ਸਾਰੇ ਫ਼ੌਰਮੈਟਾਂ ‘ਚ 50 ਜਿੱਤਾਂ ਹਾਸਿਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਕ੍ਰਿਕਟਰ ਹੈ ਵਿਰਾਟ

ਮੁੰਬਈ – ਭਾਰਤ ਨੇ ਦੂਜੇ ਟੈੱਸਟ ਮੈਚ ‘ਚ ਨਿਊ ਜ਼ੀਲੈਂਡ ਦੀ ਟੀਮ ਨੂੰ 372 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ, ਅਤੇ ਇਸ ਨਾਲ ਹੀ ਭਾਰਤੀ ਟੀਮ ਨੇ ਦੋ ਮੈਚਾਂ ਦੀ ਸੀਰੀਜ਼ ਨੂੰ 1-0 ਨਾਲ ਆਪਣੇ ਨਾਂ ਕਰ ਲਈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਟੈੱਸਟ ਰੈਂਕਿੰਗ ‘ਚ ਇੱਕ ਵਾਰ ਫ਼ਿਰ ਪਹਿਲੇ ਸਥਾਨ ‘ਤੇ ਆ ਗਈ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਈ ਇਸ ਕਾਰਨ ਵੀ ਇਹ ਟੈੱਸਟ ਮੈਚ ਕਾਫ਼ੀ ਖ਼ਾਸ ਰਿਹਾ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਕਲੌਤੇ ਅਜਿਹੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਕ੍ਰਿਕਟ ਦੇ ਤਿੰਨਾਂ ਫ਼ੌਰਮੈੱਟਾਂ – ਟੈੱਸਟ, ਵਨ ਡੇਅ ਅਤੇ T-20 – ‘ਚ 50 ਜਾਂ ਇਸ ਤੋਂ ਜ਼ਿਆਦਾ ਮੈਚ ਜਿੱਤੇ ਹਨ।
ਨਿਊ ਜ਼ੀਲੈਂਡ ਵਿਰੁੱਧ ਟੈੱਸਟ ਸੀਰੀਜ਼ ‘ਚ ਸਾਰਿਆਂ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ ਦੀ ਉਡੀਕ ਸੀ, ਪਰ ਇਸ ਟੈੱਸਟ ਸੀਰੀਜ਼ ਦੌਰਾਨ ਖੇਡੇ ਗਏ ਇੱਕ ਟੈੱਸਟ ‘ਚ ਉਹ ਕੁੱਝ ਖ਼ਾਸ ਕਮਾਲ ਨਹੀਂ ਦਿਖਾ ਸਕੇ। ਹਾਂ, ਵਿਰਾਟ ਨੇ ਆਪਣੀ ਕਪਤਾਨੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਜ਼ਰੂਰ ਕੀਤਾ। ਵਿਰਾਟ ਕੋਹਲੀ ਦੀ ਮੁੰਬਈ ਟੈੱਸਟ ‘ਚ ਬਤੌਰ ਇੱਕ ਖਿਡਾਰੀ 50ਵੀਂ ਟੈੱਸਟ ਜਿੱਤ ਹੈ। ਵਿਰਾਟ ਵਨ ਡੇਅ ਅਤੇ T-20 ‘ਚ ਪਹਿਲਾਂ ਹੀ 50 ਤੋਂ ਜ਼ਿਆਦਾ ਜਿੱਤੇ ਹੋਏ ਮੈਚਾਂ ਦਾ ਹਿੱਸਾ ਰਹਿ ਚੁੱਕੇ ਹਨ। ਹੁਣ ਟੈੱਸਟ ‘ਚ ਵੀ ਵਿਰਾਟ ਨੇ ਇਹ ਕਰ ਦਿਖਾਇਆ ਹੈ। ਵੱਡੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਕਿਸੇ ਵੀ ਖਿਡਾਰੀ ਨੇ ਅਜਿਹਾ ਨਹੀਂ ਕੀਤਾ। BCCI ਨੇ ਵੀ ਟਵਿਟਰ ‘ਤੇ ਕਪਤਾਨ ਨੂੰ ਉਸ ਦੀ ਇਸ ਉਪਲਬਧੀ ਦੇ ਲਈ ਵਧਾਈ ਦਿੱਤੀ।
ਵਿਰਾਟ ਕੋਹਲੀ ਦਾ ਰਿਕਾਰਡ: ਟੈੱਸਟ – 97 ਮੈਚਾਂ ‘ਚ 50 ਜਿੱਤਾਂ, ਵਨ ਡੇਅਜ਼ – 254 ਮੈਚਾਂ ‘ਚ 153 ਜਿੱਤਾਂ ਅਤੇ ਠ-20 – 95 ਮੈਚਾਂ ‘ਚ 59 ਜਿੱਤਾਂ।