ਰਾਜਪੁਰਾ -ਭੋਗਲਾ ਰੋਡ ’ਤੇ ਲੰਗਰ ਬਣਾ ਰਹੀਆਂ ਔਰਤਾਂ ’ਤੇ ਇਕ ਬੇਕਾਬੂ ਕਾਰ ਚੜ੍ਹ ਗਈ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਔਰਤਾਂ ਮਾਮੂਲੀ ਤੌਰ ’ਤੇ ਫੱਟੜ ਹੋ ਗਈਆਂ। ਜਾਣਕਾਰੀ ਅਨੁਸਾਰ ਭੋਗਲਾ ਰੋਡ ’ਤੇ ਪੈਂਦੀ ਪੰਜਾਬ ਐਨਕਲੇਵ ਨੇੜੇ ਸੰਗਤਾਂ ਵੱਲੋਂ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਸੀ, ਉੱਥੇ ਔਰਤਾਂ ਚੁੱਲ੍ਹੇ ’ਤੇ ਇਕ ਪਾਸੇ ਰੋਟੀਆਂ ਬਣਾ ਰਹੀਆਂ ਸਨ ਕਿ ਅਚਾਨਕ ਇਕ ਬੇਕਾਬੂ ਕਾਰ ਔਰਤਾਂ ਉੱਪਰ ਚੜ੍ਹ ਗਈ।
ਰੋਟੀਆਂ ਬਣਾਉਂਦੀ ਔਰਤ ਹੰਸੋ ਦੀ ਮੌਤ ਹੋ ਗਈ, ਜਦਕਿ ਤਿੰਨ ਔਰਤਾਂ ਮਾਮੂਲੀ ਰੂਪ ਨਾਲ ਫੱਟੜ ਹੋ ਗਈਆਂ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਕਾਰ ਇਕ ਔਰਤ ਚਲਾ ਰਹੀ ਸੀ। ਇਸ ਸਬੰਧੀ ਜਦੋਂ ਥਾਣਾ ਖੇੜੀ ਗੰਡਿਆ ਦੀ ਐੱਸ. ਐੱਚ. ਓ. ਮਨਪ੍ਰੀਤ ਕੌਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।















