ਚੰਡੀਗੜ੍ਹ— ਪੰਜਾਬ ਪੁਲਸ ਦੀ ਐੱਸ. ਆਈ. ਟੀ. ਬਰਗਾੜੀ ਕੇਸ ਦੇ ਮੁਖ ਸਾਜਿਸ਼ ਕਰਤਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰ ਦੋਸ਼ੀਆਂ ਨੂੰ ਜਲਦੀ ਹੀ ਗਿ੍ਰਫ਼ਤਾਰ ਕਰੇਗੀ। ਇਸ ਦੇ ਲਈ ਅਦਾਲਤ ’ਚ ਜਲਦੀ ਚਲਾਨ ਪੇਸ਼ ਕੀਤਾ ਜਾਵੇਗਾ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਨੇਤਾਵਾਂ ਨੂੰ 467 ਪੰਨਿਆਂ ਦੀ ਅੰਤਿਮ ਰਿਪੋਰਟ ਸੌਂਪੀ ਸੀ। ਇਸ ’ਚ ਬੇਅਦਬੀ ਦੀ ਪੂਰੀ ਘਟਨਾ ਦੀ ਸ਼ੁਰੂਆਤ ਤੋਂ ਜਾਣਕਾਰੀ ਦਿੱਤੀ ਗਈ ਹੈ।
ਰਿਪੋਰਟ ਦੇ ਮੁਤਾਬਕ ਬੇਅਦਬੀ ਦੇ ਤਿੰਨ ਮਾਮਲਿਆਂ ’ਚ ਡੇਰਾ ਮੁਖੀ ਸਾਜਿਸ਼ ਕਰਤਾ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪੈਰੋਕਾਰ ਹਰਸ਼ ਪੁਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ ਦੀ ਗਿ੍ਰਫ਼ਤਾਰੀ ਬਾਕੀ ਹੈ। ਸਾਲ 2007 ਤੋਂ ਪਹਿਲਾਂ ਡੇਰਾ ਸੱਚਾ ਸੌਦਾ ਅਕੇ ਸਿੱਖ ਭਾਈਚਾਪੇ ’ਚ ਕੋਈ ਵਿਨਾਦ ਨਹੀਂ ਸੀ ਪਰ ਮਈ 2007 ’ਚ ਜਦੋਂ ਡੇਰਾ ਮੁਖੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪੌਸ਼ਾਕ ਪਹਿਨ ਕੇ ਡੇਰਾ ਪ੍ਰੇਮੀਆਂ ਨੂੰ ਜਾਮ-ਏ-ਇੰਸਾਂ ਪਿਲਾਉਣ ਅਤੇ ਅੰਮ੍ਰਿਤ ਛਕਾਉਣ ਦੀ ਨਕਲ ਕੀਤੀ ਤਾਂ ਪੂਰੇ ਪੰਜਾਬ ’ਚ ਹੀ ਨਹੀਂ ਸਗੋਂ ਭਾਰਤ ਅਤੇ ਵਿਸ਼ਵ ਭਰ ’ਚ ਵਸੇ ਸਿੱਖਾਂ ਨੇ ਸਖ਼ਤ ਵਿਰੋਧ ਕੀਤਾ। ਇਸ ਦੌਰਾਨ ਕਈ ਖ਼ੂਨੀ ਝੜਪਾਂ ਹੋਈਆਂ ਅਤੇ ਜਨਤਕ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ।
ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕਰਕੇ ਡੇਰਾ ਪ੍ਰੇਮੀਆਂ ਦੇ ਨਾਲ ਰੋਟੀ-ਬੇਟੀ ਦਾ ਸੰਬੰਧ ਨਾ ਰੱਖਣ ਦੇ ਆਦੇਸ਼ ਦਿੱਤੇ ਗਏ। ਉਥੇ ਹੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਉਣ ਦੇ ਦੋਸ਼ ’ਚ ਡੇਰਾ ਮੁਖੀ ਖ਼ਿਲਾਫ਼ ਬਠਿੰਡਾ ਦੇ ਥਾਣੇ ’ਚ ਕੇਸ ਵੀ ਦਰਜ ਕੀਤਾ ਗਿਆ। ਹੁਕਮਨਾਮੇ ਤੋਂ ਬਾਅਦ ਡੇਰਾ ਮੁਖੀ ਨੇ ਮੁਆਫ਼ੀ ਵੀ ਮੰਗੀ ਸੀ ਪਰ ਸਿੰਘ ਸਾਹਿਬਾਨ ਨੇ ਮੁਆਫ਼ੀ ਮੰਗਣ ਦੇ ਤਰੀਕੇ ’ਤੇ ਇਤਰਾਜ਼ ਜਤਾਉਂਦੇ ਹੋਏ ਮੁਆਫ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਡੇਰਾ ਸੱਚਾ ਸੌਦਾ ਅਤੇ ਸਿੱਖ ਧਾਰਮਿਕ ਨੇਤਾਵਾਂ ਵਿਚਾਲੇ ਕਾਫ਼ੀ ਤਣਾਅ ਵੱਧਣ ਲੱਗਾ। ਸਿੱਖ ਧਰਮ ਦੇ ਪ੍ਰਚਾਰਕ, ਜਿਨ੍ਹਾਂ ’ਚ ਰਣਜੀਤ ਸਿੰਘ ਢੱਡਰੀਆਂਵਾਲੇ, ਸੰਤ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ ਖਾਲਸਾ, ਭਾਈ ਦੇਲਰ ਸਿੰਘ ਖੇੜੀਵਾਲੇ, ਭਾਈ ਹਰਜਿੰਦਰ ਸਿੰਘ ਮਾਝੀ ਨੇ ਆਪਣੇ ਦੀਵਾਨਾਂ ’ਤੇ ਡੇਰੇ ਖ਼ਿਲਾਫ਼ ਖੁੱਲ੍ਹ ਕੇ ਪ੍ਰਚਾਰ ਕੀਤਾ।














