ਸਿੰਧੂ ਡੈਨਮਾਰਕ ਓਪਨ ਦੇ ਪਹਿਲੇ ਦੌਰ ‘ਚੋਂ ਬਾਹਰ

ਓਡੇਨਸੇ – ਭਾਰਤ ਦੀ ਸਟਾਰ ਸ਼ਟਲਰ ਪੀ.ਵੀ. ਸਿੰਧੂ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਪਹਿਲੇ ਦੌਰ ‘ਚ ਇੱਥੇ ਅਮਰੀਕਾ ਦੀ ਬੀਵਨ ਝਾਂਗ ਤੋਂ ਹਾਰ ਕੇ ਬਾਹਰ ਹੋ ਗਈ। ਤੀਜਾ ਦਰਜਾ ਪ੍ਰਾਪਤ ਸਿੰਧੂ ਨੂੰ 56 ਮਿੰਟਾਂ ਤਕ ਮੈਚ ‘ਚ 17-21, 21-16, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ ਸਿੰਧੂ ਨੂੰ ਝਾਂਗ ਤੋਂ ਹਾਰ ਝਲਣੀ ਪਈ। ਅਮਰੀਕੀ ਸ਼ਟਲਰ ਨੇ ਇਸ ਸਾਲ ਫ਼ਰਵਰੀ ‘ਚ ਇੰਡੀਅਨ ਓਪਨ ਦੇ ਫ਼ਾਈਨਲ ‘ਚ ਵੀ ਸਿੰਧੂ ਨੂੰ ਹਰਾਇਆ ਸੀ। ਰੀਓ ਓਲੰਪਿਕ ਦੀ ਚਾਂਦੀ ਤਮਗ਼ਾ ਜੇਤੂ ਜਕਾਰਤਾ ‘ਚ ਏਸ਼ੀਆਈ ਖੇਡਾਂ ‘ਚ ਚਾਂਦੀ ਦਾ ਤਮਗ਼ਾ ਹਾਸਿਲ ਕਰਨ ਦੇ ਬਾਅਦ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੀ ਹੈ। ਉਹ ਜਾਪਾਨ ਓਪਨ ‘ਚ ਵੀ ਦੂਜੇ ਦੌਰ ਤੋਂ ਅੱਗੇ ਨਹੀਂ ਵੱਧ ਸਕੀ ਸੀ ਜਿੱਥੇ ਉਸ ਨੰ ਗਾਓ ਫ਼ੈਂਗਜੀ ਨੇ ਹਰਾਇਆ। ਇੰਨਾ ਹੀ ਨਹੀਂ ਚਾਈਨਾ ਓਪਨ ਦੇ ਕੁਆਰਟਰ ਫ਼ਾਈਨਲ ‘ਚ ਉਨ੍ਹਾਂ ਨੂੰ ਚੀਨ ਦੀ ਯੇਨ ਯੁਫ਼ੇਈ ਤੋਂ ਹਾਰ ਝਲਣੀ ਪਈ ਸੀ।