ਜਦੋਂ ਜੱਸੀ ਨੇ ਆਪਣੀ ਪੰਜਵੀਂ ਦੀ ਪ੍ਰੀਖਿਆ ਆਪਣੇ ਪਿੰਡ ਟੌਂਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪਾਸ ਕੀਤੀ ਤਾਂ ਉਸ ਦੀ ਪੜ੍ਹਾਈ ਨੂੰ ਜਾਰੀ ਰਖਵਾਉਣ ਲਈ ਉਸ ਦੇ ਪਿਤਾ ਨੇ ਜੱਸੀ ਨੂੰ ਨੇੜਲੇ ਪਿੰਡ ਫ਼ਰਜ਼ੁਲਾਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਜੱਸੀ ਇੱਕ ਚੰਗੀ ਐਥਲੀਟ ਅਤੇ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਸਕੂਲ ਦੇ ਸਾਰੇ ਅਧਿਆਪਕ ਉਸ ਦੀਆਂ ਸਿਫ਼ਤਾਂ ਕਰਦੇ ਨਾ ਥੱਕਦੇ।
ਜੱਸੀ ਦੇ ਪਰਿਵਾਰ ਵਾਲੇ ਪੁਰਾਣੇ ਖ਼ਿਆਲਾਂ ਦੇ ਹੋਣ ਕਰਕੇ ਉਨ੍ਹਾਂ ਨੂੰ ਆਪਣੀ ਧੀ ਦੀ ਚਿੰਤਾ ਲੱਗੀ ਰਹਿੰਦੀ। ਸਕੂਲ ਤੋਂ ਪੜ੍ਹ ਕੇ ਵਾਪਸ ਆਉਣ ਤੋਂ ਬਾਅਦ ਘਰ ਤੋਂ ਬਾਹਰ ਵੀ ਨਿਕਲਣ ਨਾ ਦਿੰਦੇ। ਪਿੰਡ ਦੇ ਲੋਕ ਵੀ ਚੰਗੇ ਨਹੀਂ ਸਨ। ਜਦੋਂ ਉਹ ਖੇਡਣ ਵਾਲੇ ਕੱਪੜੇ ਪਾ ਕੇ ਪਿੰਡ ‘ਚੋਂ ਲੰਘਦੀ ਤਾਂ ਲੋਕ ਓਪਰੀ ਜਿਹੀ ਸਮਝਦਿਆਂ ਉਸ ਵੱਲ ਦੇਖਦੇ। ਇਹ ਸਭ ਉਸ ਦੇ ਪਰਿਵਾਰ ਵਾਲਿਆਂ ਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ। ਇਸ ਕਰਕੇ ਉਨ੍ਹਾਂ ਨੇ ਉਸ ਨੂੰ ਖੇਡਣ ਤੋਂ ਵਰਜ ਦਿੱਤਾ।
ਚੰਗੀ ਖਿਡਾਰਨ ਹੋਣ ਕਰਕੇ ਸਾਰੇ ਅਧਿਆਪਕਾਂ ਨੂੰ ਉਸ ਉੱਤੇ ਬਹੁਤ ਮਾਣ ਸੀ ਕਿ ਜੱਸੀ ਇੱਕ ਦਿਨ ਸਕੂਲ ਦਾ ਨਾਂ ਜ਼ਰੂਰ ਰੌਸ਼ਨ ਕਰੇਗੀ। ਜਦੋਂ ਸਕੂਲ ਵਾਲਿਆਂ ਨੂੰ ਪਤਾ ਲੱਗਿਆ ਕਿ ਜੱਸੀ ਦੇ ਪਰਿਵਾਰ ਨੇ ਉਸ ਨੂੰ ਖੇਡਣ ਤੋਂ ਰੋਕ ਦਿੱਤਾ ਹੈ ਤਾਂ ਅਧਿਆਪਕਾਂ ਨੇ ਉਸ ਦਾ ਹੌਸਲਾ ਟੁੱਟਣ ਨਾ ਦਿੱਤਾ। ਅਧਿਆਪਕ ਉਸ ਨੂੰ ਸਕੂਲ ਸਮੇਂ ਦੌਰਾਨ ਪ੍ਰੈਕਟਿਸ ਕਰਵਾਉਣ ਲੱਗੇ ਤਾਂ ਜੋ ਉਹ ਇੱਕ ਬਿਹਤਰੀਨ ਖਿਡਾਰਨ ਬਣ ਕੇ ਅੱਗੇ ਆਵੇ।
ਜੱਸੀ ਦੀ ਇੱਕ ਭੈਣ ਤੇ ਭਰਾ ਵੀ ਉਸੇ ਸਕੂਲ ਵਿੱਚ ਪੜ੍ਹਦੇ ਸਨ। ਅਧਿਆਪਕਾਂ ਨੇ ਜੱਸੀ ਨੂੰ ਪ੍ਰੈਕਟਿਸ ਕਰਵਾਉਣ ਦੀ ਗੱਲ ਘਰਦਿਆਂ ਨੂੰ ਦੱਸਣੋਂ ਦੋਵਾਂ ਨੂੰ ਮਨ੍ਹਾਂ ਕਰ ਦਿੱਤਾ। ਇਸ ਤਰ੍ਹਾਂ ਸਕੂਲ ਵਿੱਚ ਪ੍ਰੈਕਟਿਸ ਕਰਦਿਆਂ ਜੱਸੀ ਨੇ ਬਹੁਤ ਇਨਾਮ ਜਿੱਤੇ। ਉਹ 100 ਮੀਟਰ, 200 ਮੀਟਰ ਅਤੇ ਲੰਬੀ ਛਾਲ ਦੀ ਵਧੀਆ ਐਥਲੀਟ ਬਣ ਗਈ। ਲੁਧਿਆਣੇ ਜ਼ਿਲ੍ਹੇ ਵਿੱਚ ਜੱਸੀ ਤੇ ਉਸ ਦੇ ਸਕੂਲ ਬਾਰੇ ਹਰ ਕੋਈ ਜਾਣਨ ਲੱਗਿਆ ਸੀ ਤੇ ਸਭ ਨੂੰ ਉਸ ਉੱਪਰ ਬਹੁਤ ਉਮੀਦਾਂ ਸਨ।
ਹੁਣ ਉਹ ਸਮਾਂ ਨੇੜੇ ਆ ਚੁੱਕਿਆ ਸੀ ਜਦੋਂ ਜੱਸੀ ਦਾ ਪੰਜਾਬ ਖੇਡਣ ਦਾ ਸੁਪਨਾ ਪੂਰਾ ਹੋਣਾ ਸੀ। ਉਸ ਨੂੰ ਲੁਧਿਆਣੇ ਜ਼ਿਲ੍ਹੇ ਵੱਲੋਂ ਪੰਜਾਬ ਪੱਧਰ ‘ਤੇ ਖੇਡਣ ਲਈ ਚੁਣਿਆ ਗਿਆ। ਸਾਰੇ ਅਧਿਆਪਕ ਉਸ ਨੂੰ ਪੂਰੀ ਹੱਲਾਸ਼ੇਰੀ ਦਿੰਦੇ ਅਤੇ ਖਾਣ ਲਈ ਪੂਰੀ ਖੁਰਾਕ ਵੀ ਦਿੱਤੀ ਜਾਂਦੀ।
ਉਸ ਦਾ ਪਿਤਾ ਤੇਜਾ ਸਿੰਘ ਕੋਰਾ ਅਨਪੜ੍ਹ ਅਤੇ ਪੁਰਾਣੇ ਖ਼ਿਆਲਾਂ ਦਾ ਵਿਅਕਤੀ ਸੀ। ਜਦੋਂ ਜੱਸੀ ਨੇ ਪੰਜਾਬ ਖੇਡਣ ਜਾਣਾ ਸੀ ਤਾਂ ਸਕੂਲ ਦੇ ਡੀਪੀਈ ਅਧਿਆਪਕ ਅਤੇ ਹੋਰ ਅਧਿਆਪਕਾਂ ਨੇ ਜੱਸੀ ਦੇ ਘਰ ਜਾ ਕੇ ਉਸ ਦੇ ਪਿਤਾ ਨੂੰ ਦੱਸਿਆ ਕਿ ਅਸੀਂ ਇਸ ਹੋਣਹਾਰ ਵਿਦਿਆਰਥਣ ਨੂੰ ਪੰਜਾਬ ਪੱਧਰ ਦੀਆਂ ਖੇਡਾਂ ਵਾਸਤੇ ਤਿੰਨ ਦਿਨਾਂ ਲਈ ਅੰਮ੍ਰਿਤਸਰ ਲੈ ਕੇ ਜਾਣਾ ਹੈ। ਬਹੁਤ ਮਨਾਉਣ ਤੋਂ ਬਾਅਦ ਉਹ ਤਿਆਰ ਹੋ ਗਿਆ।
ਉਸੇ ਦਿਨ ਸ਼ਾਮ ਨੂੰ ਤੇਜਾ ਸਿੰਘ ਨੇ ਧਾਰਮਿਕ ਸਥਾਨ ‘ਤੇ ਸੇਵਾ ਲਈ ਜਾਣਾ ਸੀ ਤੇ ਉਹ ਜੱਸੀ ਨੂੰ ਖੇਡਣ ਜਾਣ ਲਈ ਕਹਿ ਗਿਆ। ਜੱਸੀ ਬਹੁਤ ਖ਼ੁਸ਼ ਸੀ। ਉਸ ਦੇ ਪੈਰ ਧਰਤੀ ‘ਤੇ ਨਹੀਂ ਲੱਗ ਰਹੇ ਸਨ ਤੇ ਲੱਗਣ ਵੀ ਕਿਵੇਂ, ਉਸ ਦਾ ਸੁਪਨਾ ਜੋ ਪੂਰਾ ਹੋਣ ਜਾ ਰਿਹਾ ਸੀ।
ਜੱਸੀ ਨੂੰ ਡੀਪੀਈ ਅਧਿਆਪਕ ਨੇ ਕਿਹਾ ਕਿ ਉਹ ਖੰਨੇ ਦੇ ਬੱਸ ਅੱਡੇ ‘ਤੇ ਪੂਰੇ ਨੌਂ ਵਜੇ ਪਹੁੰਚ ਜਾਵੇ, ਲੇਟ ਨਾ ਹੋਵੇ। ਉੱਥੇ ਹੋਰ ਕੁੜੀਆਂ, ਜਿਨ੍ਹਾਂ ਨੇ ਪੰਜਾਬ ਖੇਡਣ ਜਾਣਾ ਹੈ, ਖੜ੍ਹੀਆਂ ਹੋਣਗੀਆਂ। ਅਧਿਆਪਕ ਨੇ ਸਮੇਂ ਸਿਰ ਪਹੁੰਚਣ ਦੀ ਤਾਕੀਦ ਕਰਦਿਆਂ ਉਸ ਨੂੰ ਅੰਮ੍ਰਿਤਸਰ ਹੀ ਮਿਲਣ ਦੀ ਗੱਲ ਆਖੀ।
ਅਗਲੇ ਦਿਨ ਜੱਸੀ ਤਿਆਰ ਹੋ ਗਈ। ਉਸ ਨੇ ਸਾਈਕਲ ਲਿਆ ਤੇ ਫ਼ਰਜ਼ੁਲਾਪੁਰ ਪਹੁੰਚ ਗਈ। ਉੱਥੇ ਗੁਰਦੁਆਰੇ ਵਿੱਚ ਆਪਣਾ ਸਾਈਕਲ ਖੜ੍ਹਾ ਕੇ ਉੱਥੋਂ ਖੰਨੇ ਵਾਲੀ ਬੱਸ ਲੈ ਲਈ। ਜਦੋਂ ਉਹ ਬੱਸ ਅੱਡੇ ਪਹੁੰਚੀ ਤਾਂ ਉਸ ਨੂੰ ਉੱਥੇ ਉਸ ਨਾਲ ਖੇਡਣ ਜਾਣ ਵਾਲੀ ਕੋਈ ਕੁੜੀ ਵੀ ਨਜ਼ਰ ਨਾ ਆਈ। ਉਹ ਘਬਰਾ ਗਈ। ਪਹਿਲੀ ਵਾਰ ਪਿੰਡ ਵਿੱਚੋਂ ਇਕੱਲੀ ਨਿਕਲੀ ਜੱਸੀ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ। ਉਸ ਨੇ ਸੋਚਿਆ ਕਿ ਸਰ ਨੂੰ ਫੋਨ ਕਰੇ ਤਾਂ ਉਸ ਨੇ ਇੱਕ ਦੁਕਾਨ ‘ਤੇ ਜਾ ਕੇ ਫੋਨ ਮਿਲਾਇਆ। ਕਈ ਵਾਰ ਮਿਲਾਉਣ ਦੇ ਬਾਵਜੂਦ ਫੋਨ ਨਾ ਮਿਲਿਆ। ਉਹ ਦੁਚਿੱਤੀ ਵਿੱਚ ਪੈ ਗਈ ਕਿ ਹੁਣ ਉਹ ਕੀ ਕਰੇ। ਪਹਿਲਾਂ ਉਸ ਨੇ ਸੋਚਿਆ ਕਿ ਇਕੱਲੀ ਹੀ ਅੰਮ੍ਰਿਤਸਰ ਚਲੀ ਜਾਂਦੀ ਹਾਂ। ਪਰ ਉਹ ਡਰ ਗਈ ਕਿ ਕਿਤੇ ਰੁਲ ਹੀ ਨਾ ਜਾਵਾਂ। ਉਸ ਨੂੰ ਆਪਣਾ ਸੁਪਨਾ ਟੁੱਟਦਾ ਹੋਇਆ ਜਾਪਿਆ। ਪਰ ਅੰਤ ਉਸ ਨੇ ਪਿੰਡ ਵਾਪਸ ਜਾਣ ਦਾ ਮਨ ਬਣਾ ਲਿਆ ਤੇ ਉਸ ਨੇ ਖੰਨੇ ਤੋਂ ਫ਼ਰਜ਼ੁਲਾਪੁਰ ਵਾਲੀ ਬੱਸ ਲੈ ਲਈ। ਜਦੋਂ ਉਹ ਫ਼ਰਜੁਲਾਪੁਰ ਪਹੁੰਚੀ ਤਾਂ ਦੁਪਹਿਰ ਸੀ। ਸੂਰਜ ਵੀ ਆਪਣੇ ਜੌਹਰ ਵਿਖਾ ਰਿਹਾ ਸੀ। ਜਿਉਂ ਹੀ ਉਹ ਬੱਸ ਵਿੱਚੋਂ ਉਤਰ ਕੇ ਆਪਣਾ ਸਾਈਕਲ ਚੁੱਕਣ ਲਈ ਗੁਰਦੁਆਰੇ ਗਈ ਤਾਂ ਗ੍ਰੰਥੀ ਦੀ ਪਤਨੀ ਨੇ ਉਸ ਨੂੰ ਤਪਦੀ ਦੁਪਹਿਰ ਹੋਣ ਕਰਕੇ ਘਰ ਨਾ ਜਾਣ ਦਿੱਤਾ ਤੇ ਕਿਹਾ, ”ਬੈਠ ਜਾ ਜੱਸੀ, ਲੰਗਰ ਛਕ ਲੈ। ਦੁਪਹਿਰ ਢਲ ਲੈਣ ਦੇ। ਫਿਰ ਚਲੀ ਜਾਵੀਂ।” ਜੱਸੀ ਨੇ ਲੰਗਰ ਛਕਿਆ। ਜਿਉਂ ਹੀ ਦੁਪਹਿਰ ਢਲੀ ਤਾਂ ਜੱਸੀ ਗ੍ਰੰਥੀ ਦੀ ਪਤਨੀ ਨਾਲ ਗੁਰੂ ਘਰ ਦੀ ਸਫ਼ਾਈ ਕਰਵਾਉਣ ਲੱਗੀ। ਇਹ ਕੁਝ ਕਰਦਿਆਂ ਸ਼ਾਮ ਹੋ ਗਈ। ਹੁਣ ਜੱਸੀ ਨੇ ਆਪਣਾ ਸਾਈਕਲ ਚੁੱਕਿਆ ਤੇ ਘਰ ਨੂੰ ਚਲੀ ਗਈ।
ਘਰ ਵੜਦੀ ਨੂੰ ਜੱਸੀ ਦੀ ਦਾਦੀ ਨੇ ਕਿਹਾ, ”ਖੇਡ ਆਈ?”
”ਨਹੀਂ ਬੇਬੇ।”
”ਫਿਰ ਕਿੱਥੇ ਸੀ ਇੰਨਾ ਚਿਰ?” ਬਿਨਾਂ ਕੁਝ ਸੁਣਿਆਂ ਉਸ ਦੀ ਦਾਦੀ ਤੇ ਮਾਂ ਉਸ ਨੂੰ ਬੁਰਾ ਭਾਲ ਕਹਿਣ ਲੱਗ ਪਈਆਂ। ਜੱਸੀ ਇਹ ਸਭ ਕੁਝ ਸੁਣਦੀ ਰਹੀ ਤੇ ਮੂੰਹ ‘ਤੇ ਹੱਥ ਰੱਖ ਕੇ ਰੋਂਦੀ ਰਹੀ। ਫਿਰ ਉਹ ਕਮਰੇ ਵਿੱਚ ਚਲੀ ਗਈ। ਉਸ ਨੇ ਇੱਕ ਚਾਦਰ ਲਈ ਤੇ ਆਪਣਾ ਮੂੰਹ ਸਿਰ ਲਪੇਟ ਕੇ ਮੰਜੇ ਉੱਪਰ ਪੈ ਗਈ। ਅੰਦਰੋ-ਅੰਦਰੀ ਰੋਂਦੀ ਰਹੀ, ਪਰ ਕੀ ਕਰੇ।
ਜਦੋਂ ਰਾਤ ਦੇ ਅੱਠ ਵਜੇ ਤਾਂ ਜੱਸੀ ਦੇ ਚਾਚੇ ਨੂੰ ਫੋਨ ਆਇਆ। ਚਾਚੇ ਨੇ ਉਸ ਨੂੰ ਕਿਹਾ ਕਿ ਉਸ ਦੇ ਸਰ ਦਾ ਫੋਨ ਆਇਆ ਹੈ। ਜਿਉਂ ਹੀ ਜੱਸੀ ਨੇ ਇਹ ਗੱਲ ਸੁਣੀ ਤਾਂ ਉਸ ਨੇ ਆਪਣੀ ਚਾਦਰ ਚੁੱਕ ਕੇ ਪਰ੍ਹਾਂ ਮਾਰੀ ਤੇ ਭੱਜ ਕੇ ਫੋਨ ਸੁਣਨ ਗਈ। ਸਰ ਨੇ ਉਸ ਨੂੰ ਕਿਹਾ, ”ਜੱਸੀ, ਜੋ ਖੇਡਾਂ ਅੰਮ੍ਰਿਤਸਰ ਹੋਣੀਆਂ ਸਨ ਉਹ ਬਦਲ ਦਿੱਤੀਆਂ ਗਈਆਂ ਹਨ। ਇਹ ਹੁਣ ਪਟਿਆਲਾ ਵਿੱਚ ਹੋਣਗੀਆਂ। ਆਪਣੀ ਐਥਲੈਟਿਕ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ। ਤੂੰ ਤਿਆਰ ਰਹੀਂ। ਮੈਂ ਤੈਨੂੰ ਸਵੇਰੇ ਚਾਰ ਵਜੇ ਤੇਰੇ ਘਰ ਤੋਂ ਲੈਣ ਲਈ ਆਵਾਂਗਾ।” ਜੱਸੀ ਨੇ ਬਿਨਾਂ ਕੁਝ ਸੋਚਿਆਂ ਉਨ੍ਹਾਂ ਨੂੰ ਸਵੇਰੇ ਆਉਣ ਲਈ ਹਾਂ ਕਰ ਦਿੱਤੀ। ਉਸ ਨੇ ਸੋਚਿਆ ਕਿ ਸਰ ਆਪ ਹੀ ਉਸ ਦੀ ਦਾਦੀ ਤੇ ਮੰਮੀ ਨੂੰ ਮਨਾ ਲੈਣਗੇ।
ਜੱਸੀ ਨੂੰ ਸਵੇਰੇ ਜਾਣ ਬਾਰੇ ਸੋਚ ਕੇ ਸਾਰੀ ਰਾਤ ਨੀਂਦ ਨਾ ਆਈ। ਉਸ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਡਰ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਉਸ ਨੂੰ ਨਾ ਜਾਣ ਦਿੱਤਾ ਤਾਂ ਕੀ ਹੋਵੇਗਾ? ਇਸ ਤਰ੍ਹਾਂ ਸੋਚਦਿਆਂ ਸਵੇਰ ਦੇ ਤਿੰਨ ਵੱਜ ਗਏ। ਸਾਰੇ ਪਰਿਵਾਰ ਦੇ ਮੈਂਬਰ ਸੁੱਤੇ ਪਏ ਸਨ, ਪਰ ਜੱਸੀ ਜਾਣ ਲਈ ਤਿਆਰ ਹੋ ਰਹੀ ਸੀ। ਜਿਉਂ ਹੀ ਘੜੀ ਦੀ ਛੋਟੀ ਸੂਈ ਚਾਰ ਤੇ ਵੱਡੀ ਸੂਈ ਪੰਜ ‘ਤੇ ਆਈ ਤਾਂ ਜੱਸੀ ਦੇ ਘਰ ਦਾ ਦਰਵਾਜ਼ਾ ਖੜਕਿਆ। ਦਾਦੀ ਅੱਗੇ ਹੀ ਸੁੱਤੀ ਪਈ ਸੀ। ਉਹ ਉੱਠੀ ਤੇ ਪੁੱਛਿਆ, ”ਕੌਣ ਐ ਭਾਈ?”
”ਬੇਬੇ, ਮੈਂ ਮਾਸਟਰ ਹਾਂ।”
”ਹਾਂ ਭਾਈ?”
”ਬੇਬੇ, ਮੈਂ ਆਪਣੀ ਜੱਸੀ ਨੂੰ ਲੈਣ ਲਈ ਆਇਆ ਹਾਂ। ਖੇਡਣ ਲਈ ਜਾਣਾ ਹੈ।”
”ਵੇ ਮਾਸਟਰ! ਤੇਰਾ ਦਿਮਾਗ਼ ਠੀਕ ਹੈ। ਇਸ ਵੇਲੇ ਜਾਹ ਅਸੀਂ ਨਹੀਂ ਭੇਜਣੀ।”
ਇੰਨੇ ਨੂੰ ਜੱਸੀ ਦਾ ਭਰਾ ਜੋਰਾ ਉੱਠ ਗਿਆ ਤੇ ਕਹਿਣ ਲੱਗਾ, ”ਬੇਬੇ, ਸਰ ਨੂੰ ਅੰਦਰ ਤਾਂ ਆ ਜਾਣ ਦੇ। ਬਾਹਰ ਖੜ੍ਹੀ ਗੱਲਾਂ ਕਰੀ ਜਾਂਦੀ ਹੈਂ।”
ਜਦੋਂ ਡੀਪੀਈ ਅਧਿਆਪਕ ਅੰਦਰ ਆ ਕੇ ਬੈਠੇ ਤਾਂ ਉਨ੍ਹਾਂ ਨੇ ਬੇਬੇ ਅਤੇ ਜੱਸੀ ਦੀ ਮਾਂ ਨੂੰ ਸਾਰੀ ਗੱਲ ਸਮਝਾਈ, ਪਰ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਸੀ ਪੈ ਰਿਹਾ। ਸਰ ਨੇ ਕਿਹਾ, ”ਬੇਬੇ, ਤੂੰ ਜੱਸੀ ਨੂੰ ਖੇਡਣ ਲਈ ਭੇਜ ਦੇ ਇੱਕ ਵਾਰ। ਇਹ ਵਧੀਆ ਐਥਲੀਟ ਹੈ। ਇਹ ਤਾਂ ਤੁਹਾਡੀ ਗ਼ਰੀਬੀ ਚੁੱਕ ਦੇਵੇਗੀ। ਤੁਹਾਡੀ ਕੁਲ ਤਾਰ ਦੇਵੇਗੀ। ਅਜਿਹੀਆਂ ਧੀਆਂ ਤਾਂ ਸਬੱਬ ਨਾਲ ਹੀ ਜੰਮਦੀਆਂ ਹਨ।”
”ਵੇ ਮਾਸਟਰਾ! ਤੂੰ ਤਾਂ ਇਹ ਕਹਿੰਦਾ ਹੈਂ। ਜੇ ਕੱਲ੍ਹ ਨੂੰ ਕੋਈ ਉੱਨੀ-ਇੱਕੀ ਹੋ ਗਈ ਤਾਂ ਸਾਡਾ ਟੱਬਰ ਗਲ ਜਾਊ। ਕਿਸੇ ਪਾਸੇ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ। ਇਸ ਤੋਂ ਪਹਿਲਾਂ ਕਿ ਸਾਨੂੰ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦਾ ਸਾਹਮਣਾ ਕਰਨਾ ਪਵੇ, ਅਸੀਂ ਇਸ ਨੂੰ ਭੇਜਣਾ ਹੀ ਨਹੀਂ।”
ਸਵੇਰ ਦੇ ਛੇ ਵਜੇ ਤਕ ਡੀਪੀਈ ਅਧਿਆਪਕ ਜੱਸੀ ਦੇ ਘਰ ਉਸ ਦੇ ਪਰਿਵਾਰ ਦੀਆਂ ਮਿੰਨਤਾਂ ਕਰਦੇ ਰਹੇ, ਪਰ ਉਨ੍ਹਾਂ ਦੇ ਕੰਨ ‘ਤੇ ਜੂੰ ਤਕ ਨਹੀਂ ਸਰਕੀ। ਡੀਪੀਈ ਅਧਿਆਪਕ ਨੇ ਬਥੇਰਾ ਕਿਹਾ ਕਿ ਇਹ ਮੇਰੀ ਧੀਆਂ ਵਰਗੀ ਹੈ, ਇਸ ਦੇ ਵਿਆਹ ‘ਤੇ ਵੀ ਸਾਰਾ ਖ਼ਰਚਾ ਮੈਂ ਕਰਾਂਗਾ। ਪਰ ਬੇਬੇ ਨਾ ਮੰਨੀ।
ਡੀਪੀਈ ਅਧਿਆਪਕ ਨੇ ਸੋਚਿਆ ਕਿ ਸ਼ਾਇਦ ਆਦਮੀ ਹੋਣ ਕਰਕੇ ਨਹੀਂ ਭੇਜ ਰਹੇ ਤਾਂ ਉਨ੍ਹਾਂ ਨੇ ਫੋਨ ਕਰਕੇ ਸਕੂਲ ਦੇ ਮਹਿਲਾ ਸਟਾਫ਼ ਨੂੰ ਬੁਲਾ ਲਿਆ। ਉਨ੍ਹਾਂ ਨੇ ਵੀ ਬੇਬੇ ਨੂੰ ਬਹੁਤ ਸਮਝਾਇਆ, ਪਰ ਕੁਝ ਨਹੀਂ ਸੀ ਬਣ ਰਿਹਾ। ਸਾਰੇ ਮਿੰਨਤਾਂ ਕਰ ਕਰ ਥੱਕ ਚੁੱਕੇ ਸਨ। ਉਧਰੋਂ ਸਵੇਰੇ ਦੇ ਸਵਾ ਸੱਤ ਵੱਜ ਗਏ ਸਨ। ਹੁਣ ਕੁਝ ਵੀ ਨਹੀਂ ਸੀ ਹੋ ਸਕਦਾ। ਸਾਰੇ ਅਧਿਆਪਕ ਚੁੱਪਚਾਪ ਨੀਵੀਂ ਪਾਈ ਸੋਚ ਰਹੇ ਸਨ। ਜੱਸੀ ਇੱਕ ਪਾਸੇ ਖੜ੍ਹੀ ਜ਼ਾਰੋ-ਜ਼ਾਰ ਰੋ ਰਹੀ ਸੀ।
– ਸੰਜੀਵ ਕੁਮਾਰ ਕਲਿਆਣ















