ਵੀਰਭੱਦਰ ਸਿੰਘ ਦੇ ਦਿਹਾਂਤ ’ਤੇ PM ਮੋਦੀ, ਰਾਹੁਲ-ਪਿ੍ਰਅੰਕਾ ਨੇ ਜਤਾਇਆ ਸੋਗ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਦਿਹਾਂਤ ’ਤੇ ਸੋਗ ਜਤਾਇਆ। ਉਨ੍ਹਾਂ ਕਿਹਾ ਕਿ ਵੀਰਭੱਦਰ ਸਿੰਘ ਨੇ ਸੂਬੇ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਲੋਕਾਂ ਦੀ ਸੇਵਾ ਕੀਤੀ। ਦੱਸ ਦੇਈਏ ਕਿ ਕਾਂਗਰਸ ਨੇਤਾ ਵੀਰਭੱਦਰ ਸਿੰਘ ਦਾ ਲੰਬੀ ਬੀਮਾਰੀ ਤੋਂ ਬਾਅਦ ਵੀਰਵਾਰ ਤੜਕੇ ਦਿਹਾਂਤ ਹੋ ਗਿਆ। ਉਹ 87 ਸਾਲ ਦੇ ਸਨ। 5 ਵਾਰ ਸੰਸਦ ਮੈਂਬਰ ਅਤੇ 9 ਵਾਰ ਵਿਧਾਇਕ ਰਹੇ ਵੀਰਭੱਦਰ ਸਿੰਘ 6 ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਉਹ ਕੇਂਦਰ ਸਰਕਾਰ ’ਚ ਵੀ ਮੰਤਰੀ ਰਹੇ।
ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਵੀਰਭੱਦਰ ਸਿੰਘ ਦਾ ਲੰਬਾ ਸਿਆਸੀ ਜੀਵਨ ਰਿਹਾ, ਜੋ ਕਿ ਪ੍ਰਸ਼ਾਸਨਿਕ ਅਤੇ ਕਾਨੂੰਨੀ ਤਜਰਬਿਆਂ ਨਾਲ ਭਰਿਆ ਹੋਇਆ ਸੀ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਪਰਿਵਾਰ ਦੇ ਮੈਂਬਰਾਂ ਅਤੇ ਸਮਰਥਕਾਂ ਪ੍ਰਤੀ ਮੇਰੀ ਹਮਦਰਦੀ ਹੈ।
ਓਧਰ ਕਾਂਗਰਸ ਨੇਤਾ ਰਾਹੁਲ ਗਾਂਧੀ, ਪਾਰਟੀ ਜਨਰਲ ਸੱਕਤਰ ਪਿ੍ਰਅੰਕਾ ਗਾਂਧੀ ਵਾਡਰਾ ਅਤੇ ਕਈ ਹੋਰ ਕਾਂਗਰਸ ਆਗੂਆਂ ਨੇ ਵੀਰਭੱਦਰ ਸਿੰਘ ਦੇ ਦਿਹਾਂਤ ’ਤੇ ਦੁੱਖ ਜਤਾਇਆ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਵੀਰਭੱਦਰ ਸਿੰਘ ਜੀ ਸਹੀ ਮਾਇਨਿਆਂ ਵਿਚ ਇਕ ਮਜ਼ਬੂਤ ਆਗੂ ਸਨ। ਜਨਤਾ ਅਤੇ ਕਾਂਗਰਸ ਦੀ ਸੇਵਾ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਆਖੀਰ ਤੱਕ ਮਿਸਾਲੀ ਰਹੀ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਹਮਦਰਦੀ ਹੈ। ਅਸੀਂ ਉਨ੍ਹਾਂ ਦੀ ਕਮੀ ਮਹਿਸੂਸ ਕਰਾਂਗੇ।
ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਸਿਆਸਤ ’ਚ ਵਿਸ਼ਾਲ ਪਰਬਤਾਂ ਵਰਗਾ ਕੱਦ ਰੱਖਣ ਵਾਲੇ ਅਤੇ ਦੇਵਭੂਮੀ ਹਿਮਾਚਲ ਨੂੰ ਨਵੀਆਂ ਉੱਚਾਈਆਂ ’ਤੇ ਲੈ ਜਾਣ ਵਾਲੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਵੀਰਭੱਦਰ ਸਿੰਘ ਜੀ ਦੇ ਦੇਹਾਂਤ ਤੋਂ ਸਾਨੂੰ ਸਾਰਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਵੀਰਭੱਦਰ ਸਿੰਘ ਜੀ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਵੇ। ਸ਼ਰਧਾਂਜਲੀ।