ਸਚਿਨ ਅਤੇ ਧੋਨੀ ਤੋਂ ਬਾਅਦ ਵਿਰਾਟ ਨੂੰ ਮਿਲੇਗਾ ਖੇਡ ਦਾ ਸਭ ਤੋਂ ਵੱਡਾ ਸਨਮਾਨ

sports-news-300x150ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਖਿਡਾਰੀਆਂ ‘ਚ ਸ਼ਾਮਲ ਟੀਮ ਇੰਡੀਆ ਦੇ ਧਮਾਕੇਦਾਰ ਖਿਡਾਰੀ ਵਿਰਾਟ ਕੋਹਲੀ ਨੂੰ ਖੇਡ ਦੇ ਸਭ ਤੋਂ ਵੱਡੇ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਸਿਫ਼ਾਰਸ਼ ਕੀਤੀ ਹੈ। ਵਿਰਾਟ ਤੋਂ ਇਲਾਵਾ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਣੇ ਦਾ ਨਾਂ ਅਰਜੁਨ ਪੁਰਸਕਾਰ ਦੇ ਲਈ ਭੇਜਿਆ ਗਿਆ ਹੈ।
ਵਿਰਾਟ ਕੋਹਲੀ ਇਸ ਸਮੇਂ ਆਪਣੀ ਜ਼ਿੰਦਗੀ ਦੇ ਸੁਨਹਿਰੇ ਪਲ ਤੋਂ ਗੁਜ਼ਰ ਰਹੇ ਹਨ। ਉਹ ਆਈ.ਸੀ.ਸੀ. ਕ੍ਰਿਕਟ ਦੀ ਵਨਡੇ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਅਤੇ ਟੀ-20 ‘ਚ ਪਹਿਲੇ ਨੰਬਰ ‘ਤੇ ਕਾਬਜ ਹਨ। ਉਨ੍ਹਾਂ ਨੂੰ 2014-15 ਆਸਟ੍ਰੇਲੀਆ ਦੌਰੇ ਦੇ ਦੌਰਾਨ ਧੋਨੀ ਦੇ ਟੈਸਟ ਤੋਂ ਸੰਨਿਆਸ ਲੈਣ ਦੇ ਬਾਅਦ ਟੀਮ ਇੰਡੀਆ ਦੀ ਟੈਸਟ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ।
ਵਿਰਾਟ ਨੇ ਆਪਣੀ ਬੱਲੇਬਾਜ਼ੀ ਨਾਲ ਸਾਰੇ ਦਿੱਗਜ ਖਿਡਾਰੀਆਂ ਨੂੰ ਆਪਣਾ ਮੁਰੀਦ ਬਣਨ ‘ਤੇ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਦੇ ਪ੍ਰਦਰਸ਼ਨ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ 2014 ਅਤੇ 2016 ਟੀ-20 ਵਰਲਡ ਕੱਪ ‘ਚ ਪਲੇਅਰ ਆਫ਼ ਦਿ ਟੂਰਨਾਮੈਂਟ ਵੀ ਚੁਣਿਆ ਗਿਆ। ਜੇਕਰ ਕੋਹਲੀ ਨੂੰ ਇਹ ਐਵਾਰਡ ਮਿਲਦਾ ਹੈ ਤਾਂ ਉਹ ਸਚਿਨ ਤੇਂਦੁਲਕਰ (1997-98) ਅਤੇ ਮਹਿੰਦਰ ਸਿੰਘ ਧੋਨੀ (2007-08) ਦੇ ਬਾਅਦ ਤੀਜੇ ਅਜਿਹੇ ਕ੍ਰਿਕਟਰ ਬਣਨਗੇ ਜਿਸ ਨੂੰ ਇਸ ਖੇਡ ਰਤਨ ਨਾਲ ਨਵਾਜਿਆ ਗਿਆ ਹੋਵੇ। ਦੱਸ ਦਈਏ ਕਿ ਖੇਡ ਰਤਨ ਐਵਾਰਡੀ ਨੂੰ 7.5 ਲੱਖ ਰੁਪਏ ਅਤੇ ਅਰਜੁਨ ਐਵਾਰਡੀ ਨੂੰ ਪੰਜ ਲੱਖ ਰੁਪਏ ਦੀ ਇਨਾਮੀ ਰਕਮ ਦਿੱਤੀ ਜਾਂਦੀ ਹੈ।