ਨਵੀਂ ਦਿੱਲੀ: ਲੰਡਨ ‘ਚ ਹਾਕੀ ਚੈਂਪੀਅਨਜ਼ ਟਰਾਫ਼ੀ ਦੀ ਚਾਂਦੀ ਤਮਗਾ ਜੇਤੂ ਭਾਰਤੀ ਪੁਰਸ਼ ਟੀਮ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕੌਮਾਂਤਰੀ ਹਾਕੀ ਰੈਂਕਿੰਗ ‘ਚ ਦੋ ਸਥਾਨਾਂ ਦੇ ਸੁਧਾਰ ਨਾਲ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ, ਜਦਿਕ 36 ਸਾਲ ਬਾਅਦ ਰੀਓ ਓਲੰਪਿਕ ‘ਚ ਖੇਡਣ ਜਾ ਰਹੀ ਭਾਰਤੀ ਮਹਿਲਾ ਟੀਮ ਆਪਣੀ 13ਵੀਂ ਰੈਂਕਿੰਗ ‘ਤੇ ਬਰਕਰਾਰ ਹੈ।
ਕੌਮਾਂਤਰੀ ਹਾਕੀ ਮਹਾਸੰਘ (ਐੱਫ਼. ਆਈ. ਐੱਚ) ਨੇ ਮੰਗਲਵਾਰ ਨੂੰ ਜਾਰੀ ਰੈਂਕਿੰਗ ‘ਚ ਇਸ ਦੀ ਜਾਣਕਾਰੀ ਦਿੱਤੀ ਹੈ।ਭਾਰਤੀ ਪੁਰਸ਼ ਹਾਕੀ ਟੀਮ ਟੂਰਨਾਮੈਂਟ ‘ਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਪਹਿਲੀ ਵਾਰ ਚੈਂਪੀਅਨਜ਼ ਟਰਾਫ਼ੀ ਦੇ ਫ਼ਾਈਨਲ ‘ਚ ਪਹੁੰਚੀ ਸੀ ਪਰ ਉਹ ਖਿਤਾਬੀ ਮੁਕਾਬਲੇ ‘ਚ ਆਸਟਰੇਲੀਆ ਤੋਂ ਹਾਰ ਕੇ ਦੂਜੇ ਸਥਾਨ ‘ਤੇ ਰਹੀ ਸੀ। ਵਿਸ਼ਵ ਕੱਪ ਜੇਤੂ ਅਤੇ ਚੈਂਪੀਅਨਜ਼ ਟਰਾਫ਼ੀ ਦੀ ਜੇਤੂ ਆਸਟਰੇਲੀਆ ਪੁਰਸ਼ ਟੀਮ ਰੈਂਕਿੰਗ ‘ਚ ਆਪਣੇ ਚੋਟੀ ਦੇ ਸਥਾਨ ‘ਤੇ ਕਾਬਿਜ਼ ਹੈ, ਜਦਕਿ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਹਾਲੈਂਡ ਮਹਿਲਾ ਟੀਮ ਰੈਂਕਿੰਗ ‘ਚ ਚੋਟੀ ‘ਤੇ ਹੈ।











