ਸਲਮਾਨ ਖ਼ਾਨ ਫ਼ਿਲਮ ਭਾਰਤ ਤੋਂ ਬਾਅਦ ਇੱਕ ਹੋਰ ਕੋਰੀਅਨ ਫ਼ਿਲਮ ਵੈਟਰਨ ਦੇ ਹਿੰਦੀ ਰੀਮੇਕ ‘ਚ ਕੰਮ ਕਰਦਾ ਆਵੇਗਾ ਨਜ਼ਰ …

ਕੋਰੀਅਨ ਫ਼ਿਲਮ ਦਾ ਰੀਮੇਕ ਕਰੇਗਾ ਸਲਮਾਨ
ਦਬੰਗ ਸਟਾਰ ਸਲਮਾਨ ਖ਼ਾਨ ਆਪਣੀ ਫ਼ਿਲਮ ਭਾਰਤ ਤੋਂ ਬਾਅਦ ਇੱਕ ਹੋਰ ਕੋਰੀਅਨ ਫ਼ਿਲਮ ਵੈਟਰਨ ਦੇ ਹਿੰਦੀ ਰੀਮੇਕ ‘ਚ ਕੰਮ ਕਰੇਗਾ। ਸਲਮਾਨ ਖ਼ਾਨ ਇਨ੍ਹੀਂ ਦਿਨੀਂ ਫ਼ਿਲਮ ਭਾਰਤ ਦੀ ਸ਼ੂਟਿੰਗ ਵਿੱਚ ਰੁੱਝਾ ਹੋਇਆ ਹੈ। ਇਸ ‘ਚ ਸਲਮਾਨ ਨਾਲ ਕੈਟਰੀਨਾ ਕੈਫ਼, ਸੁਨੀਲ ਗਰੋਵਰ, ਨੋਰਾ ਫ਼ਤੇਹੀ ਅਤੇ ਦਿਸ਼ਾ ਪਟਾਨੀ ਵੀ ਹਨ। ਫ਼ਿਲਮ ਦਾ ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਹੈ। ਇਹ ਫ਼ਿਲਮ ਕੋਰੀਅਨ ਫ਼ਿਲਮ ਓਡ ਟੂ ਮਾਏ ਫ਼ਾਦਰ ਦਾ ਹੀ ਹਿੰਦੀ ਰੂਪਾਂਤਰਣ ਹੈ। ਚਰਚਾ ਹੈ ਕਿ ਸਲਮਾਨ ਜਲਦ ਹੀ ਇੱਕ ਹੋਰ ਕੋਰੀਅਨ ਫ਼ਿਲਮ ਵੈਟਰਨ ਦੇ ਹਿੰਦੀ ਰੀਮੇਕ ‘ਚ ਵੀ ਕੰਮ ਕਰੇਗਾ।
ਇਹ ਐਕਸ਼ਨ ਅਤੇ ਕੌਮੇਡੀ ਦਾ ਮਿਲਗੋਭਾ ਫ਼ਿਲਮ ਹੋਵੇਗੀ ਜਿਸ ਵਿੱਚ ਸਲਮਾਨ ਖ਼ਾਨ ਇੱਕ ਜਾਸੂਸ ਦੀ ਭੂਮਿਕਾ ਨਿਭਾਏਗਾ। ਇਸ ਫ਼ਿਲਮ ਦੇ ਸਮੁੱਚੇ ਹੱਕ ਹਾਲ ਹੀ ‘ਚ ਅਤੁਲ ਅਗਨੀਹੋਤਰੀ ਦੇ ਪ੍ਰੋਡਕਸ਼ਨ ਹਾਊਸ ਨੇ ਖ਼ਰੀਦੇ ਹਨ। ਇਸ ਫ਼ਿਲਮ ‘ਚ ਸਲਮਾਨ ਦੀ ਮੌਜੂਦਗੀ ਬਾਰੇ ਇਹ ਲਗਭਗ ਫ਼ਾਈਨਲ ਹੋ ਚੁੱਕਾ ਹੈ। ਫ਼ਿਲਮ ਦੀ ਬਾਕੀ ਕਾਸਟ ਬਾਰੇ ਫ਼ਿਲਹਾਲ ਕੋਈ ਚਰਚਾ ਨਹੀਂ ਹੋਈ। 2015 ਵਿੱਚ ਰਿਲੀਜ਼ ਇਸ ਕੋਰੀਅਨ ਫ਼ਿਲਮ ਨੇ ਕੋਰੀਆ ‘ਚ ਕਮਾਈ ਪੱਖੋਂ ਬਹੁਤ ਸਾਰੇ ਰਿਕਾਰਡ ਤੋੜੇ ਸਨ। ਇਹ ਕੋਰੀਅਨ ਸਿਨੇਮਾ ਦੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸਾਬਤ ਹੋਈ ਹੈ।
ਫ਼ਿਲਮ ਦੀ ਕਹਾਣੀ ਇੱਕ ਜਾਸੂਸ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਉਸ ਦੇ ਸਾਹਮਣੇ ਅਜਿਹੇ ਹਾਲਾਤ ਵੀ ਪੈਦਾ ਹੁੰਦੇ ਹਨ ਜੋ ਕੌਮੇਡੀ ਪੈਦਾ ਕਰਦੇ ਹਨ। ਵੈਸੇ ਸਲਮਾਨ ਇਸ ਵਕਤ ਭਾਰਤ ਦੀ ਸ਼ੂਟਿੰਗ ‘ਚ ਵਿਅਸਤ ਹੈ। ਇਹ ਫ਼ਿਲਮ ਇਸ ਸਾਲ ਈਦ ਮੌਕੇ ਰਿਲੀਜ਼ ਕੀਤੀ ਜਾਵੇਗੀ। ਉਸ ਤੋਂ ਬਾਅਦ ਉਹ ਦਬੰਗ 3 ਦੀ ਸ਼ੂਟਿੰਗ ਸ਼ੁਰੂ ਕਰੇਗਾ। ਜਾਣਕਾਰੀ ਮਿਲੀ ਹੈ ਕਿ ਇਸ ਮਗਰੋਂ ਸਲਮਾਨ ਖ਼ਾਨ ਫ਼ਿਲਮ ਕਿੱਕ 2 ਦੀ ਸ਼ੂਟਿੰਗ ਸ਼ੁਰੂ ਕਰ ਸਕਦਾ ਹੈ।