ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਇਕ ਸਤੰਬਰ ਤੋਂ ਸਿੱਧੇ ਢੰਗ ਨਾਲ ਮਾਮਲਿਆਂ ਦੀ ਆਖ਼ਰੀ ਸੁਣਵਾਈ ਲਈ ਨਵੀਂ ਮਾਨਕ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਜਾਰੀ ਕੀਤੀ ਹੈ। ਕੋਵਿਡ ਨਾਲ ਸਬੰਧਤ ਪੈਮਾਨਿਆਂ ਦੀ ਪਾਲਣਾ ਦਰਮਿਆਨ ਮੰਗਲਵਾਰ ਤੋਂ ਵੀਰਵਾਰ ਤੱਕ ਹਾਈਬ੍ਰਿਡ ਬਦਲ ਦੀ ਵਰਤੋਂ ਹੋਵੇਗੀ।
ਸੁਪਰੀਮ ਕੋਰਟ ਪਿਛਲੇ ਸਾਲ ਮਾਰਚ ਤੋਂ ਮਹਾਮਾਰੀ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ। ਕਈ ਵਾਰ ਵਕੀਲਾਂ ਅਤੇ ਹੋਰਨਾਂ ਨੇ ਮੰਗ ਕੀਤੀ ਕਿ ਸਿੱਧੇ ਢੰਗ ਨਾਲ ਸੁਣਵਾਈ ਮੁੜ ਤੋਂ ਸ਼ੁਰੂ ਹੋਵੇ। 28 ਅਗਸਤ ਨੂੰ ਜਨਰਲ ਸਕੱਤਰ ਵਲੋਂ ਜਾਰੀ ਐੱਸ. ਓ. ਪੀ. ’ਚ ਸਪੱਸ਼ਟ ਕੀਤਾ ਗਿਆ ਹੈ ਕਿ ਅਦਾਲਤਾਂ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਡਿਜੀਟਲ ਢੰਗ ਨਾਲ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕਰਦੀਆਂ ਰਹਿਣਗੀਆਂ। ਐੱਸ. ਓ. ਪੀ. ’ਚ ਕਿਹਾ ਗਿਆ ਹੈ ਕਿ ਮਾਸਕ ਪਹਿਨਣਾ, ਸੈਨੇਟਾਈਜ਼ਰ ਦੀ ਵਾਰ-ਵਾਰ ਵਰਤੋਂ ਕਰਨੀ ਅਤੇ ਅਦਾਲਤ ਦੇ ਚੈਂਬਰ ਸਮੇਤ ਸੁਪਰੀਮ ਕੋਰਟ ਕੰਪਲੈਕਸ ’ਚ ਸਭ ਲੋਕਾਂ ਲਈ ਸਮਾਜਿਕ ਦੂਰੀ ਦੇ ਪੈਮਾਨਿਆਂ ਨੂੰ ਬਣਾਈ ਰੱਖਣਾ ਜ਼ਰੂਰੀ ਹੈ।















