ਸ਼ੰਕਰ ਸਾਊਥ ਫ਼ਿਲਮ ਇੰਡਸਟਰੀ ਦਾ ਮਸ਼ੂਹਰ ਨਿਰਦੇਸ਼ਕ ਹੈ। ਹਿੰਦੀ ਸਿਨੇਮਾ ਦੇ ਦਰਸ਼ਕ ਉਸ ਨੂੰ ਰੋਬੌਟ ਅਤੇ 2.0 ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਨ ਕਾਰਨ ਜਾਣਦੇ ਹਨ। ਸ਼ੰਕਰ ਵੱਡੇ ਬਜਟ ਵਾਲੀਆਂ ਸ਼ਾਨਦਾਰ ਫ਼ਿਲਮਾਂ ਬਣਾਉਣਾ ਪਸੰਦ ਕਰਦਾ ਹੈ ਅਤੇ ਰਜਨੀਕਾਂਤ ਨਾਲ ਅਜਿਹੀਆਂ ਕੁੱਝ ਫ਼ਿਲਮਾਂ ਬਣਾ ਵੀ ਚੁੱਕਾ ਹੈ। ਬੌਲੀਵੁਡ ਸਟਾਰ ਰਿਤਿਕ ਰੌਸ਼ਨ ਨਾਲ ਕੰਮ ਕਰਨ ਦੀ ਸ਼ੰਕਰ ਦੀ ਪੁਰਾਣੀ ਇੱਛਾ ਸੀ। ਇਸ ਲਈ ਸ਼ੰਕਰ ਨੇ ਰਿਤਿਕ ਨਾਲ ਕਈ ਵਾਰ ਸੰਪਰਕ ਵੀ ਕੀਤਾ।
ਹੁਣ ਉਸ ਨੇ ਰਿਤਿਕ ਨੂੰ ਇੱਕ ਨਵੇਂ ਪ੍ਰੌਜੈਕਟ ਦੀ ਪੇਸ਼ਕਸ਼ ਕੀਤੀ ਹੈ। ਇਹ ਇੱਕ ਵੈੱਬ ਸੀਰੀਜ਼ ਹੈ। ਜੇ ਰਿਤਿਕ ਇਸ ਲਈ ਹਾਮੀ ਭਰਦਾ ਹੈ ਤਾਂ ਇਹ ਉਸ ਦੀ ਡੈਬਿਊ ਵੈੱਬ ਸੀਰੀਜ਼ ਹੋਵੇਗੀ। ਸ਼ੰਕਰ ਪਹਿਲਾਂ ਇਸ ਨੂੰ ਫ਼ਿਲਮ ਦਾ ਰੂਪ ਦੇਣਾ ਚਾਹੁੰਦਾ ਸੀ, ਪਰ ਨਿਰਮਾਤਾਵਾਂ ਨੇ ਇਸ ਨੂੰ ਵੈੱਬ ਸੀਰੀਜ਼ ਬਣਾਉਣ ਲਈ ਕਿਹਾ। ਇਸ ਦਾ ਬਜਟ ਕਾਫ਼ੀ ਵੱਡਾ ਹੈ ਅਤੇ ਸ਼ੰਕਰ ਵੀ ਹੁਣ ਇਸ ਨੂੰ ਵੈੱਬ ਸੀਰੀਜ਼ ਵਜੋਂ ਹੀ ਬਣਾਉਣਾ ਚਾਹੁੰਦਾ ਹੈ। ਉਸ ਨੂੰ ਕੇਵਲ ਰਿਤਿਕ ਦੀ ਹਾਮੀ ਦੀ ਉਡੀਕ ਹੈ। ਰਿਤਿਕ ਕਾਫ਼ੀ ਸਮੇਂ ਤੋਂ ਬਹੁਤ ਘੱਟ ਫ਼ਿਲਮਾਂ ਕਰ ਰਿਹਾ ਹੈ।
ਇਸ ਸਾਲ 30 ਜੁਲਾਈ ਨੂੰ ਉਸ ਦੀ ਫ਼ਿਲਮ ਸੁਪਰ 30 ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਸ ਦੀ ਇੱਕ ਐਕਸ਼ਨ ਫ਼ਿਲਮ ਟਾਈਗਰ ਸ਼ੈਰੌਫ਼ ਨਾਲ ਅਕਤੂਬਰ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ। ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ‘ਚ ਚੱਲ ਰਹੀ ਉਸ ਦੀ ਫ਼ਿਲਮ ਕ੍ਰਿਸ਼ 4 ਕਦੋਂ ਬਣੇਗੀ ਇਸ ਬਾਰੇ ਕੁੱਝ ਵੀ ਕਹਿਣਾ ਮੁਸ਼ਕਿਲ ਹੈ। ਦੂਜੇ ਪਾਸੇ ਸ਼ੰਕਰ ਇਸ ਵਕਤ 1996 ‘ਚ ਰਿਲੀਜ਼ ਹੋਈ ਫ਼ਿਲਮ ਇੰਡੀਅਨ ਦਾ ਸੀਕੁਅਲ ਬਣਾ ਰਿਹਾ ਹੈ। ਇਸ ਵਿੱਚ ਕਮਲ ਹਾਸਨ ਭੂਮਿਕਾ ਨਿਭਾਏਗਾ। ਇਸ ਫ਼ਿਲਮ ‘ਚ ਨੈਗੇਟਿਵ ਭੂਮਿਕਾ ਲਈ ਅਕਸ਼ੇ ਨੂੰ ਵੀ ਅਪ੍ਰੋਚ ਕੀਤਾ ਗਿਆ ਹੈ।











