ਦ੍ਰਾਵਿੜ ਦੀ ਸਲਾਹ ਨੇ ਬਦਲ ਦਿੱਤੀ ਸੀ ਪੀਟਰਸਨ ਦੀ ਦੁਨੀਆਂ

Image Courtesy :jagbani(punjabkesar)

ਲੰਡਨ – ਇੰਗਲੈਂਡ ਦੇ ਸਾਬਕਾ ਕਪਤਾਨ ਕੈਵਿਨ ਪੀਟਰਸਨ ਨੇ ਆਪਣੀ ਬੱਲੇਬਾਜ਼ੀ ‘ਤੇ ਰਾਹੁਲ ਦ੍ਰਾਵਿੜ ਦੇ ਅਸਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਸਪਿਨ ਨੂੰ ਕਿਵੇਂ ਖੇਡਿਆ ਜਾਵੇ, ਇਸ ਨੂੰ ਲੈ ਕੇ ਧਾਕੜ ਭਾਰਤੀ ਬੱਲੇਬਾਜ਼ ਦੀ ਸਲਾਹ ਨੇ ਉਸ ਲਈ ਨਵੇਂ ਰਸਤੇ ਖੋਲ੍ਹ ਦਿੱਤੇ ਸਨ। ਪੀਟਰਸਨ ਨੇ ਕਿਹਾ ਕਿ IPL ਦੇ ਉਸ ਦੇ ਤਜਰਬੇ, ਦ੍ਰਾਵਿੜ ਅਤੇ ਵਰਿੰਦਰ ਸਹਿਵਾਗ ਵਰਗੇ ਵਿਸ਼ਵ ਪੱਧਰੀ ਖਿਡਾਰੀਆਂ ਨਾਲ ਖੇਡਣ ਨਾਲ ਉਸ ਨੂੰ ਆਪਣੀਆਂ ਸ਼ੌਟਾਂ ਵਿੱਚ ਵਾਧਾ ਕਰਨ ਵਿੱਚ ਮਦਦ ਮਿਲੀ।
ਪੀਟਰਸਨ ਸਾਬਕਾ ਡੈਕਨ ਚਾਰਜਰਜ਼, ਦਿੱਲੀ ਡੇਅਰਡੈਵਿਲਜ਼, ਰੌਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਰਗੀਆਂ IPL ਟੀਮਾਂ ਵਲੋਂ ਖੇਡਿਆ ਚੁੱਕਾ ਹੈ। ਇੰਗਲੈਂਡ ਦੇ ਸਾਬਕਾ ਸਟਾਰ ਬੱਲੇਬਾਜ਼ ਨੇ ਕਿਹਾ, ”ਦ੍ਰਾਵਿੜ ਨੇ ਮੈਨੂੰ ਸਭ ਤੋਂ ਖ਼ੂਬਸੂਰਤ ਈ-ਮੇਲ ਲਿਖੀ, ਸਪਿਨ ਖੇਡਣ ਦੀ ਕਲਾ ਬਾਰੇ ਦੱਸਿਆ ਅਤੇ ਓਦੋਂ ਤੋਂ ਹੀ ਮੇਰੇ ਸਾਹਮਣੇ ਇੱਕ ਨਵੀਂ ਦੁਨੀਆਂ ਸੀ।” ਸਾਲਾਂ ਤੋਂ ਵਨ ਡੇ ਬੱਲੇਬਾਜ਼ੀ ‘ਚ ਆਏ ਬਦਲਾਅ ‘ਤੇ ਚਰਚਾ ਦੌਰਾਨ ਪੀਟਰਸਨ ਨੇ ਕਿਹਾ ਹੈ ਕਿ ਸਭ ਤੋਂ ਅਹਿਮ ਇਹ ਹੈ ਕਿ ਗੇਂਦ ਨੂੰ ਸੁੱਟੇ ਜਾਂਦੇ ਹੀ ਤੁਸੀਂ ਉਸ ਦੀ ਲੈਂਥ ਨੂੰ ਦੇਖੋ, ਸਪਿਨ ਦਾ ਇੰਤਜ਼ਾਰ ਕਰੋ ਅਤੇ ਫ਼ਿਰ ਆਪਣਾ ਫ਼ੈਸਲਾ ਕਰੋ।