ਵਿੱਤ ਮੰਤਰੀ ਸੀਤਾਰਮਨ ਬੋਲ੍ਹੇ, ਕਿਹਾ-ਦੇਸ਼ ‘ਚ ਰੁਜ਼ਗਾਰ ਦੇ ਮੌਕਿਆਂ ‘ਚ ਵਾਧਾ

ਬਿਜ਼ਨੈੱਸ ਡੈਸਕ : ਨਵੇਂ ਸੰਸਦ ਭਵਨ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਵਿੱਤੀ ਸਾਲ 2024-25 ਦਾ ਅੰਤਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ‘ਪਿਛਲੇ 10 ਸਾਲਾਂ ‘ਚ ਭਾਰਤੀ ਅਰਥਵਿਵਸਥਾ ‘ਚ ਬੇਮਿਸਾਲ ਬਦਲਾਅ ਆਇਆ ਹੈ। 2014 ਵਿੱਚ, ਦੇਸ਼ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ, ਸਰਕਾਰ ਨੇ ਉਨ੍ਹਾਂ ਚੁਣੌਤੀਆਂ ਨੂੰ ਪਾਰ ਕੀਤਾ ਅਤੇ ਲੋਕ ਪੱਖੀ ਸੁਧਾਰ ਕੀਤੇ।’ ਇਸ ਦੇ ਨਾਲ ਹੀ ਦੇਸ਼ ਵਿਚ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਹੋਇਆ ਹੈ। 2047 ਤੱਕ ਵਿਕਸਿਤ ਭਾਰਤ ਦਾ ਸੁਫ਼ਨਾ ਹੈ।
ਉਹਨਾਂ ਨੇ ਕਿਹਾ ਕਿ ਦੇਸ਼ ਨੇ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ‘ਤੇ ਕਾਬੂ ਪਾਇਆ ਅਤੇ ਆਤਮ-ਨਿਰਭਰ ਭਾਰਤ ਦੀ ਨੀਂਹ ਰੱਖੀ। ਇਸ ਦੇ ਨਾਲ ਹੀ ਢਾਂਚਾਗਤ ਸੁਧਾਰਾਂ, ਲੋਕ-ਪੱਖੀ ਪ੍ਰੋਗਰਾਮਾਂ ਅਤੇ ਰੁਜ਼ਗਾਰ ਦੇ ਮੌਕਿਆਂ ਨੇ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਅਗਲੇ ਪੰਜ ਸਾਲ ਬੇਮਿਸਾਲ ਵਿਕਾਸ ਦੇ ਹੋਣਗੇ। ਸਰਕਾਰ ਦਾ ਫੋਕਸ ਜੀਡੀਪੀ, ਬਿਹਤਰ ਪ੍ਰਸ਼ਾਸਨ, ਵਿਕਾਸ ਅਤੇ ਪ੍ਰਦਰਸ਼ਨ ‘ਤੇ ਰਹੇਗਾ। ਕੋਵਿਡ ਮਹਾਂਮਾਰੀ ਦੇ ਬਾਵਜੂਦ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਤਹਿਤ ਤਿੰਨ ਕਰੋੜ ਘਰ ਮੁਹੱਈਆ ਕਰਵਾਏ ਗਏ, ਪਰਿਵਾਰਾਂ ਨੂੰ ਦੋ ਕਰੋੜ ਨਵੇਂ ਘਰ ਵੀ ਦਿੱਤੇ ਜਾਣਗੇ।
ਦੱਸ ਦੇਈਏ ਕਿ ਨਿਰਮਲਾ ਸੀਤਾਰਮਨ ਕੇਂਦਰੀ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦਾ ਇਹ ਲਗਾਤਾਰ ਛੇਵਾਂ ਬਜਟ ਪੇਸ਼ ਕਰ ਰਹੀ ਹੈ। ਇਹ ਮੋਦੀ ਸਰਕਾਰ ਦੇ ਕਾਰਜਕਾਲ ਦਾ ਦੂਜਾ ਅੰਤਰਿਮ ਬਜਟ ਹੈ। ਇਹ ਅੰਤਰਿਮ ਬਜਟ ਮੁੱਖ ਤੌਰ ‘ਤੇ ਨਵੀਂ ਸਰਕਾਰ ਦੇ ਚਾਰਜ ਸੰਭਾਲਣ ਤੱਕ ਜ਼ਰੂਰੀ ਸੇਵਾਵਾਂ ਨੂੰ ਕਾਇਮ ਰੱਖਣ ‘ਤੇ ਕੇਂਦ੍ਰਤ ਕਰਦਾ ਹੈ। ਇਸ ਬਜਟ ਤੋਂ ਲੋਕਾਂ ਨੂੰ ਕਈ ਉਮੀਦਾਂ ਹਨ।