ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਅਭਿਨੈ ਬਾਰੇ ‘ਚ ਉਸ ਨੇ ਜ਼ਿਅਦਾਤਰ ਜੋ ਕੁੱਝ ਸਿੱਖਿਆ ਹੈ ਉਹ ਫ਼ਿਲਮਾਂ ਦੇ ਸੈੱਟਸ ‘ਤੇ ਹੀ ਸਿੱਖਿਆ ਹੈ ਜਦਕਿ ਅਜੋਕੇ ਨਵੇਂ ਅਦਾਕਾਰ ਹਰ ਲਿਹਾਜ਼ ਤੋਂ ਚੰਗੀ ਤਰ੍ਹਾਂ ਤਿਆਰ ਹੋ ਕੇ ਫ਼ਿਲਮ ਉਦਯੋਗ ‘ਚ ਆਉਂਦੇ ਹਨ। ਸਲਮਾਨ ਖ਼ਾਨ ਦੀ ਫ਼ਿਲਮ ਦਬੰਗ ਨਾਲ ਸਾਲ 2010 ‘ਚ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਾਕਸ਼ੀ ਦਾ ਕਹਿਣਾ ਹੈ ਕਿ ਉਹ ਕਦੇ ਵੀ ਅਦਾਕਾਰੀ ਖੇਤਰ ‘ਚ ਨਹੀਂ ਆਉਣਾ ਚਾਹੁੰਦੀ ਸੀ, ਅਤੇ ਇਸ ‘ਚ ਆਉਣ ਤੋਂ ਬਾਅਦ ਹੌਲੀ-ਹੌਲੀ ਉਸ ਨੇ ਕਈ ਚੀਜ਼ਾਂ ਸਿੱਖਣੀਆਂ ਸ਼ੁਰੂ ਕੀਤੀ। ਅਦਾਕਾਰਾ ਸੋਨਾਕਸ਼ੀ ਨੇ ਕਿਹਾ ਕਿ, ”ਮੈਂ ਅਦਾਕਾਰ ਬਣਨਾ ਹੀ ਨਹੀਂ ਸੀ ਚਾਹੁੰਦੀ। ਮੈਂ ਕਦੇ ਐਕਟਿੰਗ ਵਰਕਸ਼ੌਪ ਨਹੀਂ ਕੀਤੀ ਅਤੇ ਨਾ ਹੀ ਕਦੇ ਡਾਂਸ ਦੀਆਂ ਕਲਾਸਾਂ ‘ਚ ਗਈ ਹਾਂ।” ਸੋਨਾਕਸ਼ੀ ਨੇ ਅੱਗੇ ਕਿਹਾ ਕਿ, ”ਅੱਜ ਫ਼ਿਲਮਾਂ ‘ਚ ਸ਼ੁਰੂਆਤ ਕਰਨ ਵਾਲੇ ਸਾਰੇ ਲੋਕ ਪੂਰੀ ਤਰ੍ਹਾਂ ਤਿਆਰੀ ਕਰ ਕੇ ਆਉਂਦੇ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕੈਮਰੇ ਦਾ ਸਾਹਮਣਾ ਕਿਵੇਂ ਕਰਨਾ ਹੈ, ਫ਼ੋਟੋ ਲਈ ਪੋਜ਼ ਕਿਵੇਂ ਦੇਣਾ ਹੈ। ਮੈਨੂੰ ਇਹ ਸਭ ਕੁੱਝ ਪਤਾ ਹੀ ਨਹੀਂ ਸੀ। ਮੈਂ ਇੱਕ ਮੋਟੀ ਬੱਚੀ ਸੀ, ਇਸ ਲਈ ਮੈਂ ਆਪਣਾ ਭਾਰ ਘੱਟ ਕੀਤਾ ਅਤੇ ਫ਼ਿਰ ਫ਼ਿਲਮ ‘ਚ ਕੰਮ ਦੀ ਸ਼ੁਰੂਆਤ ਕੀਤੀ। ਇਸ ਲਈ ਮੈਂ ਜੋ ਕੁੱਝ ਵੀ ਸਿੱਖਿਆ ਹੈ ਉਹ ਸੈੱਟਸ ‘ਤੇ ਹੀ ਸਿੱਖਿਆ ਹੈ।” ਤੁਹਾਨੂੰ ਦੱਸ ਦਈਏ ਕਿ ਹੁਣ ਸੋਨਾਕਸ਼ੀ ਸਿਨਹਾ ਦੀ ਫ਼ਿਲਮ ਹੈਪੀ ਫ਼ਿਰ ਭਾਗ ਜਾਏਗੀ ਰਿਲੀਜ਼ ਹੋਈ ਹੈ। ਇਸ ਫ਼ਿਲਮ ਤੋਂ ਇਲਾਵਾ ਸੋਨਾਕਸ਼ੀ ਦੀ ਅਗਲੀ ਫ਼ਿਲਮ ਕਲੰਕ ਹੋਵੇਗੀ। ਇਹ ਇੱਕ ਮਲਟੀਸਟਾਰਰ ਫ਼ਿਲਮ ਹੈ ਜਿਸ ਨੂੰ ਕਰਨ ਜੌਹਰ ਬਣਾ ਰਿਹਾ ਹੈ। ਇਸ ਫ਼ਿਲਮ ‘ਚ ਬੌਲੀਵੁਡ ਦੇ ਕਈ ਮਸ਼ਹੂਰ ਸਿਤਾਰੇ ਨਜ਼ਰ ਆਉਣ ਵਾਲੇ ਹਨ। ਸੋਨਾਕਸ਼ੀ ਨੇ ਸਲਮਾਨ ਖ਼ਾਨ ਨਾਲ ਦਬੰਗ-3 ਵੀ ਸਾਈਨ ਕੀਤੀ ਹੋਈ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ, ਪਰ ਅਜੇ ਇਸ ਦੀ ਸ਼ੂਟਿੰਗ ਸ਼ੁਰੂ ਹੋਣ ‘ਚ ਕਾਫ਼ੀ ਸਮਾਂ ਲੱਗੇਗਾ।











