ਸਾਲ ਵਿੱਚ ਇੱਕ-ਦੋ ਫ਼ਿਲਮਾਂ ਹੀ ਕਰੇਗੀ ਕਰੀਨਾ ਕਪੂਰ

ਆਪਣੇ ਹੁਸਨ ਅਤੇ ਅਦਾਕਾਰੀ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਕਰੀਨਾ ਕਪੂਰ ਖ਼ਾਨ ਪਿਛਲੇ ਕੁਝ ਸਮੇਂ ਤੋਂ ਬੇਸ਼ੱਕ ਘੱਟ ਫ਼ਿਲਮਾਂ ਕਰ ਰਹੀ ਹੈ,ਪਰ ਇਸਦੇ ਬਾਵਜੂਦ ਉਸ ਦੇ ਕਰੀਅਰ ਦਾ ਗਰਾਫ਼ ਕਦੇ ਹੇਠਾਂ ਨਹੀਂ ਗਿਆ। ਇਹੀ ਵਜ੍ਹਾ ਹੈ ਕਿ ਉਸ ਦੇ ਖਾਤੇ ਵਿੱਚ ਅੱਜ ਵੀ ਕਈ ਚੰਗੀਆਂ ਫ਼ਿਲਮਾਂ ਹਨ। ਜਲਦੀ ਦੀ ਉਸਦੀ ਫ਼ਿਲਮ ‘ਵੀਰੇ ਦੀ ਵੈਡਿੰਗ’ ਆਉਣ ਵਾਲੀ ਹੈ। ਪੇਸ਼ ਹੈ ਕਰੀਨਾ ਕਪੂਰ ਖ਼ਾਨ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
-ਪਹਿਲਾਂ ਸੈਫ਼ ਨਾਲ ਵਿਆਹ ਤੇ ਉਸਤੋਂ ਬਾਅਦ ਤੈਮੂਰ ਦੀ ਮਾਂ੩ ਜ਼ਿੰਦਗੀ ਦੇ ਇਸ ਪੜਾਅ ਨੂੰ ਕਿਸ ਤਰ੍ਹਾਂ ਦਾ ਮੰਨਦੇ ਹੋ ?
-ਇਹ ਪੜਾਅ ਜ਼ਿੰਦਗੀ ਦਾ ਸਭ ਤੋਂ ਚੰਗਾ ਪੜਾਅ ਹੈ। ਇਹ ਤਾਂ ਬਸ ਸ਼ੁਰੂਆਤ ਹੈ ਕਿਉਂਕਿ ਹੁਣ ਮੈਨੂੰ ਅਤੇ ਸੈਫ਼ ਨੂੰ ਕਾਫ਼ੀ ਨਵੇਂ ਤਜਰਬੇ ਹੋ ਰਹੇ ਹਨ। ਇਨ੍ਹਾਂ ਨੂੰ ਲੈ ਕੇ ਅਸੀਂ ਦੋਨੋਂ ਕਾਫ਼ੀ ਉਤਸ਼ਾਹਿਤ ਹਾਂ। ਜਿੱਥੋਂ ਤਕ ਮਾਂ ਬਣਨ ਤੋਂ ਬਾਅਦ ਦੀਆਂ ਜ਼ਿੰਮੇਵਾਰੀਆਂ ਦਾ ਸਵਾਲ ਹੈ ਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੈ ਗਈਆਂ ਹਨ। ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਦਿਲ ਤੁਹਾਡੇ ਅੰਦਰ ਨਹੀਂ, ਸਗੋਂ ਤੁਹਾਡੇ ਬਾਹਰ ਧੜਕ ਰਿਹਾ ਹੈ। ਇਹੀ ਜ਼ਿੰਮੇਵਾਰੀ ਹੈ। ਸੈਫ਼ ਅਤੇ ਮੈਂ ਹਮੇਸ਼ਾਂ ਤੋਂ ਇਹੀ ਚਾਹੁੰਦੇ ਸੀ। ਅਸੀਂ ਦੋਨੋਂ ਆਪਣੇ ਆਪ ਨੂੰ ਤੈਮੂਰ ਵਿੱਚ ਵੇਖਦੇ ਹਾਂ ਅਤੇ ਇਹੀ ਸਭ ਤੋਂ ਖ਼ਾਸ ਹੈ।
-ਤੁਸੀਂ ਹੁਣ ਵੀ ਫ਼ਿਟਨੈੱਸ ਨੂੰ ਲੈ ਕੇ ਜਾਗਰੂਕ ਹੋ ?
– ਜੀ ਹਾਂ, ਇਹ ਗੱਲ ਠੀਕ ਹੈ ਕਿ ਮੈਂ ਤੈਮੂਰ ਦੇ ਜਨਮ ਤੋਂ ਬਾਅਦ ਆਪਣਾ ਭਾਰ ਕਾਫ਼ੀ ਘੱਟ ਕਰ ਲਿਆ ਹੈ, ਪਰ ਫ਼ਿਟਨੈੱਸ ਪ੍ਰਤੀ ਮੇਰਾ ਜਨੂੰਨ ਹੁਣ ਵੀ ਘੱਟ ਨਹੀਂ ਹੋਇਆ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਅੱਜ ਵੀ ਮੈਂ ਖ਼ੂਬਸੂਰਤ ਫ਼ਿਗਰ ਪਾਉਣ ਲਈ ਰੋਜ਼ਾਨਾ ਵਰਕਆਊਟ ਕਰਦੀ ਹਾਂ। ਹਾਲਾਂਕਿ, ਇਸਦੀ ਇੱਕ ਵਜ੍ਹਾ ਮੇਰੀ ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਵੀ ਹੈ ਜਿਸ ਵਿੱਚ ਮੈਂ ਬਿਲਕੁਲ ਨਵੇਂ ਰੂਪ ਵਿੱਚ ਦਿਖਾਂਗੀ। ਇਸ ਵਿੱਚ ਫ਼ਿੱਟ ਨਜ਼ਰ ਆਉਣ ਲਈ ਮੈਂ ਖ਼ਾਸ ਤਰ੍ਹਾਂ ਦੀ ਟ੍ਰੇਨਿੰਗ ਵੀ ਲਈ ਹੈ। ਦਰਅਸਲ, ਫ਼ਿਲਮ ‘ਵੀਰੇ ਦੀ ਵੈਡਿੰਗ’ ਵਿੱਚ ਮੈਂ ਦੋ ਬਿਲਕੁਲ ਵੱਖ ਵੱਖ ਕਿਰਦਾਰਾਂ ਵਿੱਚ ਨਜ਼ਰ ਆਵਾਂਗੀ। ਇੱਕ ਕਿਰਦਾਰ ਲਈ ਮੈਨੂੰ ਆਪਣੇ ਆਪ ਨੂੰ ਦੁਬਲਾ – ਪਤਲਾ ਦਿਖਾਉਣਾ ਹੈ, ਜਦੋਂ ਕਿ ਦੂਜੇ ਲਈ ਮੋਟੀ ਨਜ਼ਰ ਆਵਾਂਗੀ।
-ਆਮ ਤੌਰ ਉੱਤੇ ਵਿਆਹ ਅਤੇ ਮਾਂ ਬਣਨ ਤੋਂ ਬਾਅਦ ਅਭਿਨੇਤਰੀਆਂ ਦਾ ਕਰੀਅਰ ਢਲਾਨ ਉੱਤੇ ਪਹੁੰਚ ਜਾਂਦਾ ਹੈ। ਤੁਸੀਂ ਇਸਦਾ ਅਪਵਾਦ ਸਾਬਿਤ ਹੋ ਰਹੇ ਹੋ। ਕੀ ਕਹੋਗੇ?
-ਜੀ ਹਾਂਂ, ਇਸ ਮਾਮਲੇ ਵਿੱਚ ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਵਿਆਹ ਅਤੇ ਮਾਂ ਬਣਨ ਦੇ ਬਾਅਦ ਵੀ ਲਗਾਤਾਰ ਫ਼ਿਲਮਾਂ ਮਿਲ ਰਹੀਆਂ ਹਨ। ਵਿਆਹ ਤੋਂ ਬਾਅਦ ਜਿੱਥੇ ਅਜੈ ਦੇਵਗਨ ਅਤੇ ਸਲਮਾਨ ਖ਼ਾਨ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ, ਉੱਥੇ ਹੀ ਮਾਂ ਬਣਨ ਦੇ ਬਾਅਦ ‘ਵੀਰੇ ਦੀ ਵੈਡਿੰਗ’ ਵਰਗੀ ਫ਼ਿਲਮ ਕਰ ਰਹੀ ਹਾਂ। ਹਾਲਾਂਕਿ, ਮੈਨੂੰ ਇਹ ਕਹਿਣ ਵਿੱਚ ਝਿਜਕ ਨਹੀਂ ਕਿ ਜ਼ਿਆਦਾਤਰ ਅਭਿਨੇਤਰੀਆਂ ਨੂੰ ਵਿਆਹ ਤੋਂ ਬਾਅਦ ਫ਼ਿਲਮਾਂ ਵਿੱਚ ਸਜਾਵਟੀ ਕਿਰਦਾਰ ਦੇ ਪ੍ਰਸਤਾਵ ਹੀ ਜ਼ਿਆਦਾ ਮਿਲਦੇ ਹਨ ਕਿਉਂਕਿ ਹਿੰਦੀ ਫ਼ਿਲਮਾਂ ਵਿੱਚ ਨਿਰਮਾਤਾ – ਨਿਰਦੇਸ਼ਕ ਅਭਿਨੇਤਰੀਆਂ ਨੂੰ ਵਿਆਹ ਤੋਂ ਬਾਅਦ ਖ਼ਾਸ ਤਰਜੀਹ ਨਹੀਂ ਦਿੰਦੇ, ਪਰ ਮੇਰੇ ਕਰੀਅਰ ਉੱਤੇ ਵਿਆਹ ਦਾ ਕੋਈ ਅਸਰ ਨਹੀਂ ਪਿਆ। ਇੱਥੋਂ ਤਕ ਕਿ ਮਾਂ ਬਣਨ ਦੇ ਬਾਅਦ ਵੀ ਮੇਰੇ ਨਾਲ ਕੰਮ ਕਰਨ ਲਈ ਫ਼ਿਲਮਸਾਜ਼ਾਂ ਦਾ ਆਉਣਾ ਪਹਿਲਾਂ ਦੀ ਤਰ੍ਹਾਂ ਜਾਰੀ ਹੈ।
-ਆਪਣੀ ਫ਼ਿਲਮ ‘ਵੀਰੇ ਦੀ ਵੈਡਿੰਗ’ ਬਾਰੇ ਕੁਝ ਦੱਸੋ?
– ਦਰਅਸਲ, ‘ਵੀਰੇ ਦੀ ਵੈਡਿੰਗ’ ਔਰਤਾਂ ਦੀ ਨਹੀਂ, ਸਗੋਂ ਚਾਰ ਲੜਕੀਆਂ ਦੀ ਕਹਾਣੀ ਹੈ, ਜੋ ਆਪਸ ਵਿੱਚ ਸਹੇਲੀਆਂ ਹਨ। ਫ਼ਿਲਮ ਵਿੱਚ ਮੇਰੀ ਅਤੇ ਮੇਰੀਆਂ ਸਹੇਲੀਆਂ ਦੇ ਵਿਆਹ ਦੀ ਕਹਾਣੀ ਹੈ। ਇਹ ਇੱਕ ਅਸਲੀ ਕਹਾਣੀ ਹੈ ਜਿਸ ਵਿੱਚ ਦੋਸਤਾਂ ਵਿੱਚ ਭਾਵਨਾਤਮਕ ਲਗਾਅ ਨੂੰ ਤਾਜ਼ਗੀ ਅਤੇ ਨਵੇਂਪਣ ਨਾਲ ਵਿਖਾਇਆ ਗਿਆ ਹੈ। ਮੇਰਾ ਮੰਨਣਾ ਹੈ ਕਿ ਅਜੋਕੇ ਬਦਲਦੇ ਸਮੇਂ ਅਤੇ ਸਿਨਮਾ ਵਿੱਚ ਅਜਿਹੀਆਂ ਫ਼ਿਲਮਾਂ ਬਣਾਉਣੀਆਂ ਆਸਾਨ ਹਨ ਕਿਉਂਕਿ ਅੱਜਕੱਲ੍ਹ ਲੋਕ ਵੀ ਅਜਿਹੀਆਂ ਫ਼ਿਲਮਾਂ ਵੇਖਣਾ ਚਾਹੁੰਦੇ ਹਨ। ਇਹ ਅਦਭੁੱਤ ਫ਼ਿਲਮ ਹੈ। ਇਸ ਦੀਆਂ ਨਿਰਮਾਤਾਵਾਂ ਵੀ ਦੋ ਔਰਤਾਂ ਹਨ ਅਤੇ ਫ਼ਿਲਮ ਵੀ ਸਿਰਫ਼ ਅਭਿਨੇਤਰੀਆਂ ਨਾਲ ਸਜੀ ਹੈ। ਇਹ ਸ਼ਾਇਦ ਭਾਰਤ ਦੀ ਪਹਿਲੀ ਅਸਲੀ ਰੂਪ ਵਿੱਚ ਲੜਕੀਆਂ ਦੀ ਫ਼ਿਲਮ ਹੈ। ਇਸ ਫ਼ਿਲਮ ਨੂੰ ਏਕਤਾ ਕਪੂਰ ਅਤੇ ਰੀਆ ਕਪੂਰ ਬਣਾ ਰਹੀਆਂ ਹਨ, ਜਦੋਂ ਕਿ ਇਸਦਾ ਨਿਰਦੇਸ਼ਨ ਸ਼ਸ਼ਾਂਕ ਘੋਸ਼ ਕਰ ਰਹੇ ਹਨ। ਫ਼ਿਲਮ ਵਿੱਚ ਮੇਰੇ ਅਤੇ ਸੋਨਮ ਤੋਂ ਇਲਾਵਾ ਸ੍ਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਵੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੀਆਂ। ਇਸ ਫ਼ਿਲਮ ਵਿੱਚ ਮੈਂ ਅਤੇ ਸੋਨਮ ਪਹਿਲੀ ਵਾਰ ਇੱਕੱਠੀਆਂ ਪਰਦੇ ਉੱਤੇ ਕੰਮ ਕਰਦੀਆਂ ਹੋਈਆਂ ਨਜ਼ਰ ਆਵਾਂਗੀਆਂ।
– ਅੱਜਕੱਲ੍ਹ ਔਰਤ ਪ੍ਰਧਾਨ ਫ਼ਿਲਮਾਂ ਬਣ ਰਹੀਆਂ ਹਨ। ਬੌਲੀਵੁੱਡ ਦੇ ਇਸ ਬਦਲਦੇ ਰੁਝਾਨ ਸਬੰਧੀ ਕੀ ਕਹੋਗੇ ?
– ਸੱਚ ਕਹਾਂ, ਤਾਂ ਮੈਨੂੰ ਮਾਣ ਅਤੇ ਖ਼ੁਸ਼ੀ ਹੁੰਦੀ ਹੈ ਕਿ ਬੌਲੀਵੁੱਡ ਫ਼ਿਲਮ ਨਿਰਮਾਤਾ ਹੁਣ ਔਰਤਾਂ ਨੂੰ ਫ਼ਿਲਮਾਂ ਵਿੱਚ ਪ੍ਰਗਤੀਸ਼ੀਲ ਢੰਗ ਨਾਲ ਪੇਸ਼ ਕਰ ਰਹੇ ਹਨ। ਇਸ ਤਬਦੀਲੀ ਨਾਲ ਫ਼ਿਲਮਾਂ ਵਿੱਚ ਜਵਾਨ ਲੇਖਕਾਂ ਦੀ ਸ਼ਮੂਲੀਅਤ ਵਧੀ ਹੈ। ਅੱਜ ਹਿੰਦੀ ਫ਼ਿਲਮ ਜਗਤ ਵਿੱਚ ਪਰਦੇ ਉੱਤੇ ਔਰਤਾਂ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਉਸ ਨੂੰ ਨਿਸ਼ਚਿਤ ਰੂਪ ਨਾਲ ਹਰ ਕੋਈ ਮਹਿਸੂਸ ਕਰ ਸਕਦਾ ਹੈ। ਜਵਾਨ ਨਿਰਦੇਸ਼ਕਾਂ ਵੱਲੋਂ ਲਿਖੇ ਜਾ ਰਹੇ ਕਿਰਦਾਰ ਮਿਹਨਤੀ ਅਤੇ ਸਫ਼ਲ ਔਰਤਾਂ ਦੀ ਸ਼ਖ਼ਸੀਅਤ ਨੂੰ ਉਭਾਰਨ ਵਿੱਚ ਸਫ਼ਲ ਰਹੇ ਹਨ।
-ਇਸਦੇ ਬਾਵਜੂਦ ਤੁਸੀਂ ਔਰਤ ਕੇਂਦਰਿਤ ਕਿਰਦਾਰਾਂ ਵਾਲੀਆਂ ਫ਼ਿਲਮਾਂ ਕਿਉਂ ਨਹੀਂ ਕਰਦੇ ?
– ਪੂਰੀ ਫ਼ਿਲਮ ਮੇਰੇ ਇਰਦ- ਗਿਰਦ ਹੋਵੇ, ਬਸ ਇਸ ਲਈ ਅਜਿਹੀਆਂ ਫ਼ਿਲਮਾਂ ਨਹੀਂ ਕਰਾਂਗੀ। ਵਿਸ਼ਾ ਬਹੁਤ ਚੰਗਾ ਹੋਵੇ, ਪਰ ਬਾਕਿਸ ਆਫ਼ਿਸ ਉੱਤੇ ਨਹੀਂ ਚੱਲੀ ਤਾਂ ਸਾਰੇ ਮਿਲਕੇ ਦੋਸ਼ ਮੈਨੂੰ ਹੀ ਦੇਣਗੇ। ਜੇਕਰ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ਨਹੀਂ ਚੱਲਦੀ ਹੈ ਤਾਂ ਲੋਕ ਜ਼ਿਆਦਾ ਵਿਸ਼ਲੇਸ਼ਣ ਕਰਨ ਲੱਗਦੇ ਹਨ ਅਤੇ ਮੀਨ- ਮੇਖ ਕੱਢਣ ਲੱਗਦੇ ਹਨ। ਜਦੋਂ ਕਿ ਮੈਨੂੰ ਲੱਗਦਾ ਹੈ ਕਿ ਹੁਣ ਕਿਸੇ ਨੂੰ ਕੁਝ ਸਾਬਿਤ ਕਰਨ ਦੀ ਜ਼ਰੂਰਤ ਨਹੀਂ ਹੈ। ਮੇਰੀਆਂ ਕੁਝ ਫ਼ਿਲਮਾਂ ਫ਼ਲਾਪ ਜ਼ਰੂਰ ਹੋਈਆਂ, ਪਰ ਮੇਰੇ ਕੰਮ ਨੂੰ ਹਮੇਸ਼ਾਂ ਸ਼ਾਬਾਸ਼ੀ ਮਿਲੀ। ਇਸ ਲਈ ਹੁਣ ਮੈਂ ਲੋਕਪ੍ਰਿਯ ਫ਼ਿਲਮਾਂ ਅਤੇ ਵੱਖ ਮਿਜਾਜ਼ ਵਾਲੀਆਂ ਫ਼ਿਲਮਾਂ ਵਿੱਚ ਸੰਤੁਲਨ ਰੱਖਣਾ ਚਾਹੁੰਦੀ ਹਾਂ।
-ਤੁਸੀਂ ਫ਼ਿਲਮਾਂ ਦੀ ਚੋਣ ਕਿਸ ਆਧਾਰ ਉੱਤੇ ਕਰਦੇ ਹੋ ?
– ਮੈਂ ਪਟਕਥਾ ਦੇ ਆਧਾਰ ਉੱਤੇ ਫ਼ਿਲਮਾਂ ਹੱਥ ਵਿੱਚ ਲੈਣ ਦਾ ਫ਼ੈਸਲਾ ਕਰਦੀ ਹਾਂ, ਪਰ ਹਿੰਦੀ ਫ਼ਿਲਮ ਉਦਯੋਗ ਵਿੱਚ ਬਿਹਤਰ ਪਟਕਥਾ ਲੇਖਕਾਂ ਦੀ ਕਮੀ ਹੈ। ਬਿਹਤਰ ਪਟਕਥਾ ਫ਼ਿਲਮ ਦੀ ਕਾਮਯਾਬੀ ਦੀ ਪਹਿਲੀ ਸ਼ਰਤ ਹੈ। ਮੈਨੂੰ ਲੱਗਦਾ ਹੈ ਕਿ ਕਈ ਬਿਹਤਰ ਲੇਖਕ ਹਨ, ਪਰ ਉਨ੍ਹਾਂ ਨੂੰ ਮੌਕੇ ਨਹੀਂ ਮਿਲਦੇ।
– ਹਾਲ ਹੀ ਵਿੱਚ ਤੁਸੀਂ ਕਈ ਫ਼ਿਲਮਾਂ ਠੁਕਰਾ ਦਿੱਤੀਆਂ, ਅਜਿਹਾ ਕਿਉਂ ?
– ਹਾਂ, ਇਸਦੀ ਪਹਿਲੀ ਵਜ੍ਹਾ ਤਾਂ ਇਹ ਹੈ ਕਿ ਮੈਨੂੰ ਉਨ੍ਹਾਂ ਦੀ ਪਟਕਥਾ ਪਸੰਦ ਨਹੀਂ ਆਈ। ਕਿਸੇ ਫ਼ਿਲਮ ਵਿੱਚ ਕੰਮ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਕਰਨਾ ਤਾਂ ਸਬੰਧਿਤ ਐਕਟਰ ਜਾਂ ਅਭਿਨੇਤਰੀ ਦਾ ਵਿਸ਼ੇਸ਼ਾਧਿਕਾਰ ਹੈ। ਇਸ ਵਿੱਚ ਇੰਨੀ ਹਾਏ-ਤੌਬਾ ਵਰਗੀ ਕੋਈ ਗੱਲ ਨਹੀਂ ਹੈ। ਇਸਦੇ ਇਲਾਵਾ ਦੂਜੀ ਅਤੇ ਪ੍ਰਮੁੱਖ ਵਜ੍ਹਾ ਇਹ ਹੈ ਕਿ ਹੁਣ ਮੈਂ ਜ਼ਿਆਦਾ ਤੋਂ ਜ਼ਿਆਦਾ ਘੁੰਮਣਾ ਅਤੇ ਪੜ੍ਹਨਾ ਚਾਹੁੰਦੀ ਹਾਂ। ਮੈਂ ਸਾਲ ਵਿੱਚ ਇੱਕ ਜਾਂ ਦੋ ਫ਼ਿਲਮਾਂ ਹੀ ਕਰਨਾ ਚਾਹੁੰਦੀ ਹਾਂ।
-ਤੁਹਾਡੀ ਕਰੀਅਰ ਵਿੱਚ ਕੋਈ ਖ਼ਾਸ ਮੁਕਾਮ ਪਾਉਣ ਦੀ ਚਾਹਤ ?
– ਹੁਣ ਮੈਨੂੰ ਅਜਿਹੀ ਕੋਈ ਚਾਹਤ ਨਹੀਂ ਹੈ। ਇਸ ਮੁਕਾਮ ਉੱਤੇ ਮੈਨੂੰ ਕੁਝ ਸਾਬਿਤ ਨਹੀਂ ਕਰਨਾ ਹੈ। ਸਿਰਫ਼ ਆਲੋਚਕਾਂ ਨੂੰ ਖ਼ੁਸ਼ ਕਰਨ ਲਈ ਮੈਂ ਕਿਸੇ ਫ਼ਿਲਮ ਵਿੱਚ ਕੰਮ ਨਹੀਂ ਕਰ ਸਕਦੀ। ਜਦੋਂ ਲੱਗਦਾ ਹੈ ਕਿ ਫ਼ਲਾਣਾ ਕਿਰਦਾਰ ਮੇਰੇ ਉੱਤੇ ਜਚੇਗਾ ਤਾਂ ਮੈਂ ਝੱਟਪੱਟ ਫ਼ਿਲਮ ਲਈ ਹਾਂ ਕਰ ਦਿੰਦੀ ਹਾਂ।
-ਤੁਸੀਂ ਰਿਐਲਿਟੀ ਸ਼ੋਅ ‘ਇੰਡਿਆਜ਼ ਨੈਕਸਟ ਸੁਪਰਸਟਾਰਜ਼’ ਵਿੱਚ ਕੰਮ ਕਰਨ ਤੋਂ ਕਿਉਂ ਇਨਕਾਰ ਕੀਤਾ ?
– ਇਸਦਾ ਕਾਰਨ ਸਮੇਂ ਦੀ ਕਮੀ ਰਹੀ। ਦਰਅਸਲ, ਹੁਣ ਮੈਂ ਆਪਣੀ ਅਗਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹਾਂ, ਇਸ ਲਈ ਹਾਂ ਨਹੀਂ ਕਰ ਸਕੀ।
-ਕਿਸੇ ਸਮੇਂ ਬਾਇਓਪਿਕ ਵਿੱਚ ਕੰਮ ਕਰਨ ਤੋਂ ਮਨ੍ਹਾ ਕਰਨ ਤੋਂ ਬਾਅਦ ਹੁਣ ਤੁਸੀਂ ਇਨ੍ਹਾਂ ਵਿੱਚ ਕੰਮ ਕਰਨ ਲਈ ਤਿਆਰ ਹੋ ?
– ਹਾਂ, ਹੁਣ ਮੈਂ ਵੀ ਬਾਇਓਪਿਕ ਵਿੱਚ ਕੰਮ ਕਰਨ ਲਈ ਤਿਆਰ ਹਾਂ ਕਿਉਂਕਿ ਬੌਲੀਵੁੱਡ ਵਿੱਚ ਇਨ੍ਹਾਂ ਦਿਨਾਂ ਵਿੱਚ ਬਾਇਓਪਿਕ ਬਣਾਉਣ ਦਾ ਚਲਨ ਜ਼ੋਰਾਂ ਉੱਤੇ ਹੈ। ਉਂਜ ਵੀ ਮੈਂ ਕਦੇ ਬਾਇਓਪਿਕ ਵਿੱਚ ਕੰਮ ਕਰਨ ਤੋਂ ਮਨ੍ਹਾ ਨਹੀਂ ਕੀਤਾ ਸੀ, ਸਗੋਂ ਮੈਂ ਇਹ ਕਿਹਾ ਸੀ ਕਿ ਆਪਣੇ ਜੀਵਨ ਉੱਤੇ ਕਿਸੇ ਤਰ੍ਹਾਂ ਦੀ ਫ਼ਿਲਮ ਨਹੀਂ ਬਣਨ ਦੇਵਾਂਗੀ, ਪਰ ਕਿਸੇ ਦੂਜੇ ਦੇ ਜੀਵਨ ਉੱਤੇ ਬਣਨ ਜਾ ਰਹੀ ਫ਼ਿਲਮ ਦਾ ਹਿੱਸਾ ਬਣਨ ਤੋਂ ਮਨ੍ਹਾ ਨਹੀਂ ਕੀਤਾ ਸੀ।
-ਤੁਸੀਂ ਕਈ ਕਾਮੇਡੀ ਫ਼ਿਲਮਾਂ ਵੀ ਕੀਤੀਆਂ ਹਨ, ਪਰ ਤੁਹਾਡੀ ਪਸੰਦੀਦਾ ਕਾਮੇਡੀ ਫ਼ਿਲਮ ਕਿਹੜੀ ਹੈ?
– ਮੈਂ ਪੁਰਾਣੀਆਂ ਫ਼ਿਲਮਾਂ ਵੇਖਦੀ ਹਾਂ। ਮੈਨੂੰ ‘ਅੰਗੂਰ’ ਵਰਗੀਆਂ ਫ਼ਿਲਮਾਂ ਪਸੰਦ ਹਨ। ਇਸਤੋਂ ਇਲਾਵਾ ‘ਕਾਗਜ਼ ਕੇ ਫ਼ੂਲ’, ‘ਅਰਾਧਨਾ’, ‘ਹੰਕਾਰ’, ‘ਬੂਟ ਪਾਲਿਸ਼’ ਅਤੇ ‘ਆਵਾਰਾ’ ਆਦਿ। ਸੈਫ਼ ਆਪਣੇ ਟੀਵੀ ਉੱਤੇ ਅੰਗਰੇਜ਼ੀ ਫ਼ਿਲਮਾਂ ਵੇਖਦੇ ਹਨ, ਜਦੋਂ ਕਿ ਮੈਂ ਹਿੰਦੀ।
-ਬੌਲੀਵੁੱਡ ਵਿੱਚ ਭਾਈ- ਭਤੀਜਾਵਾਦ ਉੱਤੇ ਜਾਰੀ ਬਹਿਸ ਬਾਰੇ ਤੁਹਾਡੀ ਕੀ ਰਾਇ ਹੈ ?
– ਕੋਈ ਇਸਦੇ ਬਾਰੇ ਗੱਲ ਨਹੀਂ ਕਰਦਾ। ਬਿਜਨਸ ਪਰਿਵਾਰਾਂ ਵਿੱਚ ਬੇਟੇ ਬਿਜਨਸ ਨੂੰ ਅੱਗੇ ਵਧਾਉਂਦੇ ਹਨ। ਰਾਜਨੀਤਕ ਪਰਿਵਾਰਾਂ ਵਿੱਚ ਵੀ ਬੇਟੇ ਪਿਤਾ ਦੀ ਜਗ੍ਹਾ ਲੈਂਦੇ ਹਨ। ਇਸ ਸਭ ਨੂੰ ਪਰਿਵਾਰਵਾਦ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਂਦਾ, ਸਗੋਂ ਇਸਨੂੰ ਤਾਂ ਚੰਗਾ ਮੰਨਿਆ ਜਾਂਦਾ ਹੈ। ਸਿਰਫ਼ ਫ਼ਿਲਮ ਉਦਯੋਗ ਵਿੱਚ ਇਹ ਗੱਲ ਹੋ ਰਹੀ ਹੈ। ਅੱਜ ਤਕ ਕਿਸੇ ਵੀ ਸਟਾਰ ਕਿਡ ਨੇ ਆਪਣੇ ਮਾਤਾ – ਪਿਤਾ ਦੇ ਬਰਾਬਰ ਮੁਕਾਮ ਹਾਸਲ ਨਹੀਂ ਕੀਤਾ ਹੈ। ਇਸ ਲਈ ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕ ਕਿਉਂ ਇਸ ਮੁੱਦੇ ਨੂੰ ਇੰਨੀ ਤੂਲ ਦੇ ਰਹੇ ਹਨ। ਫ਼ਿਲਮ ਸਨਅੱਤ ਵਿੱਚ ਸਿਰਫ਼ ਪ੍ਰਤਿਭਾ ਚੱਲਦੀ ਹੈ। ਜੇਕਰ ਫ਼ਿਲਮ ਜਗਤ ਵਿੱਚ ਰਣਬੀਰ ਕਪੂਰ ਹੈ ਤਾਂ ਰਣਵੀਰ ਸਿੰਘ ਵੀ ਹੈ ਜੋ ਕਿ ਇੰਡਸਟਰੀ ਤੋਂ ਨਹੀਂ ਹਨ। ਇਸ ਲਈ ਮੈਂ ਇਸਨੂੰ ਸਹੀ ਨਹੀਂ ਮੰਨਦੀ। ਇੱਥੇ ਸਿਰਫ਼ ਪ੍ਰਤਿਭਾ ਅਤੇ ਮਿਹਨਤ ਹੀ ਸਫ਼ਲਤਾ ਤਕ ਪਹੁੰਚਾਉਂਦੀ ਹੈ। ਕੰਗਨਾ ਰਣੌਤ ਫ਼ਿਲਮ ਉਦਯੋਗ ਤੋਂ ਨਹੀਂ ਹੈ ਅਤੇ ਆਪਣੀ ਪ੍ਰਤਿਭਾ ਦੇ ਦਮ ਉੱਤੇ ਹੀ ਉਹ ਅੱਜ ਇਸ ਮੁਕਾਮ ਉੱਤੇ ਹੈ। ਜੇਕਰ ਆਲੀਆ ਭੱਟ ਹੈ ਤਾਂ ਕੰਗਨਾ ਰਣੌਤ ਵੀ ਹੈ। ਇਹ ਸਿਰਫ਼ ਸਟਾਰ ਕਿਡਜ਼ ਸਬੰਧੀ ਨਹੀਂ ਹੈ। ਮੇਰਾ ਤਾਂ ਪੂਰਾ ਪਰਿਵਾਰ ਫ਼ਿਲਮ ਸਨਅੱਤ ਵਿੱਚ ਹੈ॥