ਚੰਡੀਗੜ੍ਹ — ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੰਸਦ ਮੈਂਬਰ ਦੇ ਇਕ ਸਾਲ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਵਾਈਆਂ। ਉਨ੍ਹਾਂ ਕਿਹਾ ਕਿ ਉਦਯੋਗਿਕ ਸ਼ਹਿਰ ਲੁਧਿਆਣਾ ਦੀ ਤਰੱਕੀ ਲਈ ਸਭ ਤੋਂ ਵੱਡੀ ਪ੍ਰਾਪਤੀ ਸਾਹਨੇਵਾਲ ਹਵਾਈ ਅੱਡਾ ਦਾ ਦਾਇਰਾ ਵਧਾਉਣਾ ਹੈ ਤਾਂ ਜੋ ਇਥੇ ਵੱਡੀਆਂ ਏਅਰਲਾਈਨਜ਼ ਦੇ ਜਹਾਜ਼ ਉਤਰਣ, ਜਿਸ ਲਈ 161 ਕਿੱਲੇ ਜ਼ਮੀਨ ਐਕਵਾਇਰ ਕਰਨ ਦਾ ਕਾਰਜ਼ ਮੁਕੰਮਲ ਹੋ ਗਿਆ ਹੈ ਅਤੇ ਇਸ ‘ਤੇ 39 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਐੱਮ. ਪੀ. ਬਿੱਟੂ ਨੇ ਕਿਹਾ ਕਿ ਸਾਹਨੇਵਾਲ ਹਵਾਈ ਅੱਡੇ ‘ਤੇ ਸਿਰਫ ਛੋਟੇ ਜਹਾਜ਼ ਹੀ ਉਤਰਦੇ ਸਨ, ਜਿਸ ਕਾਰਨ ਲੁਧਿਆਣਾ ਵਿਖੇ ਆਉਣ ਵਾਲੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਕਾਫੀ ਮੁਸ਼ਕਿਲ ਆਉਂਦੀ ਸੀ ਪਰ ਹੁਣ ਇਹ ਜਲਦ ਦੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹਵਾਈ ਵੱਡਾ ਹੋਣ ਨਾਲ ਲੁਧਿਆਣਾ ਇਲਾਕੇ ‘ਚ ਨਵੀਆਂ ਉਦਯੋਗਿਕ ਇਕਾਈਆਂ ਆਉਣਗੀਆਂ। ਇਹ ਸ਼ਹਿਰ ਸੈਰ-ਸਪਾਟਾ ਹੱਬ ਵਜੋਂ ਵਿਕਸਿਤ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਤੱਕ ਸਾਹਨੇਵਾਲ ਹਵਾਈ ਅੱਡੇ ਨੂੰ ਵਿਕਸਿਤ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿੱਥੇ ਰਾਸ਼ਟਰੀ ਅਤੇ ਕੌਮਾਂਤਰੀ ਉਡਾਣਾਂ ਵੀ ਆਉਣਗੀਆਂ।
ਉਨ੍ਹਾਂ ਕਿਹਾ ਕਿ ਹਵਾਈ ਵੱਡਾ ਹੋਣ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ ਕਿਉਂਕਿ ਇਥੋਂ ਫਲ, ਸਬਜ਼ੀਆਂ ਅਤੇ ਫਰੂਟ ਕਾਰਗੋ ਸਿਸਟਮ ਰਾਹੀਂ ਬਾਹਰਲੇ ਸੂਬਿਆਂ ‘ਚ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਹਲਵਾਰਾ ਹਵਾਈ ਅੱਡੇ ਤੱਕ ਜਾਣ ਵਾਲੀ ਰੋਡ ਵੀ 300 ਫੁੱਟ ਚੌੜੀ ਕਰਨ ਦਾ ਪ੍ਰਾਜੈਕਟ ਬਣਾਇਆ ਗਿਆ ਹੈ। ਬਿੱਟੂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਵੱਲੋਂ ਲੋਡੂਵਾਲ ਟੋਲ ਪਲਾਜ਼ਾ ‘ਤੇ ਭੁੱਖ ਹੜਤਾਲ ਕੀਤੀ ਸੀ ਕਿ ਦਿੱਲੀ ਤੋਂ ਅੰਮ੍ਰਿਤਸਰ ਤੱਕ ਜਾਣ ਵਾਲਾ ਨੈਸ਼ਨਲ ਹਾਈਵੇਅ ਮੁਕੰਮਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ‘ਚੋਂ ਲੰਘਦੇ ਇਸ ਅਧੂਰੇ ਹਾਈਵੇਅ ਕਾਰਨ ਕਾਫੀ ਹਾਦਸੇ ਹੋ ਰਹੇ ਸਨ, ਜਿਸ ਕਾਰਨ ਕਈ ਕੀਮਤੀ ਜਾਨਾਂ ਗਈਆਂ ਅਤੇ ਲੋਕਾਂ ਨੂੰ ਜਾਮ ‘ਚ ਪ੍ਰੇਸ਼ਾਨ ਹੋਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ 1 ਸਾਲ ਕਾਰਜਕਾਲ ਦੌਰਾਨ ਇਹ ਨੈਸ਼ਨਲ ਹਾਈਵੇਅ ‘ਤੇ ਤਿੰਨ ਬਰਿੱਜ ਜੋਧਵਾਲ ਬਸਤੀ, ਸ਼ੇਰਪੁਰ ਚੌਂਕ ਅਤੇ ਕੈਂਸਰ ਹਸਪਤਾਲ ਮੁਕੰਮਲ ਹੋ ਚੁੱਕੇ ਹਨ।















