ਜੋਹਾਨਸਬਰਗ- ਗੇਂਦ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਕ੍ਰਿਕਟ ਆਸਟਰੇਲੀਆ ਨੇ ਸਖਤ ਰੁਖ ਅਪਣਾਉਂਦਿਆਂ ਅੱਜ ਟੈਸਟ ਟੀਮ ਦੇ ਕਪਤਾਨ ਸਟੀਵ ਸਮਿਥ, ਡੇਵਿਡ ਵਾਰਨਰ ਤੇ ਕੈਮਰਨ ਬੈਨਕ੍ਰਾਫ਼ਟ ਨੂੰ ਦੋਸ਼ੀ ਬਣਾਉਂਦਿਆਂ ਦੱਖਣੀ ਅਫ਼ਰੀਕਾ ਵਿਰੁੱਧ ਚੌਥੇ ਟੈਸਟ ਦੀ ਟੀਮ ਤੋਂ ਬਾਹਰ ਕਰ ਦਿੱਤਾ ਹੈ, ਜਦਕਿ ਕੋਚ ਡੈਰੇਨ ਲੀਮੈਨ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦਿੱਤੀ ਗਈ ਹੈ।
ਸੀ. ਏ. ਦੇ ਸੀ. ਈ. ਓ. ਜੇਮਸ ਸਦਰਲੈਂਡ ਨੇ ਇਨ੍ਹਾਂ ਤਿੰਨਾਂ ਖਿਡਾਰੀਆਂ ਦੇ ਇਲਾਵਾ ਬਾਕੀ ਟੀਮ ਕੇ ਕੋਚਾਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸਦੇ ਬਾਰੇ ਵਿੱਚ ਜਾਣਕਾਰੀ ਨਹੀਂ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਕੋਚ ਡੇਰੇਨ ਲੀਮੈਨ ਆਪਣੇ ਅਹੁਦੇ ‘ਤੇ ਬਣੇ ਰਹਿਣਗੇ।
ਸਦਰਲੈਂਡ ਨੇ ਨਾਲ ਹੀ ਦੱਸਿਆ ਕਿ ਇਨ੍ਹਾਂ ਤਿੰਨੇ ਕ੍ਰਿਕਟਰਾਂ ਵਿਰੁੱਧ ਅਗਲੇ 24 ਘੰਟੇ ਵਿੱਚ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਤੇ ਇਨ੍ਹਾਂ ਨੂੰ ਵਤਨ ਭੇਜਿਆ ਜਾਵੇਗਾ। ਗਲੈਨ ਮੈਕਸਵੈੱਲ, ਮੈਥਿਊ ਰੇਨਸ਼ੋ ਤੇ ਜੋ ਬਰਨਸ ਇਨ੍ਹਾਂ ਤਿੰਨੇ ਖਿਡਾਰੀਆਂ ਦੀ ਜਗ੍ਹਾ ਟੈਸਟ ਟੀਮ ਵਿੱਚ ਲੈਣਗੇ, ਜਦਕਿ ਟਿਮ ਪੇਨ ਨੂੰ 30 ਮਾਰਚ ਤੋਂ ਸ਼ੁਰੂ ਹੋ ਰਹੇ ਚੌਥੇ ਟੈਸਟ ਲਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਸਦਰਲੈਂਡ ਨੇ ਇੱਥੇ ਖਚਾਖਚ ਭਰੀ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਇਨ੍ਹਾਂ ਤਿੰਨੇ ਕ੍ਰਿਕਟਰਾਂ ਦੇ ਮਾਮਲੇ ਵਿੱਚ ਮਹੱਤਵਪੂਰਨ ਸਜ਼ਾ ਸੁਣਾਉਣ ਦੀ ਸੋਚ ਰਹੇ ਹਾਂ। ਇਸ ਨਾਲ ਘਟਨਾ ਦੀ ਗੰਭੀਰਤਾ ਤੇ ਆਸਟਰੇਲੀਆਈ ਕ੍ਰਿਕਟ ਨੂੰ ਹੋਏ ਨੁਕਸਾਨ ਦਾ ਪਤਾ ਲੱਗੇਗਾ।












