ਸ੍ਰੀ ਦਰਬਾਰ ਸਾਹਿਬ ਵਿਖੇ ਵੀ. ਆਈ. ਪੀ. ਕਲਚਰ ‘ਤੇ ਜਥੇਦਾਰ ਰਘਬੀਰ ਸਿੰਘ ਦਾ ਬਿਆਨ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਸਿੱਖ ਕੌਮ ਨਾਲ ਸਬੰਧਿਤ ਕੌਮੀ ਮੁੱਦਿਆਂ ਦਾ ਹੱਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਆਦਾ ਦੀ ਰੌਸ਼ਨੀ ਵਿਚ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਕਿਹਾ ਕਿ ਕੌਮੀ ਮੁੱਦਿਆਂ ਦੇ ਹੱਲ ਲਈ ਆਪਸ ਵਿਚ ਇਕ ਦੂਜੇ ਨਾਲ ਝਗੜਾ ਕਰਨ ਦੀ ਬਜਾਏ ਸਿੱਖ ਰਹਿਤ ਮਰਿਆਦਾ ਦੀ ਰੌਸ਼ਨੀ ਵਿਚ ਹਰ ਮਸਲੇ ਦਾ ਹੱਲ ਨਿਕਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਸਿੱਖ ਸੰਸਥਾਵਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਆਦਾ ਇੰਨ ਬਿਨ ਲਾਗੂ ਕੀਤੀ ਜਾਣੀ ਚਾਹੀਦੀ ਹੈ। ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਕੌਮੀ ਮਸਲਿਆਂ ਤੇ ਦੀਰਘ ਵਿਚਾਰਾਂ ਕਰਨ ਲਈ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਸਤੰਬਰ ਦੇ ਪਹਿਲੇ ਹਫ਼ਤੇ ਕੀਤੀ ਜਾਵੇਗੀ।
ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਸ਼ੁਰੂ ਹੋ ਰਹੇ ਵੀ. ਆਈ. ਪੀ. ਕਲਚਰ ’ਤੇ ਜਥੇਦਾਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲਾ ਕੋਈ ਵੀ ਵਿਅਕਤੀ ਵੀ. ਆਈ. ਪੀ. ਨਹੀਂ ਹੈ। ਇਥੇ ਹਰ ਵਿਅਕਤੀ ਇਕ ਸਮਾਨ ਹੈ। ਗੁਰੂ ਘਰ ਹਮੇਸ਼ਾ ਤੋਂ ਬਰਾਬਰੀ ਤੇ ਇਕਸਮਾਨਤਾ ਦਾ ਸੰਦੇਸ਼ ਦਿੰਦਾ ਆ ਰਿਹਾ ਹੈ। ਜੇਕਰ ਕਿਸੇ ਵਿਅਕਤੀ ਨਾਲ ਵੀ. ਆਈ. ਪੀ. ਵਾਂਗ ਸਲੂਕ ਕੀਤਾ ਜਾਂਦਾ ਹੈ ਤਾਂ ਇਹ ਗ਼ਲਤ ਹੈ।