
ਨਵੀਂ ਦਿੱਲੀ – ਭਾਰਤੀ ਟੀਮ ਜਦੋਂ ਵੈੱਸਟ ਇੰਡੀਜ਼ ਵਿਰੁੱਧ 1983 ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਖੇਡ ਰਹੀ ਸੀ ਤਾਂ ਸ਼੍ਰੀਕਾਂਤ ਜਾਂ ਮਦਨ ਲਾਲ ਹੀ ਨਹੀਂ ਸਗੋਂ ਬਲਵਿੰਦਰ ਸਿੰਘ ਸੰਧੂ ਦਾ ਵੀ ਉਸ ਸਮੇਂ ਰੋਲ ਅਹਿਮ ਸੀ। ਟੀਮ ਇੰਡੀਆ ਜਦੋਂ ਫ਼ਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ ਸੀ ਤਾਂ ਸ਼੍ਰੀਕਾਂਤ (38), ਸੁਮਿਤ ਪਟੇਲ (27), ਮੋਹਿੰਦਰ ਅਮਰਨਾਥ (26) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵਿੰਡੀਜ਼ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸੀ ਸਕਿਆ। ਟੀਮ ਇੰਡੀਆ ਜਦੋਂ 150 ਦੌੜਾਂ ਦੇ ਨੇੜੇ-ਤੇੜੇ ਸਿਮਟਦੀ ਦਿਸ ਰਹੀ ਸੀ ਤਾਂ ਬਲਵਿੰਦਰ ਨੇ ਸਈਦ ਕਿਰਮਾਨੀ ਨਾਲ ਮਿਲ ਕੇ ਆਖਰੀ ਵਿਕਟ ਲਈ 22 ਦੌੜਾਂ ਜੋੜੀਆਂ।
ਖ਼ਾਸ ਗੱਲ ਇਹ ਰਹੀ ਕਿ ਇਸ ਭਾਈਵਾਲੀ ਦੌਰਾਨ ਬਲਵਿੰਦਰ ਦੇ ਹੈਲਮੇਟ ‘ਤੇ ਗੇਂਦ ਵੀ ਆ ਵੱਜੀ ਸੀ। ਫ਼ਿਰ ਜਦੋਂ ਸੰਧੂ ਗੇਂਦਬਾਜ਼ੀ ਲਈ ਆਇਆ ਤਾਂ ਸਾਹਮਣੇ ਗੌਰਡਨ ਗ੍ਰੀਨੇਜ ਸੀ। ਗ੍ਰੀਨੇਜ ਨੂੰ ਆਊਟ ਕੀਤੇ ਬਿਨਾਂ ਭਾਰਤ ਦੇ ਵਿਸ਼ਵ ਕੱਪ ਜਿੱਤਣ ਦੀ ਕਲਪਣਾ ਕਰਨਾ ਵੀ ਮੁਸ਼ਕਿਲ ਸੀ। ਵਿੰਡੀਜ਼ ਸਾਹਮਣੇ 184 ਦੌੜਾਂ ਦਾ ਛੋਟਾ ਜਿਹਾ ਟੀਚਾ ਸੀ, ਪਰ ਸੰਧੂ ਨੇ ਪਹਿਲੇ ਓਵਰ ਵਿੱਚ ਹੀ ਗ੍ਰੀਨੇਜ ਨੂੰ ਬੋਲਡ ਕਰ ਦਿੱਤਾ। ਸੰਧੂ ਨੇ ਬੈਕਹੁਸ ਦੀ ਵਿਕਟ ਵੀ ਕੱਢੀ। ਖ਼ਾਸ ਗੱਲ ਇੱਕ ਰਹੀ ਕਿ ਸੰਧੂ ਦਾ ਇਸ ਮੈਚ ਵਿੱਚ ਪ੍ਰਦਰਸ਼ਨ ਅਮਰ ਹੋ ਗਿਆ। ਉਹ ਭਾਰਤ ਵਲੋਂ ਸਿਰਫ਼ 22 ਵਨ ਡੇ ਹੀ ਖੇਡ ਸਕਿਆ, ਪਰ ਵਿਸ਼ਵ ਕੱਪ ਵਿੱਚ ਕੀਤਾ ਗਿਆ ਉਸ ਦਾ ਪ੍ਰਦਰਸ਼ਨ ਉਸ ਨੂੰ ਅਮਰ ਕਰ ਗਿਆ। ਜ਼ਿਕਰਯੋਗ ਹੈ ਕਿ ਕ੍ਰਿਕਟ ਵਿਸ਼ਵ ਕੱਪ 1983 ‘ਤੇ ਰਣਬੀਰ ਸਿੰਘ ਸਟਾਰਰ ਫ਼ਿਲਮ 83 ਵਿੱਚ ਬਲਵਿੰਦਰ ਸਿੰਘ ਸੰਧੂ ਦਾ ਰੋਲ ਪੰਜਾਬੀ ਅਦਾਕਾਰ ਐਮੀ ਵਿਰਕ ਨੇ ਨਿਭਾਇਆ ਹੈ।












