ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਧਰਮ ਦਾ ਨਿਰਾਦਰ ਕਰਨਾ ਘਿਨੌਣਾ ਅਪਰਾਧ ਹੈ ਅਤੇ ਅਜਿਹੇ ਅਪਰਾਧੀ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਸਕਦੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਅਤੇ ਸਿੱਖਾਂ ਦੇ 12ਵੇਂ ਗੁਰੂ ਹੋਣ ਦਾ ਦਾਅਵਾ ਕਰਨ ਵਾਲੇ ਪਟੀਸ਼ਨਰ ਵਿਰੁੱਧ ਐੱਫ਼.ਆਈ.ਆਰ. ਨੂੰ ਰੱਦ ਕਰਨ ਤੋਂ ਇਨਕਾਰ ਕਰਦਿਆਂ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਰਹਿਣ ਵਾਲੇ ਸੰਜੇ ਰਾਏ ਖਿਲਾਫ਼ ਅੰਮ੍ਰਿਤਸਰ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਸੰਜੇ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਆਪਣੇ ਆਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਣ ਦਾ ਦਾਅਵਾ ਕਰ ਰਿਹਾ ਹੈ। ਸਿੱਖ ਧਰਮ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਵੀ ਜੀਵਤ ਸਰੂਪ ਨੂੰ ਗੁਰੂ ਨਹੀਂ ਮੰਨਿਆ ਜਾ ਸਕਦਾ, ਅਜਿਹੇ ਵਿਚ ਉਸ ਦਾ ਅਜਿਹਾ ਦਾਅਵਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦਾ ਹੈ।
ਇਸ ਮਾਮਲੇ ਵਿੱਚ 23 ਦਸੰਬਰ, 2022 ਨੂੰ ਅੰਮ੍ਰਿਤਸਰ ਵਿਚ ਦਰਜ ਐੱਫ਼.ਆਈ.ਆਰ. ਐਕਟ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਪਟੀਸ਼ਨਰ ਨੇ ਕਿਹਾ ਸੀ ਕਿ ਦੁਨੀਆ ਵਿਚ ਇਕ ਹੀ ਧਰਮ ਹੈ, ਜੋ ਸਨਾਤਨ ਹੈ, ਬਾਕੀ ਸਾਰੇ ਪੰਥ ਹਨ। ਅਜਿਹੀ ਸਥਿਤੀ ਵਿਚ ਪਟੀਸ਼ਨਰ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਾਮਲਾ ਨਹੀਂ ਹੈ। ਪਟੀਸ਼ਨਰ ਨੇ ਕਿਹਾ ਕਿ ਉਸ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਤਮਾ ਹੈ ਅਤੇ ਉਹ ਉਨ੍ਹਾਂ ਦੇ ਅਵਤਾਰ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵੀਡੀਓ ਵਿਚ ਪਟੀਸ਼ਨਰ ਆਪਣੇ ਆਪ ਨੂੰ ਸਿੱਖਾਂ ਦਾ 12ਵਾਂ ਗੁਰੂ ਦੱਸ ਰਿਹਾ ਹੈ, ਜੋ ਕਿ ਇਕ ਅਪਰਾਧ ਹੈ।
ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਧਰਮ ਦੀ ਬੇਅਦਬੀ ਕਰਨਾ ਘਿਨੌਣਾ ਅਪਰਾਧ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ। ਬੇਅਦਬੀ ਸਮਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਪਟੀਸ਼ਨਰ ਨੇ ਬੇਅਦਬੀ ਕੀਤੀ ਹੈ ਜਾਂ ਨਹੀਂ, ਜਾਂਚ ਅਜੇ ਜਾਰੀ ਹੈ, ਇਸ ਲਈ ਪਟੀਸ਼ਨਰ ਖਿਲਾਫ਼ ਐੱਫ਼.ਆਈ.ਆਰ. ਨੂੰ ਰੱਦ ਨਹੀਂ ਕੀਤਾ ਜਾ ਸਕਦਾ।















