
ਆਬੂ ਧਾਬੀ – ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਸ਼ੇਨ ਵਾਟਸਨ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਉਹ ਹੁਣ IPL ਦੀ ਕਿਸੇ ਵੀ ਟੀਮ ਵਲੋਂ ਖੇਡਦੇ ਹੋਏ ਨਹੀਂ ਦਿਖਾਈ ਦੇਣਗੇ। ਵਾਟਸਨ ਨੇ ਇਸਦੀ ਜਾਣਕਾਰੀ ਸਭ ਤੋਂ ਪਹਿਲਾਂ ਆਪਣੀ ਟੀਮ ਚੇਨਈ ਦੇ ਸਾਥੀ ਖਿਡਾਰੀਆਂ ਨੂੰ ਦਿੱਤੀ।
ਚੇਨਈ ਸੁਪਰ ਕਿੰਗਜ਼ ਦੇ ਆਖ਼ਰੀ ਮੈਚ ‘ਚ ਜਿੱਤ ਤੋਂ ਬਾਅਦ ਸ਼ੇਨ ਵਾਟਸਨ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਆਪਣੇ ਇਸ ਫ਼ੈਸਲੇ ਬਾਰੇ ਦੱਸਿਆ। ਇਸ ਦੌਰਾਨ ਉਹ ਬੇਹੱਦ ਭਾਵੁਕ ਵੀ ਸੀ। ਉਨ੍ਹਾਂ ਨੇ ਕਿਹਾ ਕਿ ਚੇਨਈ ਸੁਪਰ ਕਿੰਗਜ਼ ਵਰਗੀ ਟੀਮ ਨਾਲ ਖੇਡਣਾ ਅਤੇ ਜੁੜਨਾ ਬਹੁਤ ਖ਼ੁਸ਼ਕਿਸਮਤੀ ਦੀ ਗੱਲ ਸੀ। ਸੂਤਰਾਂ ਦੇ ਅਨੁਸਾਰ ਉਸ ਨੂੰ ਚੇਨਈ ਦੇ ਸਪੋਰਟ ਸਟਾਫ਼ ਨਾਲ ਜੋੜਿਆ ਜਾ ਸਕਦਾ ਹੈ।
ਵਾਟਸਨ ਦੇ ਸੰਨਿਆਸ ਲੈਣ ‘ਤੇ ਉਸ ਦੇ ਅਤੇ ਚੇਨਈ ਸੁਪਰ ਕਿੰਗਜ਼ ਦੇ ਫ਼ੈਨਜ਼ ਬਹੁਤ ਇਮੋਸ਼ਨਲ ਹੋ ਗਏ। ਫ਼ੈਨਜ਼ ਨੇ ਵਾਟਸਨ ਦੇ ਸੰਨਿਆਸ ‘ਤੇ ਉਸ ਦੀਆਂ ਖਾਸ ਪਾਰੀਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਚੇਨਈ ਟੀਮ ਦੇ ਫ਼ੈਨਜ਼ ਵੀ ਆਪਣੇ ਇਸ ਬੱਲੇਬਾਜ਼ ਤੋਂ ਦੁਖੀ ਹਨ ਅਤੇ ਉਨ੍ਹਾਂ ਨੂੰ ਵਧੀਆ ਵਿਦਾਈ ਦੇਣ ਦੇ ਲਈ ਸੋਸ਼ਲ ਮੀਡੀਆ ‘ਤੇ ਥੈਂਕਿਯੂ ਵਾਟਸਨ ਲਿਖ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ੇਨ ਵਾਟਸਨ ਨੇ ਆਪਣੇ IPL ਦੀ ਸ਼ੁਰੂਆਤ 2008 ਤੋਂ ਰਾਜਸਥਾਨ ਟੀਮ ਦੇ ਨਾਲ ਕੀਤੀ ਸੀ। ਵਾਟਸਨ ਨੇ IPL ‘ਚ 145 ਮੈਚ ਖੇਡੇ ਹਨ ਜਿਸ ‘ਚ ਉਨ੍ਹਾਂ ਨੇ 3,874 ਦੌੜਾਂ ਬਣਾਈਆਂ ਹਨ। ਵਾਟਸਨ ਨੇ IPL ‘ਚ ਚਾਰ ਸੈਂਕੜੇ ਵੀ ਲਗਾਏ ਹਨ ਜਿਸ ‘ਚ ਉਸ ਦੀ ਫ਼ਾਈਨਲ ‘ਚ ਖੇਡੀ ਗਈ ਸੈਂਕੜੇ ਵਾਲੀ ਪਾਰੀ ਵੀ ਸ਼ਾਮਿਲ ਹੈ।












