ਨਵੀਂ ਦਿੱਲੀ : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੋਸ਼ਲ ਮੀਡੀਆ ਟਵਿੱਟਰ ‘ਤੇ ਲੋਕਾਂ ਦੀ ਮਦਦ ਕਰਨ ਲਈ ਜਾਂਣੀ ਜਾਂਦੀ ਹੈ। ਸੁਸ਼ਮਾ ਭਾਰਤ ਦੇ ਨਾਗਰਿਕਾਂ ਨੂੰ ਹੀ ਮਦਦ ਉਪਲੱਬਧ ਨਹੀਂ ਕਰਵਾਉਂਦੀ, ਸਗੋਂ ਕਿ ਉਹ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੀ ਮਦਦ ਲਈ ਵੀ ਹਮੇਸ਼ਾ ਤਿਆਰ ਰਹਿੰਦੀ ਹੈ। ਸੁਸ਼ਮਾ ਨੇ ਇਕ ਵਾਰ ਫਿਰ ਪਾਕਿਸਤਾਨ ਲਈ ਦਿਲ ਦੇ ਦਰਵਾਜ਼ੇ ਖੋਲ੍ਹੇ ਹਨ।
ਪਾਕਿਸਤਾਨ ‘ਚ ਰੋਹਾਨ ਨਾਂ ਦੇ ਬੱਚੇ ਨੇ ਜਨਮ ਲਿਆ ਹੈ ਪਰ ਉਸ ਨੂੰ ਦਿਲ ਦੀ ਸਮੱਸਿਆ ਹੈ, ਇਸ ਲਈ ਉਸ ਦੇ ਪਰਿਵਾਰ ਨੇ ਸੁਸ਼ਮਾ ਤੋਂ ਟਵਿੱਟਰ ‘ਤੇ ਭਾਰਤ ਵਿਚ ਇਲਾਜ ਦੀ ਮਦਦ ਲਈ ਮੈਡੀਕਲ ਵੀਜ਼ੇ ਲਈ ਬੇਨਤੀ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਅਸੀਂ ਭਾਰਤ ਸਰਕਾਰ ਤੋਂ ਆਪਣੇ ਬੱਚੇ ਦੇ ਇਲਾਜ ਲਈ ਮੈਡੀਕਲ ਵੀਜ਼ੇ ਲਈ ਬੇਨਤੀ ਕਰਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ‘ਚ ਬੱਚੇ ਦੇ ਇਲਾਜ ਲਈ ਹਸਪਤਾਲ ਨਹੀਂ ਹੈ, ਇਸ ਲਈ ਅਸੀਂ ਭਾਰਤ ਵਿਚ ਬੱਚੇ ਦਾ ਇਲਾਜ ਕਰਵਾਉਣਾ ਚਾਹੁੰਦੇ ਹਾਂ। ਇਸ ‘ਤੇ ਟਵੀਟ ਕਰਦਿਆਂ ਸੁਸ਼ਮਾ ਨੇ ਕਿਹਾ ਕਿ ਅਸੀਂ ਭਾਰਤ ‘ਚ ਬੱਚੇ ਦੇ ਇਲਾਜ ਲਈ ਮੈਡੀਕਲ ਵੀਜ਼ਾ ਦੇਵਾਂਗੇ।















