ਆਧੁਨਿਕ ਜੀਵਨਸ਼ੈਲੀ ਭੱਜ-ਦੌੜ ਨਾਲ ਭਰੀ ਹੋਈ ਹੈ। ਇਸ ਭੱਜ-ਦੌੜ ਵਿੱਚ ਤਣਾਅ ਦਾ ਵੱਧ ਜਾਣਾ ਇਕ ਆਮ ਸਮੱਸਿਆ ਹੈ। ਤਣਾਅ ਕਾਰਨ ਸਿਰ ਦਰਦ ਹੋਣਾ ਵੀ ਆਮ ਗੱਲ ਹੈ, ਪਰ ਨਿਯਮਤ ਰੂਪ ਨਾਲ ਸਿਰ ਦਰਦ ਹੋਣਾ ਠੀਕ ਗੱਲ ਨਹੀਂ ਹੈ ? ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਤੁਸੀਂ ਨਿਯਮਤ ਸਿਰ ਦਰਦ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਡਾਕਟਰ ਦੀ ਸਲਾਹ ਨਾਲ ਉਸ ਦਾ ਹੱਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਕਾਰਨ
ਸਿਰਦਰਦ ਕਿਸੇ ਇਕ ਕਾਰਨ ਨਹੀਂ ਹੁੰਦਾ। ਇਸ ਦੇ ਅਨੇਕਾਂ ਕਾਰਨ ਹਨ। ਦਿਮਾਗ ‘ਤੇ ਵਧੇਰੇ ਬੋਝ, ਤਣਾਅ, ਧੁੱਪ ਵਿੱਚ ਜ਼ਿਆਦਾ ਦੇਰ ਤੱਕ ਬਾਹਰ ਰਹਿਣਾ, ਮੌਸਮ ਵਿੱਚ ਤਬਦੀਲੀ, ਨੱਕ ਬੰਦ ਹੋਣਾ, ਥਕਾਨ ਹੋਣ ‘ਤੇ, ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ‘ਤੇ, ਖਾਣ-ਪੀਣ ਠੀਕ ਨਾ ਹੋਣ ‘ਤੇ, ਪੂਰੀ ਨੀਂਦ ਨਾ ਲੈਣ ‘ਤੇ ਸਿਰਦਰਦ ਦੀ ਸ਼ਿਕਾਇਤ ਹੋਣ ਲਗਦੀ ਹੈ। ਜੇਕਰ ਕਾਰਨ ਸਮਝ ਵਿੱਚ ਆ ਜਾਣ ਤਾਂ ਪਹਿਲਾਂ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦਾ ਯਤਨ ਕਰੋ। ਫ਼ਿਰ ਵੀ ਸਿਰਦਰਦ ਹੋਵੇ ਤਾਂ ਡਾਕਟਰ ਦੀ ਸਲਾਹ ਲਓ।
ਡਾਕਟਰ ਕੋਲ ਕਦੋਂ ਜਾਈਏ?
ਸਿਰ ‘ਤੇ ਕਿਸੇ ਵੀ ਤਰ੍ਹਾਂ ਦੀ ਸੱਟ ਲੱਗਣ ਨਾਲ ਜਦੋਂ ਸਿਰਦਰਦ ਹੁੰਦਾ ਹੈ ਤਾਂ ਸਾਨੂੰ ਹਲਕੇ ਨਹੀਂ ਲੈਣਾ ਚਾਹੀਦਾ, ਸਗੋਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਕਦੇ-ਕਦੇ ਸੱਟ ਲੱਗਣ ਨਾਲ ਦਿਮਾਗ ਵਿੱਚ ਜ਼ਖਮ ਵੀ ਹੋ ਸਕਦੇ ਹਨ।
ਕਦੀ-ਕਦੀ ਸਿਰਦਰਦ ਦੇ ਨਾਲ ਚੱਕਰ ਆਉਣਾ, ਧੁੰਦਲਾ ਦਿਖਾਈ ਦੇਣਾ, ਸੰਤੁਲਨ ਵਿਗੜਨਾ, ਪੈਰਾਂ ਵਿੱਚ ਅਕੜਨ ਹੋਣਾ, ਬੋਲਣ ਵਿੱਚ ਮੁਸ਼ਕਿਲ ਆਉਣਾ ਵਰਗੀਆਂ ਸਮੱਸਿਆਵਾਂ ਵੀ ਆਉਂਦੀਆਂ ਹਨ, ਜੋ ਬ੍ਰੇਨ ਸਟਰੋਕ ਦੇ ਲੱਛਣ ਹਨ, ਇਸ ਲਈ ਡਾਕਟਰ ਨੂੰ ਮਿਲਣਾ ਚਾਹੀਦਾ ਹੈ।
ਵਾਰ-ਵਾਰ ਸਿਰਦਰਦ ਤੇ ਨਿਊਰੋਲੋਜਿਸਟ ਨੂੰ ਜ਼ਰੂਰ ਮਿਲੋ, ਕਿਉਂਕਿ ਵਾਰ-ਵਾਰ ਤੇਜ਼ ਸਿਰਦਰਦ ਹੋਣਾ ਸਿਹਤ ਲਈ ਘਾਤਕ ਹੋ ਸਕਦਾ ਹੈ। ਡਾਕਟਰ ਸੀ.ਟੀ. ਸਕੈਨ ਜਾਂ ਐੱਮ. ਆਰ. ਆਈ. ਕਰਵਾ ਕੇ ਬਿਮਾਰੀ ਦੇਖਦੇ ਹਨ। ਉਲਟੀ ਦੇ ਨਾਲ ਹੋਣ ਵਾਲਾ ਸਿਰਦਰਦ ਮਾਈਗ੍ਰੇਨ ਹੋ ਸਕਦਾ ਹੈ। ਇਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ। ਮਾਈਗ੍ਰੇਨ ਨਾਲ ਦਿਮਾਗ ਦੇ ਅੰਦਰ ਵੱਡੀ ਗੜਬੜ ਹੋ ਸਕਦੀ ਹੈ।
ਲਗਾਤਾਰ ਜਾਂ ਵਾਰ-ਵਾਰ ਸਿਰਦਰਦ ਦੀ ਸਮੱਸਿਆ ਨੂੰ ਅਣਦੇਖਿਆ ਨਾ ਕਰੋ, ਜਲਦੀ ਹੀ ਆਪਣਾ ਇਲਾਜ ਸ਼ੁਰੂ ਕਰ ਦਿਓ।










