ਅੰਮ੍ਰਿਤਸਰ : ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਸਿਆਸੀ ਅਹੁਦੇ ‘ਤੇ ਬਿਰਾਜਮਾਨ ਹੁੰਦਿਆਂ ਪੰਜਾਬ ਦੇ ਲੋਕ ਦੀ ਸੇਵਾ ਦੇ ਹੀ ਚਾਹਵਾਨ ਰਹੇ ਪਰ ਭਾਜਪਾ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਕਿਸੇ ਵੀ ਸਟੇਟ ਵਿਚ ਚੋਣ ਲੜਨ ਦੀ ਹੀ ਆਫਰ ਦਿੱਤੀ ਗਈ। ਸਿੱਧੂ ਮੁਤਾਬਿਕ ਉਨ੍ਹਾਂ ਦੇ ਰਸਤਿਆਂ ਵਿਚ ਰੋੜੇ ਅਟਕਾਉਣ ਵਾਲੇ ਅਕਾਲੀ ਦਲ (ਬ) ਦੇ ਨੇਤਾਵਾਂ ਨੇ ਪੰਜਾਬ ਦੀ ਭਲਾਈ ਦੀ ਜਗ੍ਹਾ ਆਪਸੀ ਰੰਜਿਸ਼ ਦੀ ਰਾਜਨੀਤੀ ਹੀ ਕੀਤੀ। ਵਾਰ-ਵਾਰ ਅਕਾਲੀ ਦਲ ਤੋਂ ਨਾਤਾ ਤੋੜਨ ਦੀ ਮੰਗ ਪੂਰੀ ਨਾ ਕਰਨ ‘ਤੇ ਆਖਿਰਕਾਰ ਸਿੱਧੂ ਨੇ ਰਾਜ ਸਭਾ ਦੀ ਸੀਟ ਤੋਂ ਵੀ ਅਸਤੀਫਾ ਦੇਣਾ ਹੀ ਮੁਨਾਸਿਬ ਸਮਝਿਆ। ਸਿੱਧੂ ਦੇ ਅਸਤੀਫੇ ਤੋਂ ਬਾਅਦ ‘ਆਪ’ ਵਿਚ ਜਾਣ ਦੀਆਂ ਖ਼ਬਰਾਂ ਉਪਰੰਤ ‘ਆਪ’ ਦੇ ਨੇਤਾਵਾਂ ਵਿਚ ਇਕ-ਦੂਸਰੇ ਨੂੰ ਵਧਾਈਆਂ ਦੇਣ ਦਾ ਤਾਂਤਾ ਵੀ ਲੱਗ ਗਿਆ ਪਰ ਸਿੱਧੂ ਵੱਲੋਂ ਫਿਲਹਾਲ ਕਿਸੇ ਪਾਰਟੀ ਵਿਚ ਨਾ ਜਾਣ ਦੇ ਫੈਸਲੇ ਮਗਰੋਂ ਆਪ ਦੇ ਨੇਤਾ ਤੇ ਵਰਕਰ ਠੰਡੇ ਹੋ ਕੇ ਰਹਿ ਗਏ। ਉਧਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਛੇਤੀ ਹੀ ਪੰਜਾਬ ਵਿਚ ਆਉਣਗੇ ਕਿਉਂਕਿ ਪੰਜਾਬ ਉਨ੍ਹਾਂ ਦੀ ਸਿਆਸੀ ਜ਼ਮੀਨ ਹੈ ਅਤੇ ਪੰਜਾਬ ਵਾਸੀਆਂ ਦੀ ਸੇਵਾ ਹੀ ਉਨ੍ਹਾਂ ਦਾ ਮਕਸਦ ਹੈ। ਪਾਰਟੀ ਤੋਂ ਅਸਤੀਫਾ ਅਤੇ ਦੂਸਰੀ ਪਾਰਟੀ ਵਿਚ ਜਾਣ ਦੇ ਸਵਾਲ ਦੇ ਜਵਾਬ ਵਿਚ ਡਾ. ਸਿੱਧੂ ਨੇ ਕਿਹਾ ਕਿ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ, ਜੇਕਰ ਉਨ੍ਹਾਂ ਦੇ ਪਤੀ ਕੋਈ ਹੋਰ ਪਾਰਟੀ ਵਿਚ ਜਾਂਦੇ ਹਨ ਤਾਂ ਉਹ ਵੀ ਉਨ੍ਹਾਂ ਦੇ ਨਾਲ ਜਾ ਸਕਦੇ ਹਨ।















