ਆਮਿਰ ਨੇ ਨਿਰਦੇਸ਼ਕ ਨਿਤੇਸ਼ ਤਿਵਾੜੀ ਨਾਲ ਦੰਗਲ ਫ਼ਿਲਮ ਕੀਤੀ ਸੀ। ਹੁਣ ਉਹ ਇੱਕ ਵਾਰ ਫ਼ਿਰ ਉਸ ਦੀ ਅਗਲੀ ਫ਼ਿਲਮ ਛਿਛੋਰੇ ‘ਚ ਨਜ਼ਰ ਆਵੇਗਾ …

ਛਿਛੋਰੇ ‘ਚ ਆਮਿਰ ਦਾ ਦਿਲਚਸਪ ਕਿਰਦਾਰ
ਆਮਿਰ ਖ਼ਾਨ ਨੇ ਕੁੱਝ ਦਿਨ ਪਹਿਲਾਂ ਆਪਣੇ ਜਨਮ ਦਿਨ ਮੌਕੇ ਆਪਣੀ ਅਗਲੀ ਫ਼ਿਲਮ ਲਾਲ ਸਿੰਘ ਚੱਢਾ ‘ਦਾ ਐਲਾਨ ਕੀਤਾ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਆਮਿਰ ਇਸ ਤੋਂ ਪਹਿਲਾਂ ਇੱਕ ਹੋਰ ਫ਼ਿਲਮ ‘ਚ ਨਜ਼ਰ ਆਵੇਗਾ। ਸੂਤਰਾਂ ਮੁਤਾਬਿਕ, ਉਹ ਨਿਰਦੇਸ਼ਕ ਨਿਤੇਸ਼ ਤਿਵਾੜੀ ਦੀ ਫ਼ਿਲਮ ਛਿਛੋਰੇ ‘ਚ ਇੱਕ ਕੈਮਿਓ ਰੋਲ ਕਰੇਗਾ। ਇਸ ‘ਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਸ਼੍ਰਧਾ ਕਪੂਰ ਮੁੱਖ ਭੂਮਿਕਾ ਨਿਭਾਉਣਗੇ। ਫ਼ਿਲਮ ਦਾ ਨਿਰਮਾਣ ਸਾਜਿਦ ਨਾਡਿਆਡਵਾਲਾ ਕਰੇਗਾ।
ਫ਼ਿਲਮ ਦੰਗਲ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਨਿਤੇਸ਼ ਅਤੇ ਆਮਿਰ ਇਕੱਠੇ ਕੰਮ ਕਰਨਗੇ। ਭਾਵੇਂ ਆਮਿਰ ਦਾ ਰੋਲ ਛੋਟਾ ਹੈ, ਪਰ ਇਹ ਹੋਵੇਗਾ ਕਾਫ਼ੀ ਅਹਿਮ। ਸੂਤਰਾਂ ਅਨੁਸਾਰ, ਆਮਿਰ ਨੂੰ ਫ਼ਿਲਮ ਦੀ ਸਕ੍ਰਿਪਟ ਕਾਫ਼ੀ ਪਸੰਦ ਆਈ ਹੈ। ਨਿਤੇਸ਼ ਨੇ ਜਦੋਂ ਉਸ ਨੂੰ ਇਸ ਰੋਲ ਬਾਰੇ ਦੱਸਿਆ ਤਾਂ ਆਮਿਰ ਨੇ ਬਿਨਾਂ ਦੇਰੀ ਇਸ ਕਿਰਦਾਰ ਲਈ ਹਾਮੀ ਭਰ ਦਿੱਤੀ। ਆਮਿਰ ਦਾ ਰੋਲ ਇੱਕ ਅੱਧਖੜ ਉਮਰ ਦੇ ਵਿਅਕਤੀ ਦਾ ਹੋਵੇਗਾ। ਜਲਦੀ ਹੀ ਇਸ ਦਾ ਰਸਮੀ ਐਲਾਨ ਵੀ ਹੋਵੇਗਾ।
ਫ਼ਿਲਮ ਛਿਛੋਰੇ ਦੀ ਗੱਲ ਕਰੀਏ ਤਾਂ ਇਹ ਦੋ ਪੀੜ੍ਹੀਆਂ ਦੇ ਲੋਕਾਂ ਦੀ ਕਹਾਣੀ ਹੈ। ਇਸ ‘ਚ ਸੁਸ਼ਾਂਤ ਅਤੇ ਬਾਕੀ ਸਾਰੇ ਕਲਾਕਾਰ ਵੱਖ-ਵੱਖ ਉਮਰ ਦੇ ਕਿਰਦਾਰ ਨਿਭਾਉਣਗੇ। ਦਿਲਚਸਪ ਗੱਲ ਇਹ ਹੈ ਕਿ ਫ਼ਿਲਮ ਵਿੱਚ ਸਾਰੇ ਕਲਾਕਾਰਾਂ ਦੇ ਡਬਲ ਰੋਲ ਹੋਣਗੇ। ਕੁੱਝ ਵਕਤ ਪਹਿਲਾਂ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਜਿਸ ‘ਚ ਹਰ ਸਟਾਰ ਦੋ ਵੱਖ-ਵੱਖ ਰੂਪਾਂ ‘ਚ ਨਜ਼ਰ ਆਇਆ।
ਇਸ ਵਕਤ ਸੁਸ਼ਾਂਤ ਸਿੰਘ ਰਾਜਪੂਤ ਦੇ ਸਿਤਾਰੇ ਬੁਲੰਦ ਹਨ। ਉਸ ਨੂੰ ਸੁਪਰਹਿੱਟ ਫ਼ਿਲਮ ਕੇਦਾਰਨਾਥ ਤੋਂ ਬਾਅਦ ਕਈ ਫ਼ਿਲਮਾਂ ਮਿਲੀਆਂ ਹਨ। ਹਾਲ ਹੀ ‘ਚ ਸੁਸ਼ਾਂਤ ਨੇ ਦੱਸਿਆ ਕਿ ਇਸ ਵਕਤ ਉਸ ਕੋਲ 12 ਫ਼ਿਲਮਾਂ ਹਨ। ਇਨ੍ਹਾਂ ‘ਚ ਉਹ ਵੱਖ-ਵੱਖ ਤਰ੍ਹਾਂ ਦੇ ਚੁਣੌਤੀਪੂਰਨ ਕਿਰਦਾਰ ਨਿਭਾਏਗਾ। ਦੂਜੇ ਪਾਸੇ, ਆਮਿਰ ਖ਼ਾਨ ਵੀ ਆਪਣੀ ਅਗਲੀ ਫ਼ਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਤਿਆਰੀਆਂ ‘ਚ ਰੁੱਝਾ ਹੋਇਆ ਹੈ। ਕੁੱਝ ਸਮਾਂ ਪਹਿਲਾਂ ਉਹ ਆਪਣੀ ਬੌਡੀ ਨੂੰ ਮੁੜ ਫ਼ਿਟ ਕਰਨ ਲਈ ਅਮਰੀਕਾ ਵੀ ਜਾ ਕੇ ਆਇਆ ਹੈ।