ਨਵੀਂ ਦਿੱਲੀ : ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਾਰੇ ਵਿਭਾਗਾਂ ਨੂੰ ਤਾਲਮੇਲ, ਜਵਾਬਦੇਹੀ ਨਾਲ ਕੰਮ ਕਰਨ ਅਤੇ ਯੋਜਨਾਵਾਂ ਦਾ ਅਸਰ ਜ਼ਮੀਨ ’ਤੇ ਦਿਖਾਈ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ। ਪ੍ਰਦੂਸ਼ਣ ਦੇ ਹਰ ਸਰੋਤ ’ਤੇ ਐਕਸ਼ਨ ਹੋਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਹੋਣ ’ਤੇ ਹਰ ਅਧਿਕਾਰੀ ਦੀ ਜਵਾਬਦੇਹੀ ਹੋਵੇਗੀ।
ਦਿੱਲੀ ਵਿਚ ਹਵਾ ਪ੍ਰਦੂਸ਼ਣ ਕੰਟਰੋਲ ਕਰਨ ਦੇ ਯਤਨਾਂ ਦੀ ਸਮੀਖਿਆ ਲਈ ਮੁੱਖ ਮੰਤਰੀ ਰੇਖਾ ਗੁਪਤਾ ਨੇ ਬੁੱਧਵਾਰ ਨੂੰ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ. ਪੀ. ਸੀ. ਸੀ.) ਦੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਵਿਚ ਉੱਚ-ਪੱਧਰੀ ਬੈਠਕ ਕੀਤੀ। ਬੈਠਕ ਵਿਚ ਪ੍ਰਦੂਸ਼ਣ ਹਾਟਸਪਾਟ, ਨਿਗਰਾਨੀ ਤੇ ਜਾਂਚ, ਕਾਰਵਾਈ, ਸੜਕਾਂ ਅਤੇ ਉਸਾਰੀ ਵਾਲੀਆਂ ਥਾਵਾਂ ਦੀ ਧੂੜ, ਵਾਹਨਾਂ ਤੇ ਜਨਤਕ ਟਰਾਂਸਪੋਰਟ ਤੋਂ ਹੋਣ ਵਾਲਾ ਪ੍ਰਦੂਸ਼ਣ, ਉਦਯੋਗਿਕ ਪ੍ਰਦੂਸ਼ਣ, ਉਸਾਰੀ ਤੇ ਢਾਹੁਣ ਦੇ ਮਲਬੇ ਅਤੇ ਠੋਸ ਕਚਰੇ ਦੇ ਨਿਪਟਾਰੇ ਦੀ ਸਮੀਖਿਆ ਕੀਤੀ ਗਈ। ਮੁੱਖ ਮੰਤਰੀ ਨੇ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਦੂਸ਼ਣ ਘੱਟ ਕਰਨ ਵਿਚ ਯੋਗਦਾਨ ਪਾਉਣ, ਤਾਂ ਜੋ ਰਾਜਧਾਨੀ ਸਹੀ ਅਰਥਾਂ ਵਿਚ ਵਿਕਸਿਤ ਦਿੱਲੀ ਦਾ ਰੂਪ ਲੈ ਸਕੇ।















