ਸੀਰੀਜ਼ ਜਿੱਤਣ ਤੋਂ ਬਾਅਦ ਬੋਲਿਆ ਜਡੇਜਾ, ਦੁਨੀਆ ਨੂੰ ਨਹੀਂ ਖ਼ੁਦ ਨੂੰ ਕਰਨਾ ਸੀ ਸਾਬਿਤ

ਨਵੀਂ ਦਿੱਲੀ – ਵੈੱਸਟ ਇੰਡੀਜ਼ ਖ਼ਿਲਾਫ਼ ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਅਜੇਤੂ 39 ਦੌੜਾਂ ਬਣਾਉਣ ਵਾਲੇ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਕਿਹਾ ਕਿ ਉਸ ਨੂੰ ਦੁਨੀਆ ਨੂੰ ਨਹੀਂ ਸਗੋਂ ਖ਼ੁਦ ਨੂੰ ਸਾਬਿਤ ਕਰਨਾ ਹੈ ਕਿ ਉਹ ਹਾਲੇ ਵੀ ਵਨ-ਡੇ ਖੇਡ ਸਕਦਾ ਹੈ। ਜਡੇਜਾ ਸੀਮਿਤ ਓਵਰਾਂ ਦੀ ਟੀਮ ਦਾ ਰੈਗੁਲਰ ਹਿੱਸਾ ਨਹੀਂ ਸੀ, ਪਰ ਇੰਗਲੈਂਡ ਵਿੱਚ ਵਨ-ਡੇ ਵਰਲਡ ਕੱਪ ਤੋਂ ਪਹਿਲਾਂ ਉਹ ਯੋਜਨਾ ਦਾ ਹਿੱਸਾ ਬਣਿਆ। ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਕੌਮੈਂਟੇਟਰ ਸੰਜੇ ਮਾਂਜਰੇਕਰ ਨੇ ਉਸ ਨੂੰ ਟੁਕੜਿਆਂ-ਟੁਕੜਿਆਂ ਵਿੱਚ ਖੇਡਣ ਵਾਲਾ ਖਿਡਾਰੀ ਕਿਹਾ ਸੀ, ਪਰ ਨਿਊ ਜ਼ੀਲੈਂਡ ਖਿਲਾਫ਼ ਵਰਲਡ ਕੱਪ ਸੈਮੀਫ਼ਾਈਨਲ ਵਿੱਚ ਉਸ ਨੇ 59 ਗੇਂਦਾਂ ਵਿੱਚ 77 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾ ਦਿੱਤਾ ਸੀ।
ਜਡੇਜਾ ਨੇ ਕਿਹਾ, ”ਮੈਨੂੰ ਖ਼ੁਦ ਨੂੰ ਸਾਬਿਤ ਕਰਨਾ ਸੀ ਕਿ ਮੈਂ ਅਜੇ ਵੀ ਸੀਮਿਤ ਓਵਰਾਂ ਦੀ ਕ੍ਰਿਕਟ ਖੇਡ ਸਕਦਾ ਹਾਂ। ਮੈਨੂੰ ਦੁਨੀਆ ਵਿੱਚ ਕਿਸੇ ਨੂੰ ਕੁੱਝ ਵੀ ਸਾਬਿਤ ਨਹੀਂ ਕਰਨਾ ਸੀ। ਇਹ ਕਾਫ਼ੀ ਮਹੱਤਵਪੂਰਨ ਪਾਰੀ ਸੀ ਕਿਉਂਕਿ ਇਹ ਇੱਕ ਫ਼ੈਸਲਾਕੁੰਨ ਮੈਚ ਸੀ। ਵਿਕਟ ਬੱਲੇਬਾਜ਼ੀ ਲਈ ਚੰਗੀ ਸੀ। ਸਾਨੂੰ ਬਸ ਗੇਂਦ ਨੂੰ ਸਮਝ ਕੇ ਖੇਡਣਾ ਸੀ। ਮੈਂ ਇਸ ਸਾਲ ਜ਼ਿਆਦਾ ਵਨ-ਡੇ ਕ੍ਰਿਕਟ ਨਹੀਂ ਖੇਡਿਆ, ਪਰ ਜਦੋਂ ਵੀ ਮੌਕਾ ਮਿਲਿਆ ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਫ਼ੀਲਡਿੰਗ ਵਿੱਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੁਕਾਬਲੇ ਦੀ ਆਖ਼ਰੀ ਗੇਂਦ ਤਕ ਖੇਡਣਾ ਮਹੱਤਵਪੂਰਨ ਸੀ। ਸਾਨੂੰ ਪਤਾ ਸੀ ਕਿ ਅਸੀਂ ਜਿੱਤਾਂਗੇ।” ਫ਼ੀਲਡਿੰਗ ਬਾਰੇ ਗੱਲ ਕਰਦਿਆਂ ਜਡੇਜਾ ਨੇ ਕਿਹਾ ਕਿ ਪੂਰੀ ਸੀਰੀਜ਼ ਵਿੱਚ ਕਈ ਕੈਚ ਛੁੱਟੇ। ਸਾਡੀ ਫ਼ੀਲਡਿੰਗ ਦੇ ਪੱਧਰ ਨੂੰ ਦੇਖਦਿਆਂ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਸਫ਼ੈਦ ਰੌਸ਼ਨੀ ਵਿੱਚ ਤ੍ਰੇਲ ਕਾਰਨ ਅਜਿਹਾ ਹੋ ਜਾਂਦਾ ਹੈ। ਕੈਚ ਛੁੱਟਣ ਦਾ ਨੁਕਸਾਨ ਚੁੱਕਣਾ ਪੈਂਦਾ ਹੈ। ਅਗਲੀ ਸੀਰੀਜ਼ ਵਿੱਚ ਇਸ ‘ਤੇ ਧਿਆਨ ਦੇਣਾ ਹੋਵੇਗਾ।