਲਿਸ ਸਖ਼ਤੀ ਦਿਖਾ ਰਹੀ ਹੈ ਅਜਿਹਾ ਤਾਂ ਅੰਗਰੇਜ਼ਾਂ ਦੇ ਸਮੇਂ ਵਿੱਚ ਨਹੀਂ ਸੀ ਹੁੰਦਾ।
ਹਾਰਦਿਕ ਪਟੇਲ ਨੂੰ ਅਦਾਲਤ ਨੇ ਸ਼ਰਤਾਂ ਦੇ ਆਧਾਰ ਉੱਤੇ ਜ਼ਮਾਨਤ ਦਿੱਤੀ ਹੈ। ਇਸ ਤਹਿਤ ਉਹ ਗੁਜਰਾਤ ਵਿੱਚ ਨਹੀਂ ਰਹਿ ਸਕਦਾ ਤੇ ਨਾ ਹੀ ਦੇਸ਼ ਵਿੱਚ ਹੋਰ ਕਿਸੇ ਥਾਂ ਜਾ ਸਕਦਾ ਹੈ। ਹਾਰਦਿਕ ਪਟੇਲ ਨੇ ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਪਤਾ ਨਹੀਂ ਉਹ ਕਿਸ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਆਪਣਾ ਅੰਦੋਲਨ ਅਦਾਲਤ ਦੇ ਆਦੇਸ਼ ਅਨੁਸਾਰ ਜਾਰੀ ਰੱਖਣਗੇ।
ਹਾਰਦਿਕ ਨੇ ਨਾਲ ਹੀ ਸਪਸ਼ਟ ਕੀਤਾ ਕਿ ਉਹ ਅਜਿਹਾ ਕੋਈ ਕੰਮ ਨਹੀਂ ਕਰਨਗੇ ਜਿਸ ਨਾਲ ਕਾਨੂੰਨ ਵਿਵਸਥਾ ਵਿਗੜੇ। ਹਾਰਦਿਕ ਪਟੇਲ ਨੂੰ ਉਦੇਪੁਰ ਪੁਲਿਸ ਨੇ ਪ੍ਰਤਾਪ ਨਗਰ ਇਲਾਕੇ ਦੇ ਇੱਕ ਘਰ ਵਿੱਚ ਨਜ਼ਰਬੰਦ ਰੱਖਿਆ ਹੋਇਆ ਹੈ। ਜਿਸ ਘਰ ਵਿੱਚ ਹਾਰਦਿਕ ਪਟੇਲ ਨੂੰ ਨਜ਼ਰਬੰਦ ਕੀਤਾ ਗਿਆ, ਉਸ ਦੇ ਬਾਹਰ ਛੇ ਮਹੀਨੇ ਲਈ ਅਸਥਾਨ ਚੌਕੀ ਬਣਾਈ ਗਈ ਹੈ। ਇਸ ਤੋਂ ਇਲਾਵਾ ਘਰ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਫ਼ੋਟੋਗ੍ਰਾਫੀ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।