ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਵੈੱਸਟ ਇੰਡੀਜ਼ ਖ਼ਿਲਾਫ਼ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ‘ਚ ਇੱਕ ਹੋਰ ਰਿਕਾਰਡ ਤੋੜ ਸਕਦਾ ਹੈ। ਕੋਹਲੀ ਵੈੱਸਟ ਇੰਡੀਜ਼ ਖ਼ਿਲਾਫ਼ ਵਨ ਡੇ ਇੰਟਰਨੈਸ਼ਨਲ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਸਕਦਾ ਹੈ। ਫ਼ਿਲਹਾਲ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ ਅਤੇ ਕੋਹਲੀ ਨੂੰ ਉਸ ਤੋਂ ਅੱਗੇ ਨਿਕਲਣ ਲਈ 186 ਦੌੜਾਂ ਦੀ ਲੋੜ ਹੈ। ਸਚਿਨ ਨੇ ਵੈੱਸਟ ਇੰਡੀਜ਼ ਖ਼ਿਲਾਫ਼ 39 ਇੱਕ ਦਿਨਾ ਮੈਚਾਂ ‘ਚ 52.73 ਦੀ ਔਸਤ ਨਾਲ 1,573 ਦੌੜਾਂ ਬਣਾਈਆਂ। ਇਸ ਦੌਰਾਨ ਸਚਿਨ ਨੇ ਚਾਰ ਸੈਂਕੜੇ ਅਤੇ 11 ਅਰਧਸੈਂਕੜੇ ਵੀ ਲਗਾਏ। ਕੋਹਲੀ ਨੇ ਵੈੱਸਟ ਇੰਡੀਜ਼ ਖਿਲਾਫ਼ ਅਜੇ ਤਕ ਕੁੱਲ 27 ਇੱਕ ਦਿਨਾ ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 60.30 ਦੇ ਧਮਾਕੇਦਾਰ ਔਸਤ ਨਾਲ 1, 387 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਚਾਰ ਸੈਂਕੜੇ ਅਤੇ ਨੌਂ ਅਰਧਸੈਂਕੜੇ ਵੀ ਲਗਾਏ ਹਨ।
ਇਸ ਲਿਸਟ ‘ਚ ਤੀਜੇ ਨੰਬਰ ‘ਤੇ ਭਾਰਤੀ ਕ੍ਰਿਕਟ ਦੇ ਦਿੱਗਜ ਬੱਲੇਬਾਜ਼ ਰਾਹੁਲ ਦ੍ਰਵਿੜ ਹਨ। ਦ੍ਰਵਿੜ ਨੇ 40 ਮੈਚਾਂ ‘ਚ 42.12 ਦੀ ਔਸਤ ਨਾਲ 1, 348 ਦੌੜਾਂ ਬਣਾਈਆਂ ਹਨ। ਦ੍ਰਵਿੜ ਨੇ ਵੈੱਸਟ ਇੰਡੀਜ਼ ਖ਼ਿਲਾਫ਼ ਤਿੰਨ ਸੈਂਚੁਰੀਆਂ ਅਤੇ ਅੱਠ ਹਾਫ਼ ਸੈਂਚੁਰੀਆਂ ਬਣਾਈਆਂ। 27 ਮੈਚਾਂ ‘ਚ 1, 142 ਦੌੜਾਂ ਨਾਲ ਸਾਬਕਾ ਕਪਤਾਨ ਸੌਰਭ ਗਾਂਗੁਲੀ ਚੌਥੇ ਨੰਬਰ ‘ਤੇ ਹੈ। ਉਸ ਨੇ 47.58 ਦੀ ਬੱਲੇਬਾਜ਼ੀ ਔਸਤ ਨਾਲ ਦੌੜਾਂ ਬਣਾਈਆਂ। ਗਾਂਗੁਲੀ ਨੇ ਇਸ ਦੌਰਾਨ 11 ਅਰਧਸੈਂਕੜੇ ਲਗਾਏ। ਤੇਂਦੁਲਕਰ, ਕੋਹਲੀ, ਦ੍ਰਵਿੜ ਅਤੇ ਗਾਂਗੁਲੀ ਹੀ ਉਹ ਚਾਰ ਭਾਰਤੀ ਬੱਲੇਬਾਜ਼ ਹਨ ਜਿਨ੍ਹਾਂ ਨੇ ਵੈੱਸਟ ਇੰਡੀਜ਼ ਖ਼ਿਲਾਫ਼ ਇੱਕ ਦਿਨਾ ਕ੍ਰਿਕਟ ‘ਚ 1, 000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।












