ਸਾਬਕਾ ਪਾਕਿ ਕ੍ਰਿਕਟਰ ਕਨੇਰੀਆ ਨੇ ਲਾਇਆ ਜੈ ਸ਼੍ਰੀਰਾਮ ਦਾ ਜੈਕਾਰਾ, ਭਾਰਤੀ ਪ੍ਰਸ਼ੰਸਕ ਹੋਏ ਬਾਗੋਬਾਗ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਨੂੰ ਲੈ ਕੇ ਕੁੱਝ ਦਿਨ ਪਹਿਲਾਂ ਸ਼ੋਏਬ ਅਖ਼ਤਰ ਨੇ ਇੱਕ ਖ਼ੁਲਾਸਾ ਕੀਤਾ ਸੀ। ਅਖ਼ਤਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਹਿੰਦੂ ਹੋਣ ਕਾਰਨ ਦਾਨਿਸ਼ ਨਾਲ ਟੀਮ ਦੇ ਕੁੱਝ ਸਾਥੀ ਖਿਡਾਰੀ ਵਿਤਕਰਾ ਕਰਦੇ ਸਨ। ਦਾਨਿਸ਼ ਦੇ ਇਸ ਮਾਮਲੇ ਨੇ ਪਾਕਿਸਤਾਨ ‘ਚ ਹੀ ਨਹੀਂ ਸਗੋਂ ਭਾਰਤ ‘ਚ ਵੀ ਤੂਲ ਫ਼ੜ ਲਿਆ ਹੈ। ਭਾਜਪਾ ਦੇ ਨੇਤਾ ਕਨੇਰੀਆ ਦੇ ਬਹਾਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਵੀ ਕਿਹਾ ਕਿ ਪਾਕਿਸਤਾਨ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ। ਦਾਨਿਸ਼ ਨੇ ਵੀ ਕਿਹਾ ਕਿ ਉਸ ਨਾਲ ਵਿਤਕਰਾ ਕਰਨ ਵਾਲੇ ਸਾਥੀ ਖਿਡਾਰੀਆਂ ਦਾ ਉਹ ਆਪਣੇ ਯੂ-ਟਿਊਬ ਚੈਨਲ ‘ਤੇ ਖ਼ੁਲਾਸਾ ਕਰੇਗਾ।
ਇਸ ਤੋਂ ਬਾਅਦ, ਦਾਨਿਸ਼ ਦੇ ਦੋ ਵੀਡੀਓਜ਼ ਸਾਹਮਣੇ ਆਏ। ਇਨ੍ਹਾਂ ਦੋਹਾਂ ਵੀਡੀਓਜ਼ ‘ਚ ਦਾਨਿਸ਼ ਨੇ ਜੈ ਸ਼੍ਰੀਰਾਮ ਕਹਿ ਕੇ ਸ਼ੁਰੂਆਤ ਕਰਦੇ ਹੋਏ ਫ਼ੈਨਜ਼ ਸਾਹਮਣੇ ਆਪਣੀ ਗੱਲ ਰੱਖੀ। ਇਸ ਦਾ ਤਾਜ਼ਾ ਵੀਡੀਓ 29 ਦਸੰਬਰ ਨੂੰ ਪੋਸਟ ਕੀਤਾ ਗਿਆ। ਇਸ ‘ਚ ਉਸ ਨੇ ਫ਼ੈਨਜ਼ ਅਤੇ ਮੀਡੀਆ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਦਰਅਸਲ ਪ੍ਰਸ਼ੰਸਕਾਂ ਨੇ ਉਸ ਨੂੰ ਪੁੱਛਿਆ ਕਿ ਕੀ ਇਹ ਸਹੀ ਹੈ ਕਿ ਪਾਕਿਸਤਾਨ ‘ਚ ਰਹਿਣ ਕਾਰਨ ਉਨ੍ਹਾਂ ਨੇ ਆਪਣਾ ਨਾਂ ਬਦਲਿਆ ਹੈ? ਕੀ ਪਹਿਲਾਂ ਉਸ ਦਾ ਨਾਂ ਦਿਨੇਸ਼ ਸੀ। ਅਜਿਹੇ ‘ਚ ਦਾਨਿਸ਼ ਨੇ ਜੈ ਸ਼੍ਰੀਰਾਮ ਬੋਲ ਕੇ ਕਿਹਾ, ”ਅਜਿਹਾ ਕੁੱਝ ਨਹੀਂ ਹੈ। ਸ਼ੁਰੂ ਤੋਂ ਹੀ ਮੇਰਾ ਨਾਂ ਦਾਨਿਸ਼ ਹੈ। ਮੈਂ ਕਦੀ ਵੀ ਆਪਣਾ ਨਾਂ ਨਹੀਂ ਬਦਲਿਆ।” ਉਸ ਤੋਂ ਬਾਅਦ ਦਾਨਿਸ਼ ਨੇ ਕਿਹਾ, ”ਮੈਂ ਪਾਕਿਸਤਾਨ ਕ੍ਰਿਕਟ ਬੋਰਡ (PCB) ਤੋਂ ਇਸ ਲਈ ਮਦਦ ਦੀ ਗੁਹਾਰ ਲਾਈ ਸੀ ਕਿਉਂਕਿ ਕ੍ਰਿਕਟ ਹੀ ਮੇਰੀ ਰੋਜ਼ੀ-ਰੋਟੀ ਹੈ। ਮੈਂ ਅਜੇ ਵੀ ਆਪਣੇ ਹੁਨਰ ਦੇ ਜ਼ਰੀਏ ਪਾਕਿਸਤਾਨ ਕ੍ਰਿਕਟ ਟੀਮ ਦੀ ਮਦਦ ਕਰ ਸਕਦਾ ਹਾਂ। ਗੇਂਦਬਾਜ਼ੀ ਦੀ ਕੋਚਿੰਗ ਕਰਨ ਦੀ ਮਨਜ਼ੂਰੀ ਦੇਣ ‘ਚ PCB ਮੇਰੀ ਮਦਦ ਕਰ ਸਕਦਾ ਹੈ।”
ਦਾਨਿਸ਼ ਦਾ ਉਹ ਵੀਡੀਓ ਥੋੜ੍ਹੀ ਹੀ ਦੇਰ ‘ਚ ਕਾਫ਼ੀ ਵਾਇਰਲ ਹੋ ਗਿਆ। ਅਜੇ ਤਕ ਇਸ ਨੂੰ ਇੱਕ ਲੱਖ 44 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੱਕੇ ਹਨ। ਇੰਨਾ ਹੀ ਨਹੀਂ, ਯੂਜ਼ਰਸ ਦਾਨਿਸ਼ ਦੇ ਸਮਰਥਨ ‘ਚ ਕੌਮੈਂਟ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ”ਤੁਸੀਂ ਹਿੰਦੂਸਤਾਨ ਆ ਜਾਓ, ਕੁੱਝ ਦਿਨਾਂ ‘ਚ ਤੁਹਾਡੇ ਸਬਸਕ੍ਰਾਈਬਰਜ਼ 10 ਮਿਲੀਅਨ ਤਕ ਪਹੁੰਚ ਜਾਣਗੇ। ਜੈ ਸ਼੍ਰੀਰਾਮ।” ਇੱਕ ਯੂਜ਼ਰ ਨੇ ਲਿਖਿਆ, ”ਭਾਈ ਸਾਹਿਬ ਭਾਰਤ ਆ ਜਾਓ, ਤੁਹਾਡਾ ਸਵਾਗਤ ਹੈ, ਇੱਥੇ ਆਪਣੀ ਕ੍ਰਿਕਟ ਅਕੈਡਮੀ ਸ਼ੁਰੂ ਕਰੋ।” ਇੱਕ ਹੋਰ ਯੂਜ਼ਰ ਨੇ ਲਿਖਿਆ, ”ਪੂਰਾ ਹਿੰਦੂਸਤਾਨ ਤੁਹਾਡੇ ਨਾਲ ਹੈ।”