ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਤੋਂ ਸਵਾਲ ਕੀਤਾ ਹੈ ਕਿ ਕਿਉਂ ਉਹ ਮਲੇਰਕੋਟਲਾ ‘ਚ ਪਵਿੱਤਰ ਕੁਰਾਨ ਦੀ ਬੇਅਦਬੀ ਦੀ ਜਾਂਚ ਤੋਂ ਇੰਨਾ ਡਰੀ ਹੋਈ ਹੈ। ਉਨ੍ਹਾਂ ਨੇ ਆਪ ਵਿਧਾਇਕ ਦੀ ਬੇਅਦਬੀ ਦੇ ਮਾਮਲੇ ‘ਚ ਸ਼ਮੂਲਿਅਤ ਦੀ ਸੰਕਾ ਸਬੰਧੀ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਆਪ ਦੇ ਅਰਾਜਕਤਾਵਾਦੀ ਝੁਕਾਅ ਦੇ ਮੱਦੇਨਜ਼ਰ ਇਸ ਮੌਕੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ।
ਇਸ ਮੌਕੇ ਇਕ ਭਰਵੇਂ ਸਮਾਰੋਹ ਦੌਰਾਨ ਏ.ਆਈ.ਸੀ.ਸੀ. ਸਕੱਤਰ ਪੰਜਾਬ ਇੰਚਾਰਜ਼ ਆਸ਼ਾ ਕੁਮਾਰੀ ਦਾ ਰਸਮੀ ਤੌਰ ‘ਤੇ ਸਵਾਗਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਜੇ ਪਾਰਟੀ ਸਮਝਦੀ ਹੈ ਕਿ ਮਾਮਲੇ ‘ਚ ਸੱਭ ਤੋਂ ਸ਼ੱਕ ਦੇ ਘੇਰੇ ‘ਚ ਉਸਦਾ ਵਿਧਾਇਕ ਨਰੇਸ਼ ਯਾਦਵ ਸਚਮੁੱਚ ਨਿਰਦੋਸ਼ ਹੈ, ਤਾਂ ਕਿਉਂ ਉਹ ਅਦਾਲਤਾਂ ‘ਤੇ ਵਿਸ਼ਵਾਸ ਨਹੀਂ ਕਰਦੀ ਹੈ?
ਇਸ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਰਜਿੰਦਰ ਪ੍ਰਸਾਦ ਦੀ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸੀ.ਬੀ.ਆਈ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਕੀਤੇ ਜਾ ਰਹੇ ਉਸਦੀ ਇਮਾਨਦਾਰੀ ਤੇ ਸਮਰਪਣ ਦੇ ਦਾਅਵਿਆਂ ‘ਤੇ ਚੁਟਕੀ ਵੀ ਲਈ ਹੈ। ਉਨ੍ਹਾਂ ਨੇ ਕਿਹਾ ਕਿ ਸ਼ੀਲਾ ਦੀਕਸ਼ਿਤ ਦੇ ਕਾਰਜਕਾਲ ਦੌਰਾਨ ਕੁਮਾਰ ਨੂੰ ਕਈ ਵਾਰ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ ‘ਤੇ ਹਟਾਇਆ ਜਾ ਚੁੱਕਾ ਸੀ, ਪਰ ਫਿਰ ਵੀ ਕੇਜਰੀਵਾਲ ਬਤੌਰ ਆਪਣੇ ਪ੍ਰਿੰਸੀਪਲ ਸਕੱਤਰ ਉਨ੍ਹਾਂ ਨੂੰ ਤਰਜੀਹ ਦਿੰਦੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਭਰਮਪੂਰਨ ਵਿਸ਼ਵਾਸ ਤੇ ਕਲਪਨਾ ‘ਚ ਜਿਉਂਦੇ ਹਨ ਕਿ ਉਹ ਧਰਤੀ ‘ਤੇ ਸਿਰਫ ਇਕੋਮਾਤਰ ਇਮਾਨਦਾਰ ਵਿਅਕਤੀ ਹਨ, ਜਿਨ੍ਹਾਂ ਦੀ ਕਲਪਨਾ ਦਾ ਅੱਜ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕਿਵੇਂ ਉਹ ਉਸ ਵਿਅਕਤੀ ਨਾਲ ਆਪਣੀ ਸਰਕਾਰ ਦਾ ਕੰਮਕਾਜ ਇਮਾਨਦਾਰੀ ਨਾਲ ਚੱਲਣ ‘ਤੇ ਭਰੋਸਾ ਕਰ ਸਕਦੇ ਹਨ, ਜਿਸਦਾ ਸਮਰਪਣ ਹੀ ਹਮੇਸ਼ਾ ਤੋਂ ਸ਼ੱਕ ਦੇ ਘੇਰੇ ‘ਚ ਰਿਹਾ ਹੈ।
ਇਸ ਲੜੀ ਹੇਠ ਜਦੋਂ ਇਹ ਕਿਹਾ ਗਿਆ ਕਿ ਕੇਜਰੀਵਾਲ ਇਸਨੂੰ ਮੋਦੀ ਵੱਲੋਂ ਦੁਸ਼ਮਣੀ ਦੀ ਸਿਆਸਤ ਦੱਸਦੇ ਹਨ, ਤਾਂ ਸਾਬਕਾ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਜਦੋਂ ਈ.ਡੀ ਨੇ ਉਨ੍ਹਾਂ ਦੇ ਬੇਟੇ ਨੂੰ ਅਰੂਨ ਜੇਤਲੀ ਦੇ ਇਸ਼ਾਰੇ ‘ਤੇ ਸੰਮਨ ਜ਼ਾਰੀ ਕੀਤੇ ਸਨ, ਤਾਂ ਆਪ ਆਗੂ ਉਨ੍ਹਾਂ ਨਿਰਾਧਾਰ ਦੋਸ਼ਾਂ ਨੂੰ ਪੁਖਤਾ ਕਰਨ ‘ਤੇ ਤੁਲ ਪਏ ਸਨ। ਲੇਕਿਨ ਜਦੋਂ ਹੁਣ ਇਨ੍ਹਾਂ ਨੂੰ ਉਸੇ ਸੇਕ ਦਾ ਸਾਹਮਣਾ ਕਰਨਾ ਪਿਆ ਹੈ, ਇਹ ਦੁਸ਼ਮਣੀ ਦੀ ਸਿਆਸਤ ਦਾ ਰੌਲਾ ਪਾਉਂਦੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜਦੋਂ ਮੋਦੀ ਸਰਕਾਰ ਤੇ ਉਸਦੇ ਵਿੱਤ ਮੰਤਰੀ ਕਾਂਗਰਸੀ ਆਗੂਆਂ ਨੂੰ ਪ੍ਰੇਸ਼ਾਨ ਕਰਦੇ ਹਨ, ਤਾਂ ਉਸ ਨਾਲ ਇਨ੍ਹਾਂ ਨੂੰ (ਆਪ) ਕੋਈ ਫਰਕ ਨਹੀਂ ਪੈਂਦਾ, ਬਲਕਿ ਇਹ ਉਨ੍ਹਾਂ ਦਾ ਸਮਰਥਨ ਕਰਦੇ ਹਨ। ਲੇਕਿਨ ਜਦੋਂ ਕੇਜਰੀਵਾਲ ਦੇ ਆਪਣੇ ਭ੍ਰਿਸ਼ਟ ਤੇ ਕਸੂਰਵਾਰ ਅਫਸਰ ਤੇ ਮੰਤਰੀ ਫੜੇ ਜਾਂਦੇ ਹਨ, ਤਾਂ ਕੇਜਰੀਵਾਲ ਅੱਤਿਆਚਾਰ ਤੇ ਦੁਸ਼ਮਣੀ ਦੀ ਸਿਆਸਤ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ।
ਜਦਕਿ ਆਪ ਦੇ ਮੈਨਿਫੈਸਟੋ ਸਬੰਧੀ ਇਕ ਸਵਾਲ ਦੇ ਜਵਾਬ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦੁਹਰਾਇਆ ਕਿ ਇਹ ਕਾਂਗਰਸ ਵੱਲੋਂ ਕੀਤੇ ਜਾ ਰਹੇ ਐਲਾਨਾਂ ਦੀ ਕਾਰਬਨ ਕਾਪੀ ਹੈ। ਹਾਸੇ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਇਹ ਮੈਨਿਫੈਸਟੋ ਬਣਾਇਆ ਉਸਨੇ ਨਕਲ ਲਈ ਅਕਲ ਦਾ ਇਸਤੇਮਾਲ ਨਾ ਕਰਦਿਆਂ ਇਸਨੂੰ ਕੁਝ ਵੱਖਰਾ ਰੂਪ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਸਾਨੂੰ ਦੱਸਣ ਕਿ ਇਨ੍ਹਾਂ ਦੇ ਮੈਨਿਫੈਸਟੋ ‘ਚ ਕੀ ਵੱਖਰਾ ਹੈ?
ਇਸ ਤੋਂ ਪਹਿਲਾਂ, ਨਵੇਂ ਨਿਯੁਕਤ ਸਕੱਤਰ ਇੰਚਾਰਜ਼ ਆਸ਼ਾ ਕੁਮਾਰੀ ਦੇ ਸਵਾਗਤ ‘ਚ ਅਯੋਜਿਤ ਸ਼ਾਨਦਾਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਆਸ਼ਾ ਕੁਮਾਰੀ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ ਅਤੇ ਉਨ੍ਹਾਂ ਦੀ ਮੌਜ਼ੂਦਗੀ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਨੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਸਰਕਾਰ ਬਣਾਉਣ ਵਾਸਤੇ ਇਕਜੁੱਟਤਾ ਨਾਲ ਕੰਮ ਕਰਦਿਆਂ ਲੋਕਾਂ ‘ਚ ਜਾਣ ਲਈ ਕਿਹਾ, ਜਿਹੜੇ ਸਿਰਫ ਕਾਂਗਰਸ ਪਾਰਟੀ ‘ਚ ਹੀ ਉਮੀਦ ਦੀ ਕਿਰਨ ਦੇਖਦੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਾ ਪਤਨ ਹੋ ਚੁੱਕਾ ਹੈ ਤੇ ਆਪ ਦਾ ਵੀ ਦਿੱਲੀ ਤੇ ਪੰਜਾਬ ‘ਚ ਇਨ੍ਹਾਂ ਦੀਆਂ ਹਰਕਤਾਂ ਨਾਲ ਭਾਂਡਾਫੋੜ ਹੋ ਚੁੱਕਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਆਸ਼ਾ ਕੁਮਾਰੀ ਨੇ ਕਿਹਾ ਕਿ ਉਹ ਪੰਜਾਬ ‘ਚ ਕੰਮ ਕਰਨ ਦਾ ਮੌਕਾ ਮਿੱਲਣ ‘ਤੇ ਖੁਦ ਨੂੰ ਸਨਮਾਨਿਆ ਮਹਿਸੂਸ ਕਰ ਰਹੀ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ 2002 ਦੀਆਂ ਚੋਣਾਂ ‘ਚ ਵੀ ਕੈਪਟਨ ਅਮਰਿੰਦਰ ਨਾਲ ਕੰਮ ਕਰ ਚੁੱਕੀ ਹਨ। ਹੁਣ ਉਨ੍ਹਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਉਹ ਉਮੀਦ ਕਰਦੀ ਹਨ ਕਿ ਤੁਹਾਡੇ ਸਮਰਥਨ ਤੇ ਸਹਿਯੋਗ ਨਾਲ ਉਹ ਇਸ ਵਾਰ ਬੇਹਤਰ ਕਰਕੇ ਦਿਖਾਉਣਗੇ। ਜਿਸ ‘ਤੇ ਪਾਰਟੀ ਅਹੁਦੇਦਾਰਾਂ ਵੱਲੋਂ ਉਨ੍ਹਾਂ ਦਾ ਸਮਰਥਨ ਪ੍ਰਗਟਾਇਆ ਗਿਆ।
ਪਾਰਟੀ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਅਗਵਾਈ ‘ਚ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਭਾਵੇਂ ਕੁਝ ਵੀ ਹੋ ਜਾਵੇ, ਇਸ ਵਾਰ ਪਾਰਟੀ ਦਾ ਚੋਣਾਂ ਜਿੱਤਣਾਂ ਤੈਅ ਹੈ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਬੀਬੀ ਰਜਿੰਦਰ ਕੌਰ ਭੱਠਲ, ਹਰੀਸ਼ ਚੌਧਰੀ, ਚਰਨਜੀਤ ਸਿੰਘ ਚੰਨੀ, ਮਨੀਸ਼ ਤਿਵਾੜੀ, ਪ੍ਰਨੀਤ ਕੌਰ, ਸੁਨੀਲ ਜਾਖੜ, ਲਾਲ ਸਿੰਘ, ਮੋਹਿੰਦਰ ਸਿੰਘ ਕੇਪੀ, ਸ਼ਮਸ਼ੇਰ ਸਿੰਘ ਦੂਲੋ, ਸੰਤੋਸ਼ ਚੌਧਰੀ, ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਰਾਣਾ ਗੁਰਜੀਤ ਸਿੰਘ, ਵਿਜੈ ਇੰਦਰ ਸਿੰਗਲਾ, ਅਸ਼ਵਨੀ ਸੇਖੜੀ, ਡਾ. ਰਾਜ ਕੁਮਾਰ ਵੇਰਕਾ, ਮਮਤਾ ਦੱਤਾ ਵੀ ਸ਼ਾਮਿਲ ਰਹੇ।















