ਸੁਖਬੀਰ ਬਾਦਲ ਨੂੰ ਚੋਣ ਲੜਵਾਉਣਾ ਚਾਹੁੰਦੇ ਨੇ ਅਕਾਲੀ! ਅੰਦਰਖਾਤੇ ਇਸ ਸੀਟ ਲਈ ਹੋ ਰਹੀਆਂ ਅਪੀਲਾਂ

ਲੁਧਿਆਣਾ – ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਵੇਂ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ, ‘ਆਪ’ ਤੇ ਕਾਂਗਰਸ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਚੋਟੀ ਦੇ ਨੇਤਾਵਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੰਦਰਖਾਤੇ ਬੇਨਤੀ ਕੀਤੀ ਹੈ ਕਿ ਉਹ ਲੁਧਿਆਣਾ ਤੋਂ ਚੋਣ ਲੜਨ, ਜਿਸ ਨਾਲ ਅਕਾਲੀ ਹਲਕਿਆਂ ’ਚ ਜੋਸ਼ ਅਤੇ ਅਕਾਲੀ ਵਰਕਰਾਂ ’ਚ ਨਿਰਾਸਤਾ ਦੂਰ ਕਰ ਕੇ ਮੁੜ ਜੋਸ਼ ਭਰਿਆ ਜਾਵੇ।
ਇਸ ਸਬੰਧੀ ਭਾਵੇਂ ਸੀਨੀਅਰ ਨੇਤਾਵਾਂ ਨੇ ਸੁਖਬੀਰ ਨੂੰ ਬੇਨਤੀ ਕਰਨ ਦੀਆਂ ਖ਼ਬਰਾਂ ਹਨ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਇਹ ਫ਼ੈਸਲਾ ਲਿਆ ਹੈ ਕਿ ਪਰਿਵਾਰ ’ਚੋਂ ਇਕ ਜੀ ਨੂੰ ਇਕ ਟਿਕਟ ਮਿਲੇਗੀ, ਜਿਸ ਦੇ ਚਲਦੇ ਉਹ ਪਹਿਲਾਂ ਹੀ ਫਿਰੋਜ਼ਪੁਰ ਤੋਂ ਮੌਜੂਦਾ ਐੱਮ. ਪੀ. ਹੁੰਦੇ ਹੋਏ ਚੋਣ ਲੜਨ ਤੋਂ ਨਾਹ ਕਰ ਚੁੱਕੇ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ ਬਾਦਲ ਲੁਧਿਆਣਾ ਦੇ ਸੀਨੀਅਰ ਆਗੂਆਂ ਦੀ ਇਸ ਬੇਨਤੀ ’ਤੇ ਕਿੰਨਾ ਕੁ ਅਮਲ ਕਰਦੇ ਹਨ। ਅੱਜ ਜਦੋਂ ਟਿਕਟ ਦੇ ਇੱਛੁਕ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਨਾਲ ਗੱਲ ਕੀਤੀ ਕਿ ਜੇਕਰ ਸੁਖਬੀਰ ਚੋਣ ਲੜਦੇ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਚੰਗਾ ਹੋਰ ਕੀ ਹੋਵੇਗਾ। ਅਕਾਲੀ ਦਲ ਲੱਖਾਂ ਵੋਟਾਂ ਨਾਲ ਜਿੱਤੇਗਾ ਅਤੇ ਅਸੀਂ ਤਨ, ਮਨ ਅਤੇ ਧਨ ਨਾਲ ਉਨ੍ਹਾਂ ਦੀ ਮਦਦ ਕਰਾਂਗੇ।
ਇਸੇ ਤਰ੍ਹਾਂ ਜਦੋਂ ਟਿਕਟ ਦੇ ਦਾਅਵੇਦਾਰ ਪਰਉਪਕਾਰ ਸਿੰਘ ਘੁੰਮਣ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦਾ ਪਰਛਾਵਾਂ ਬਣ ਕੇ ਉਨ੍ਹਾਂ ਦੇ ਨਾਲ ਗਲੀ-ਗਲੀ ਮੁਹੱਲੇ-ਮੁਹੱਲੇ ਦਿਨ ਰਾਤ ਇਕ ਕਰ ਦੇਵਾਂਗੇ, ਸੁਖਬੀਰ ਜੀ ਐਲਾਨ ਤਾਂ ਕਰਨ।