ਆਸਟਰੇਲੀਆ ਨੇ ਵੈੱਸਟ ਇੰਡੀਜ਼ ਨੂੰ ਹਰਾ ਕੇ ਜਿੱਤੀ ਤਿਕੋਣੀ ਲੜੀ

sports-news-300x150ਬਾਰਬਾਡੋਸ:  ਵਿਕਟਕੀਪਰ ਬੱਲੇਬਾਜ਼ ਮੈਥਊਜ਼ ਵੇਡ ਦੀ ਅਜੇਤੂ 57 ਦੌੜਾਂ ਦੀ ਅਰਧ ਸੈਕੜੇ ਵਾਲੀ ਪਾਰੀ ਦੇ ਬਾਅਦ ਜੋਸ਼ ਹੈਜ਼ਲਵੁੱਡ (50 ਦੌੜਾਂ ਦੇ ਕੇ ਚਾਰ ਵਿਕਟ) ਅਤੇ ਮਿਸ਼ੇਲ ਮਾਰਸ਼ (32 ਦੌੜਾਂ ‘ਤੇ ਤਿੰਨ ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਸੋਮਵਾਰ ਨੂੰ ਫ਼ਾਈਨਲ ਮੁਕਾਬਲੇ ‘ਚ ਵੈਸਟ ਇੰਡੀਜ਼ ਨੂੰ 58 ਦੌੜਾਂ ਨਾਲ ਹਰਾ ਕੇ ਤਿੰਨ ਦੇਸ਼ਾਂ ਦੀ ਤਿਕੋਣੀ ਸੀਰੀਜ਼ ਜਿੱਤ ਲਈ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ‘ਚ 9 ਵਿਕਟਾਂ ‘ਤੇ 270 ਦੌੜਾਂ ਬਣਾਇਆ। ਇਸ ਦੇ ਬਾਅਦ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟ ਇੰਡੀਜ਼ ਟੀਮ 45.4 ਓਵਰਾਂ  ‘ਚ 212 ਦੌੜਾਂ ‘ਤੇ ਆਲਆਊਟ ਹੋ ਗਈ। ਵੇਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 52 ਗੇਂਦਾਂ ‘ਚ 2 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 57 ਦੌੜਾਂ ਦੀ ਪਾਰੀ ਖੇਡੀ। ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ ‘ਚ 271 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਘਰੇਲੂ ਟੀਮ ਨੂੰ ਖਰਾਬ ਸ਼ੁਰੂਆਤ ਦੇ ਬਾਅਦ ਕੋਈ ਵੱਡੀ ਸਾਂਝੇਦਾਰੀ ਨਾ ਹੋਣ ਕਾਰਨ ਸੀਰੀਜ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਓਪਨਰ ਜਾਨਸਨ ਚਾਰਲਸ ਨੇ ਟੀਮ ਲਈ ਸਭ ਤੋਂ ਵੱਧ 45 ਦੌੜਾਂ ਦੀ ਪਾਰੀ ਖੇਡੀ। ਦਿਨੇਸ਼ ਰਾਮਦੀਨ ਨੇ 67 ਗੇਂਦਾਂ ‘ਚ 40 ਦੌੜਾਂ, ਕਪਤਾਨ ਜੈਸਨ ਹੋਲਡਰ ਨੇ 37 ਗੇਂਦਾਂ ‘ਚ 34 ਦੌੜਾਂ ਦੀ ਪਾਰੀ ਖੇਡੀ।