ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੀ ਕਾਜੋਲ

ਅਗਲੇ ਮਹੀਨੇ ਕਾਜੋਲ ਦੀ ਫ਼ਿਲਮ ਹੈਲੀਕੌਪਟਰ ਈਲਾ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਕਾਜੋਲ ਇੱਕ ਸਿੰਗਲ ਮਦਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਹ ਫ਼ਿਲਮ ਮਾਪਿਆਂ ਵਲੋਂ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਬਣਾਈ ਗਈ ਹੈ …
ਹਿੰਦੀ ਫ਼ਿਲਮ ਇੰਡਸਟਰੀ ‘ਚ ਮਹਿਲਾ ਪ੍ਰਧਾਨ ਫ਼ਿਲਮਾਂ ਚੰਗੀਆਂ ਚੱਲ ਰਹੀ ਹਨ, ਪਰ ਕਾਜੋਲ ਦਾ ਕਹਿਣਾ ਹੈ ਕਿ ਇੱਕ ਅਦਾਕਾਰ ਦੇ ਨਾਤੇ ਉਹ ਖ਼ੁਦ ਨੂੰ ਸਿਰਫ਼ ਇੱਕ ਸ਼ੈਲੀ ਤਕ ਸੀਮਿਤ ਨਹੀਂ ਰੱਖਣਾ ਚਾਹੁੰਦੀ। ਕਾਜੋਲ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ”ਅਜਿਹੀਆਂ ਕਈ ਫ਼ਿਲਮਾਂ ਤੁਹਾਡੇ ਤਕ ਪਹੁੰਚ ਰਹੀਆਂ ਹਨ ਜਿਨ੍ਹਾਂ ‘ਚ ਮੁੱਖ ਕਿਰਦਾਰ ਔਰਤ ਨੂੰ ਦਿਮਾਗ਼ ‘ਚ ਰੱਖ ਕੇ ਲਿਖਿਆ ਗਿਆ ਹੈ। ਇਸ ‘ਚ ਇਹ ਵੀ ਮੁੱਖ ਹੈ ਕਿ ਤੁਸੀਂ ਅਜਿਹੀਆਂ ਫ਼ਿਲਮਾਂ ਕਰਨੀਆਂ ਚਾਹੁੰਦੇ ਵੀ ਹੋ ਜਾਂ ਨਹੀਂ। ਮੈਂ ਸਿਰਫ਼ ਇੱਕ ਹੀ ਕਿਸਮ ਦੀ ਫ਼ਿਲਮ ਨਹੀਂ ਕਰਨਾ ਚਾਹੁੰਦੀ। ਮੈਂ ਸਭ ਤਰ੍ਹਾਂ ਦੀਆਂ ਫ਼ਿਲਮਾਂ ਕਰਨੀਆਂ ਚਾਹੁੰਦੀ ਹਾਂ।” ਕਾਜੋਲ ਨੇ ਅੱਗੇ ਇਹ ਵੀ ਕਿਹਾ ਕਿ ”ਚੰਗੀ ਸਕ੍ਰਿਪਟ ਬਹੁਤ ਘੱਟ ਲਿਖੀ ਜਾ ਰਹੀ ਹੈ। ਮੇਰਾ ਮੰਨਣਾ ਹੈ ਕਿ ਇਹ ਇੱਕ ਸੱਚਾਈ ਹੈ ਕਿ ਤੁਹਾਡੇ ਤਕ ਜੋ ਪਹੁੰਚ ਰਿਹਾ ਹੈ ਉਨ੍ਹਾਂ ‘ਚ ਜ਼ਿਆਦਾਤਰ ਪਟਕਥਾਵਾਂ ਚੰਗੀਆਂ ਨਹੀਂ, ਪਰ ਅਸਲ ‘ਚ ਆਮ ਤੌਰ ‘ਤੇ ਚੰਗੀਆਂ ਪਟਕਥਾਵਾਂ ਲਿਖੀਆਂ ਹੀ ਨਹੀਂ ਜਾ ਰਹੀਆਂ।” ਕਾਜੋਲ ਦੀ ਆਖ਼ਰੀ ਫ਼ਿਲਮ ਸਾਲ 2015 ‘ਚ ਦਿਲਵਾਲੇ ਆਈ ਸੀ। ਹੁਣ ਉਹ ਆਪਣੀ ਅਗਲੀ ਫ਼ਿਲਮ ਹੈਲੀਕੌਪਟਰ ਈਲਾ ਦੀ ਰਿਲੀਜ਼ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਫ਼ਿਲਮ ‘ਚ ਉਹ ਇੱਕ ਸਿੰਗਲ ਮਦਰ ਦਾ ਕਿਰਦਾਰ ਨਿਭਾ ਰਹੀ ਹੈ। ਪ੍ਰਦੀਪ ਸਰਕਾਰ ਦੁਆਰਾ ਨਿਰਦੇਸ਼ਤ ਇਸ ਫ਼ਿਲਮ ‘ਚ ਬੱਚਿਆਂ ਦੀ ਪਰਵਰਿਸ਼ ਅਤੇ ਪੀੜ੍ਹੀਆਂ ਦੇ ਵਿਚਕਾਰ ਵਾਲੇ ਅੰਤਰਾਲ ਦਾ ਮੁੱਦਾ ਚੁੱਕਿਆ ਗਿਆ ਹੈ। ਫ਼ਿਲਮ ਇਸ ‘ਤੇ ਵੀ ਗੱਲ ਕਰਦੀ ਹੈ ਕਿ ਬਤੌਰ ਔਰਤ ਅਸੀਂ ਕੌਣ ਹਾਂ। ਕਾਜੋਲ ਨੇ ਕਿਹਾ ਕਿ ਇੱਕ ਮਾਂ ਹੋਣ ਦੇ ਨਾਤੇ ਅਜਿਹੇ ਵੀ ਪਲ ਮੇਰੀ ਦੀ ਜ਼ਿੰਦਗੀ ‘ਚ ਆਏ ਹਨ ਜਦੋਂ ਨਿੱਜੀ ਤੌਰ ‘ਤੇ ਮੈਂ ਕਈ ਚੀਜ਼ਾਂ ਛੱਡ ਦਿੱਤੀਆਂ ਸਨ ਕਿਉਂਕਿ ਮੈਂ ਆਪਣੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਨ ‘ਚ ਰੁੱਝੀ ਹੋਈ ਸੀ। ਉਸ ਨੇ ਕਿਹਾ ਕਿ ਇੱਕ ਪਤਨੀ ਅਤੇ ਇੱਕ ਮਾਂ ਹੋਣ ਦੇ ਨਾਤੇ ਸਾਡੀ ਸ਼ਖ਼ਸੀਅਤ ਦੇ ਕਈ ਹਿੱਸੇ ਮੱਧਮ ਪੈਣ ਲੱਗਦੇ ਹਨ, ਉਹ ਕਿਤੇ ਗੁਆਚ ਜਾਂਦੇ ਹਨ, ਸਾਨੂੰ ਕੁਰਬਾਨੀ ਦੇਣੀ ਪੈਂਦੀ ਹੈ।
ਕਾਜੋਲ ਨੇ ਦੱਸਿਆ ਕਿ ਬੇਟੀ ਨਿਆਸਾ ਦੇ ਜਨਮ ਤੋਂ ਦੋ-ਤਿੰਨ ਸਾਲ ਬਾਅਦ ਉਹ ਕਦੇ ਆਰਾਮ ਨਾਲ ਨਹੀਂ ਬੈਠੀ, ਅਤੇ ਕਈ ਸਾਲ ਉਸ ਨੇ ਸੰਗੀਤ ਤਕ ਨਹੀਂ ਸੁਣਿਆ ਕਿਉਂਕਿ ਉਸ ਕੋਲ ਇਸ ਸਭ ਲਈ ਸਮਾਂ ਹੀ ਨਹੀਂ ਸੀ।